ਰਿਹਾਨਾ ਦੇ ਟਵੀਟ ‘ਤੇ ਬਾਲੀਵੁੱਡ ‘ਚ ਹਲਚਲ

ਮੁੰਬਈ – ਬਾਲੀਵੁੱਡ ਸ਼ਖ਼ਸੀਅਤਾਂ ਦੇ ਇਕ ਵਰਗ ਨੇ ਕਿਸਾਨ ਅੰਦੋਲਨ ਬਾਰੇ ਪੌਪ ਸਟਾਰ ਰਿਹਾਨਾ ਦੇ ਟਵੀਟ ‘ਤੇ ਅਕਸ਼ੈ ਕੁਮਾਰ, ਅਜੇ ਦੇਵਗਨ ਤੋਂ ਇਲਾਵਾ ਕਰਨ ਜੌਹਰ, ਏਕਤਾ ਕਪੂਰ, ਸੁਨੀਲ ਸ਼ੈਟੀ ਆਦਿ ਵਰਗੇ ਉੱਘੇ ਫ਼ਿਲਮੀ ਸਿਤਾਰਿਆਂ ਦੀ ਪ੍ਰਤੀਕਿਰਿਆ ਦੀ 4 ਫਰਵਰੀ ਦਿਨ ਵੀਰਵਾਰ ਨੂੰ ਆਲੋਚਨਾ ਕੀਤੀ ਗਈ। ਅਦਾਕਾਰਾ ਤਾਪਸੀ ਪੰਨੂ, ਫਿਲਮ ਨਿਰਮਾਤਾ ਓਨਿਰ, ਅਦਾਕਾਰ ਅਰਜੁਨ ਮਾਥੁਰ ਅਤੇ ਹੋਰਨਾਂ ਨੇ ਬਾਲੀਵੁੱਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਸਰਕਾਰ ਦਾ ਪੱਖ ਪੂਰੇ ਜਾਣ ਲਈ ਨਿਖੇਧੀ ਕੀਤੀ ਹੈ।
ਪੌਪ ਸਿੰਗਰ ਰਿਹਾਨਾ ਦੇ ਟਵੀਟ ਤੋਂ ਬਾਅਦ ਸਵੀਡਨ ਦੀ ਗ੍ਰੇਟਾ ਥਨਬਰਗ, ਵਕੀਲ ਅਤੇ ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸੇਰਨੀ, ਗਾਇਕ ਜੇ ਸੀਏਐਨ, ਡਾਕਟਰ ਜਿਊਸ ਅਤੇ ਸਾਬਕਾ ਪੌਰਨ ਸਟਾਰ ਮੀਆ ਖਲੀਫ਼ਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਸੀ।
ਭਾਰਤ ਨੇ ਇਨ੍ਹਾਂ ਟਵੀਟਾਂ ‘ਤੇ 3 ਫਰਵਰੀ ਦਿਨ ਬੁੱਧਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ, ਜਿਸ ਦਾ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਸ਼ਖ਼ਸੀਅਤਾਂ ਦੇ ਨਾਲ ਨਾਲ ਮੰਤਰੀਆਂ ਨੇ ਵੀ ਹਮਾਇਤ ਕੀਤਾ ਸੀ। ਫਿਲਮ ਜਗਤ ਦੀਆਂ ਕਈ ਸ਼ਖ਼ਸੀਅਤਾਂ ਨੇ ਵੱਡੀਆਂ ਸ਼ਖ਼ਸੀਅਤਾਂ ਦੇ ਇਸ ਤਰ੍ਹਾਂ ਅਚਾਨਕ ਟਵਿਟਰ ‘ਤੇ ਸਰਗਰਮ ਹੋਣ ਅਤੇ ਦੂਜੇ ਪਾਸੇ ਕਿਸਾਨਾਂ ਦੀ ਹਾਲਤ ‘ਤੇ ਧਿਆਨ ਦੇਣ ਜਾਂ ਉਸ ਨੂੰ ਸਮਝਣ ਵਿੱਚ ਨਾਕਾਮ ਰਹਿਣ ਨੂੰ ਸ਼ਰਮ ਵਾਲਾ ਅਤੇ ਦੁਖੀ ਕਰਨ ਵਾਲਾ ਕਰਾਰ ਦਿੱਤਾ ਹੈ।