‘ਰੀਝਾਂ ਫ਼ਿਲਮਜ਼’ ਵੱਲੋਂ ਗਾਇਕ ਗੈਰੀ ਭੁੱਲਰ ਦੇ ਪਲੇਠੇ ਗੀਤ “ਰੂਹ ਦੀ ਯਾਰੀ” ਦਾ ਪੋਸਟਰ ਰਿਲੀਜ਼

ਹੈਮਿਲਟਨ, 14 ਮਈ – ਇੱਥੇ 11 ਮਈ ਦਿਨ ਸ਼ੁੱਕਰਵਾਰ ਨੂੰ ‘ਰੀਝਾਂ ਫ਼ਿਲਮਜ਼’ ਦੇ ਬੈਨਰ ਹੇਠ ਪੰਜਾਬੀ ਗੀਤ “ਰੂਹ ਦੀ ਯਾਰੀ” ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਗੀਤ “ਰੂਹ ਦੀ ਯਾਰੀ” ਨੂੰ ਨਿਊਜ਼ੀਲੈਂਡ ਵੱਸਦੇ ਪੰਜਾਬੀ ਗਾਇਕ ਗੈਰੀ ਭੁੱਲਰ ਨੇ ਗਾਇਆ ਹੈ, ਗਾਇਕ ਗੈਰੀ ਦਾ ਇਹ ਪਲੇਠੇ ਗੀਤ ਹੈ। ਇਸ ਗੀਤ ਦਾ ਗੀਤਕਾਰ ਬਿੱਕਾ ਮੰਨਣ ਹੈ ਅਤੇ ਮਿਊਜ਼ਿਕ ਗੁਰਨੀਤ ਸਿੰਘ ਰਹਿਸੀ ਦਾ ਹੈ। ਖ਼ਾਸ ਗੱਲ ਇਹ ਹੈ ਕਿ ਗੀਤਕਾਰ ਮੰਨਣ ਅਤੇ ਸੰਗੀਤਕਾਰ ਰਹਿਸੀ ਦੋਵੇਂ ਹੀ ਨਿਊਜ਼ੀਲੈਂਡ ਦੇ ਵਸਨੀਕ ਹਨ। ਗੀਤ ਦਾ ਫ਼ਿਲਮਾਂਕਣ ਨਾਮਵਰ ਵੀਡੀਓ ਡਾਇਰੈਕਟਰ ਸੰਦੀਪ ਬਾਠ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਗੀਤ ਨੂੰ ਨਿਊਜ਼ੀਲੈਂਡ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਸ਼ੂਟ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਦੀਪ ਬਾਠ ‘ਗੀਤਕਾਰੀਆਂ’, ‘7 ਜਾਣੀਆਂ’, ‘ਤਰੱਕੀਆਂ’, ‘ਗਰੰਟੀ’ ਅਤੇ ‘ਯਾਦਾਂ ਤੇਰੀਆਂ’ ਵਰਗੇ ਗੀਤ ਅਤੇ ਲਘੂ ਫ਼ਿਲਮਾਂ ਵੀ ਡਾਇਰੈਕਟ ਕਰ ਚੁੱਕੇ ਹਨ।
ਸੰਦੀਪ ਬਾਠ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਗੀਤ ਜੂਨ ਦੇ ਪਹਿਲੇ ਹਫ਼ਤੇ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪੀ.ਟੀ.ਸੀ ਪੰਜਾਬੀ ਚੈਨਲ ਤੇ ਦੇਖਿਆ ਜਾ ਸਕੇਗਾ। ਰੀਝਾਂ ਫ਼ਿਲਮਜ਼ ਦੀ ਟੀਮ ਵੱਲੋਂ ਸ੍ਰੀ ਜੇ. ਬਾਠ, ਸ੍ਰੀ ਜੀਤ ਸੰਧੂ ਅਤੇ ਗੀਤਕਾਰ ਗੁਰਮੋਹ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ। ਸੰਦੀਪ ਬਾਠ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਹੋਰ ਨਵੇਂ ਗੀਤਾਂ ਦੇ ਨਾਲ ਪੰਜਾਬੀ ਭਾਈਚਾਰੇ ਲਈ ਵੱਡਾ ਪ੍ਰੋਜੈਕਟ ਲੈ ਕੇ ਹਾਜ਼ਰ ਹੋਣਗੇ।