ਲਾਹੌਰ ਦੇ ਰੇਲਵੇ ਪਲੇਟਫ਼ਾਰਮ ‘ਤੇ ਧਮਾਕਾ

ਲਾਹੌਰ – ਪਾਕਿਸਤਾਨ ਦੇ ਲਾਹੌਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ ਦੋ ਦੇ ਉਡੀਕ ਘਰ ਦੇ ਬਾਹਰ ਹੋਏ ਧਮਾਕੇ ਵਿੱਚ ਲਗਭਗ 5 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਤੋਂ ਵੱਧ ਜ਼ਖ਼ਮੀ ਹੋਣ ਦੀ ਖ਼ਬਰ ਹੈ। ਲਾਹੌਰ ਦੇ ਪੁਲਿਸ ਮੁਖੀ ਅਸਲਮ ਕਰੀਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਪਿੱਛੋਂ ਕਿਹਾ ਕਿ ਧਮਾਕੇ ਲਈ 6 ਤੋਂ 8 ਕਿਲੋ ਬਾਰੂਦ ਦੀ ਵਰਤੋਂ ਕੀਤੀ ਗਈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਰਮਿਆਨ ਬਾਰੂਦ ਰੇਲਵੇ ਸਟੇਸ਼ਨ ਅੰਦਰ ਕਿਵੇਂ ਲਿਜਾਇਆ ਗਿਆ। ਧਮਾਕੇ ਪਿੱਛੋਂ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਹ ਧਮਾਕਾ ਉਸ ਸਮੇਂ ਵਾਪਰਿਆ ਜਦੋਂ ਸਟੇਸ਼ਨ ‘ਤੇ ਕਾਫ਼ੀ ਭੀੜ ਸੀ।