ਰਾਹੁਲ ਵੱਲੋਂ ਕਾਂਗਰਸ ਦਾ ਪਾਪ ਮੰਨਣ ਦੇ ਬਾਵਜੂਦ ਮਾਫ਼ੀ ਨਾ ਮੰਗਣਾ ਅਫ਼ਸੋਸਨਾਕ – ਸੁਖਬੀਰ ਬਾਦਲ

sukhbir-badal_350_042213101424ਪੰਜਾਬ ਦੇ ਕਾਂਗਰਸੀਆਂ ਨੂੰ ਜ਼ਮੀਰ ਦੀ ਆਵਾਜ਼ ਸੁਣ ਕੇ ਕਾਂਗਰਸ ਛੱਡਣ ਦੀ ਸਲਾਹ
ਚੰਡੀਗੜ੍ਹ, 28 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੱਲੋਂ 1984 ਦੇ ਦਰਦਨਾਕ ਸਿੱਖ ਵਿਰੋਧੀ ਕਤਲੇਆਮ ਵਿੱਚ ਕਾਂਗਰਸ ਪਾਰਟੀ ਦੀ ਸ਼ਮੂਲੀਅਤ ਬਾਰੇ ਕੀਤੇ ਗਏ ਖੁੱਲ੍ਹੇ ਇੰਕਸ਼ਾਫ਼ ਤੋਂ ਬਾਅਦ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੂੰ ਸੱਤਾ ਵਿੱਚ ਇਕ ਪਲ ਵੀ ਹੋਰ ਬਣੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇੱਥੇ ਜਾਰੀ ਇਕ ਬਿਆਨ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 30 ਸਾਲ ਤੱਕ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਸਿੱਖ ਵਿਰੋਧੀ ਕਤਲੇਆਮ ਉੱਤੇ ਝੂਠ……… ਬੋਲਣ ਤੋਂ ਬਾਅਦ ਅੱਜ ਰਾਹੁਲ ਵੱਲੋਂ ਕੀਤੇ ਖੁੱਲ੍ਹੇ ਇੰਕਸ਼ਾਫ਼ ਨਾਲ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ 1984 ਦੌਰਾਨ ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ ‘ਤੇ ਮੌਤ ਦਾ ਜੋ ਭਿਆਨਕ ਤਾਂਡਵ ਦੇਖਣ ਨੂੰ ਮਿਲਿਆ ਉਹ ਕਾਂਗਰਸ ਪਾਰਟੀ ਅਤੇ ਉਸ ਦੀ ਸਰਕਾਰ ਵੱਲੋਂ ਹੀ ਕਰਵਾਇਆ ਗਿਆ।
ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਤੇ ਯਕੀਨ ਵੀ ਨਹੀਂ ਆ ਰਿਹਾ ਕਿ ਆਪਣੀ ਪਾਰਟੀ ਦੇ ਹੱਥ ਖੂਨ ਨਾਲ ਲੱਥ ਪੱਥ ਹੋਣ ਦੀ ਗੱਲ ਮੰਨਣ ਦੇ ਬਾਵਜੂਦ ਸ਼੍ਰੀ ਰਾਹੁਲ ਗਾਂਧੀ ਅਜੇ ਵੀ ਇਸ ਪਾਪ ਲਈ ਸਮੁੱਚੇ ਦੇਸ਼ ਅਤੇ ਸਿੱਖ ਕੌਮ ਤੋਂ ਮਾਫ਼ੀ ਮੰਗਣ ਤੋਂ ਇਨਕਾਰੀ ਹਨ।
“ਸ਼੍ਰੀ ਰਾਹੁਲ ਗਾਂਧੀ ਇਹ ਕਹਿੰਦੇ ਹਨ ਕਿ 1984 ਵਿੱਚ ਉਹ ਅਜੇ ਬੱਚੇ ਸਨ। ਕਿੰਨੀ ਖ਼ਾਸ ਗੱਲ ਹੈ ਕਿ ਇਕ ਬੱਚੇ ਵੱਜੋ ਵੀ ਉਨ੍ਹਾਂ ਨੇ ਇਸ ਬੇਰਹਿਮ ਕਤਲੇਆਮ ਵਿੱਚ ਆਪਣੀ ਪਾਰਟੀ ਦੇ ਲੋਕਾਂ ਦੀ ਖੁੱਲ੍ਹੇਆਮ ਅਤੇ ਬੇਹਯਾਈ ਵਾਲੀ ਸ਼ਮੂਲੀਅਤ ਦੇਖੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਉਸ ਵੇਲੇ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਅਣਮਨੁੱਖੀ ਕਤਲੇਆਮ ਨੂੰ ਕਿੰਨਾ ਖੁੱਲ ਕੇ ਕੀਤਾ ਗਿਆ ਅਤੇ ਇਕ ਬੱਚੇ ਦੀ ਨਿਗਾਹ ਤੋਂ ਵੀ ਉਹ ਛੁਪ ਨਹੀਂ ਸਕਿਆ”, ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ। ਪਰ ਉਪ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੁਣ ਤਾਂ ਰਾਹੁਲ ਵੱਡੇ ਹੋ ਚੁੱਕੇ ਹਨ। ਜਿਸ ਜੁਰਮ ਲਈ ਉਹ ਪਾਰਟੀ ਨੂੰ ਗੁਨਾਹਗਾਰ ਮੰਨਦੇ ਹਨ ਉਸ ਲਈ ਉਹ ਮਾਫ਼ੀ ਮੰਗਣ ਨੂੰ ਤਿਆਰ ਕਿਉਂ ਨਹੀਂ ਹਨ?
ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਕਾਂਗਰਸੀ ਆਗੂਆਂ ਤੇ ਵਿਸ਼ੇਸ਼ ਕਰ ਸਿੱਖ ਧਰਮ ਨਾਲ ਸਬੰਧਿਤ ਆਗੂਆਂ ਨੂੰ ਸੱਦਾ ਦਿੱਤਾ ਕਿ ਸ਼੍ਰੀ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਹੱਥ ਮਾਸੂਮ ਸਿੱਖਾਂ ਦੇ ਖੂਨ ਨਾਲ ਰੰਗੇ ਹੋਣ ਦੀ ਗੱਲ ਮੰਨਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਆਗੂ ਆਪਣੀ ਜ਼ਮੀਰ ਦੀ ਆਵਾਜ਼ ਸੁਣਨ, ਸਮੂਹ ਪੰਜਾਬੀਆਂ ਤੋਂ ਮਾਫ਼ੀ ਮੰਗਣ ਅਤੇ ਤੁਰੰਤ ਕਾਂਗਰਸ ਪਾਰਟੀ ਤੋਂ ਅਸਤੀਫੇ ਦੇਣ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਵੀ ਹੋਰ ਸਨਮਾਨਜਨਕ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸ. ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂਆਂ ਅੰਦਰ ਜ਼ਮੀਰ ਨਾਂ ਦੀ ਕੋਈ ਚੀਜ਼ ਹੈ ਤਾਂ ਉਨ੍ਹਾਂ ਨੂੰ ਤੁਰੰਤ ਦਰਬਾਰ ਸਾਹਿਬ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ।
ਸ਼੍ਰੀ ਰਾਹੁਲ ਗਾਂਧੀ ਵੱਲੋਂ ਗੁਜਰਾਤ ਦੰਗਿਆਂ ਦੌਰਾਨ ਸ਼੍ਰੀ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੋਣ ਕਾਰਨ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਗੱਲ ਉੱਤੇ ਟਿੱਪਣੀ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੀ ਮੋਦੀ ਦੇ ਉਲਟ ਸ਼੍ਰੀ ਰਾਜੀਵ ਗਾਂਧੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਵੱਖ-ਵੱਖ ਸਨਮਾਨਿਤ ਅਤੇ ਉੱਘੇ ਕਾਨੂੰਨਦਾਨਾਂ, ਨਿਰਪੱਖ ਸ਼ਖ਼ਸੀਅਤਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਜਾਂਚ ਆਯੋਗਾਂ ਅਤੇ ਹੋਰ ਅਦਾਰਿਆਂ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੇ ਜਨਤਕ ਤੌਰ ‘ਤੇ ਸਬੂਤ ਪੇਸ਼ ਕੀਤੇ ਹਨ ਕਿ ਸਿੱਖਾਂ ਤਾ ਕਤਲੇਆਮ ਕਾਂਗਰਸ ਪਾਰਟੀ ਦੀ ਸਰਵਉੱਚ ਲੀਡਰਸ਼ਿਪ ਵੱਲੋਂ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਅਤੇ ਹੁਣ ਇਸ ਬਾਰੇ ਖ਼ੁਦ ਰਾਹੁਲ ਗਾਂਧੀ ਜੀ ਦਾ ਬਿਆਨ ਵੀ ਆ ਗਿਆ ਹੈ। ਕੀ ਉਨ੍ਹਾਂ ਨੂੰ ਇਹ ਯਾਦ ਦਿਵਾਉਣ ਦੀ ਵੀ ਲੋੜ ਹੈ ਕਿ ਜਦੋਂ ਸਿੱਖ ਕਤਲੇਆਮ ਹੋਇਆ ਉਦੋਂ ਉਨ੍ਹਾਂ ਦੇ ਪਿਤਾ ਸ਼੍ਰੀ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਕਾਂਗਰਸ ਪਾਰਟੀ ਨੂੰ ਆਪਣੇ ਇਸ ਘਿਨੌਣੇ ਕਿਰਦਾਰ ਲਈ ਮਜਬੂਰ ਹੋ ਕੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਬਦਨਾਮ ਅਤੇ ਲੋਕਾਂ ਦੀ ਨਿਗਾਹਾਂ ਵਿੱਚ ਦੋਸ਼ੀ ਆਗੂਆਂ ਨੂੰ ਚੋਣ ਲੜਾਉਣ ਤੋਂ ਨਾਂਹ ਵੀ ਕਰਨੀ ਪਈ। ਕੀ ਅਜੇ ਵੀ ਕਾਂਗਰਸ ਪਾਰਟੀ ਦੇ ਕਾਤਲਾਨਾ ਕਿਰਦਾਰ ਨੂੰ ਹੋਰਨਾ ਉੱਤੇ ਇਲਜ਼ਾਮ ਲਾ ਕੇ ਛੁਪਾਇਆ ਜਾ ਸਕਦਾ ਹੈ, ਸ. ਸੁਖਬੀਰ ਸਿੰਘ ਬਾਦਲ ਨੇ ਪੁਛਿਆ।