ਰੋਮ ਵਿਖੇ ਮਨਜੀਤ ਸਿੰਘ ਜੀ. ਕੇ. ਦੀ ਪੱਗ ਲਾਉਣ ਦੀ ਕੋਸ਼ਿਸ਼ ਖ਼ਿਲਾਫ਼ ਅਕਾਲੀ ਦਲ ਵਲੋਂ ਇਟਲੀ ਦੂਤਘਰ ਦੇ ਮੂਹਰੇ ਪ੍ਰਦਰਸ਼ਨ

ਨਵੀਂ ਦਿੱਲੀ, 7 ਅਗਸਤ – ਇਟਲੀ ਦੇ ਰੋਮ ਸ਼ਹਿਰ ਵਿਖੇ ਹਵਾਈ ਅੱਡੇ ਤੇ 6 ਅਗਸਤ 2013 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ “ਇੰਟਰਨੈਸ਼ਨਲ ਦਸਤਾਰ ਅਵੈਅਰਨੈਸ ਡੇ” ਤੇ ਹਿੱਸਾ ਲੈ ਕੇ ਵਾਪਿਸ ਆ ਰਹੇ ਵਫ਼ਦ ਨੂੰ ਸੁਰਖਿਆ ਅਧਿਕਾਰੀਆਂ ਵਲੋਂ ਜਬਰਨ ਸੁਰਖਿਆਂ ਜਾਂਚ ਦੇ ਨਾਂ ਤੇ ਦਸਤਾਰ ਉਤਾਰਨ ਲਈ ਆਦੇਸ਼ ਦੇਣ ਤੇ ਪੈਦਾ ਹੋਏ ਵਿਵਾਦ ਦੇ ਕਾਰਣ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਂਕੜਾ ਪ੍ਰਦਰਸ਼ਨਕਾਰੀਆਂ ਵਲੋਂ ਇਟਲੀ ਦੂਤਘਰ ਦੇ ਸਾਹਮਣੇ ਸਤਿਆ ਮਾਰਗ ਤੇ ਜਾਮ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਕਿ ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੇ ਉਥੇ ਮੌਜੂਦ ਸੁਰਖਿਆ ਅਧਿਕਾਰੀਆਂ ਦੇ ਇਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਹਵਾਈ ਯਾਤਰਾ ਦਾ ਬਾਈਕਾਟ ਕਰ ਦਿੱਤਾ। ਜਿਸ ਤੋਂ ਬਾਅਦ ਇਟਲੀ ਵਿਖੇ ਭਾਰਤੀ ਸਫ਼ੀਰ ਨੇ ਸੁਰਖਿਆ ਅਧਿਕਾਰੀਆਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਜਿਸ ਕਰਕੇ ਦਿੱਲੀ ਕਮੇਟੀ ਨੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਦੂਤਘਰ ਦੇ ਜੁਨਿਅਰ ਸਫ਼ੀਰ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਦੇ ਨਾਂ ਇਕ ਮੰਗ ਪੱਤਰ ਸੌਂਪ ਕੇ ਸੁਰਖਿਆ ਅਧਿਕਾਰੀਆਂ ਨੂੰ ਸਿੱਖਾਂ ਦੀ ਪੱਗ ਬਾਰੇ ਜਾਣੂ ਕਰਵਾਉਣ ਦੀ ਸਲਾਹ ਦਿੱਤੀ। ਕਿਉਂਕਿ ਕਿਸੇ ਸਿੱਖ ਦੀ ਪਗੜੀ ਲਾਉਣਾ ਅਨਿਆਂ, ਭੇਦਭਾਵ, ਮਾਨਵੀ ਅਧਿਕਾਰਾਂ ਦੀ ਉਲੰਘਣਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ।
ਇਸ ਮੰਗ ਪੱਤਰ ਵਿੱਚ ਦਸਿਆ ਗਿਆ ਹੈ ਕਿ ਸਿੱਖਾਂ ਦੀ ਪਗੜੀ ਅਨਿਖੜਵਾਂ ਅੰਗ ਹੈ ਅਤੇ ਪਛਾਣ ਦੀ ਪ੍ਰਤੀਕ ਹੈ। ਸਿੱਖ ਸਿਰ ਤੇ ਕਟਵਾ ਸਕਦਾ ਹੈ ਪਰ ਬੇਇੱਜ਼ਤ ਹੋ ਕੇ ਪਗੜੀ ਨਹੀਂ ਉਤਰਵਾ ਸਕਦਾ। ਇਸ ਮੌਕੇ ‘ਤੇ ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਦਰਸ਼ਨ ਸਿੰਘ, ਚਮਨ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਐਮ.ਪੀ.ਐਸ. ਚੱਡਾ, ਸਤਪਾਲ ਸਿੰਘ, ਗੁਰਮੀਤ ਸਿੰਘ ਮੀਤਾ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ, ਅਕਾਲੀ ਆਗੂ ਮਨਦੀਪ ਕੌਰ ਬਖਸ਼ੀ, ਗੁਰਮੀਤ ਸਿੰਘ ਬੋਬੀ, ਵਿਕਰਮ ਸਿੰਘ ਲਾਜਪਤ ਨਗਰ ਅਤੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।