ਲੋਕ ਸਭਾ ‘ਚ ਸਰਦਾਰਨੀ ਬਾਦਲ ਨੇ ਪੱਗ ‘ਤੇ ਲੱਗੀ ਪਾਬੰਦੀ ਦਾ ਮਸਲਾ ਉਠਾਇਆ

ਨਵੀਂ ਦਿੱਲੀ – ਲੋਕ ਸਭਾ ਵਿੱਚ ਬਠਿੰਡਾ ਤੋਂ ਸ਼੍ਰਪਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਫਰਾਂਸ ਵਿੱਚ ਪੱਗੜੀ ‘ਤੇ ਲੱਗੀ ਹੋਈ ਪਾਬੰਦੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ‘ਤੇ ਬੁਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ ਕਿਉਂਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਫਰਾਂਸੀਸੀ ਸਰਕਾਰ ਨੂੰ ਪੱਗੜੀ ਦੀ ਮਹੱਤਤਾ ਸਬੰਧੀ ਜਾਣੂ ਕਰਵਾਉਣ ਵਿੱਚ ਅਸਫਲ ਰਹੀ ਹੈ। ਸਰਦਾਰਨੀ ਬਾਦਲ ਨੇ ਇਸ ਮੁੱਦੇ ‘ਤੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਵਲੋਂ ਦਿੱਤੇ ਜਵਾਬ ਨਾਲ ਪੂਰੀ ਤਰ੍ਹਾਂ ਅਸਹਿਮਤੀ ਜਤਾਉਂਦਿਆਂ ਸਦਨ ਨੂੰ ਦੱਸਿਆ ਕਿ ਪੱਗੜੀ ਸਿੱਖਾਂ ਨੂੰ ਗੁਰੂਆਂ ਵਲੋਂ ਬਖ਼ਸ਼ੀ ਗਈ ਹੈ ਜੋ ਉਨ੍ਹਾਂ ਲਈ ਇਕ ਅਟੁੱਟ ਅੰਗ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਵਡਮੁੱਲੇ ਯੋਗਦਾਨ ਪਾਏ ਹਨ, ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਸ਼ਰਮਨਾਕ ਸਫਾਈ ਦੇ ਰਹੀ ਹੈ ਕਿ ਫਰਾਂਸ ਵਿੱਚ ਸਾਰੇ ਧਰਮਾਂ ਦੇ ਚਿੰਨ੍ਹਾਂ ‘ਤੇ ਪਾਬੰਦੀ ਲਾਈ ਗਈ ਹੈ ਜਦੋਂ ਕਿ ਅਸਲ ਵਿੱਚ ਕੇਂਦਰ ਸਰਕਾਰ ਫਰਾਂਸੀਸੀ ਸਰਕਾਰ ਨੂੰ ਇਹ ਸਮਝਾਉਣ ਵਿੱਚ ਨਾਕਾਮ ਰਹੀ ਹੈ ਕਿ ਸਿੱਖਾਂ ਲਈ ਪੱਗੜੀ ਇਕ ਧਾਰਮਿਕ ਚਿੰਨ੍ਹ ਮਾਤਰ ਹੀ ਨਹੀਂ ਸਗੋਂ ਸਿੱਖ ਤੋਂ ਕਦਂ ਵੀ ਨਾ ਵੱਖ ਕੀਤਾ ਜਾ ਸਕਣ ਵਾਲਾ ਅੰਗ ਹੈ। ਉਨ੍ਹਾਂ ਕਿਹਾ ਕਿ ਪੱਗੜੀ ਸਾਡੀ ਪਛਾਣ ਹੈ ਤੇ ਦਸਤਾਰ ਸਜਾਉਣਾ ਜਾਂ ਨਾ ਸਜਾਉਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਸਿੱਖ ਹੋ ਕਿ ਨਹੀਂ। ਉਨ੍ਹਾਂ ਪੱਗੜੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਪੂਰੀ ਗੰਭੀਰਤਾ ਨਾਲ ਫਰਾਂਸ ਦੀ ਸਰਕਾਰ ਨੂੰ ਇਸ ਸਬੰਧੀ ਜਾਣੂੰ ਕਰਵਾਏ ਤਾਂ ਜੋ ਫਰਾਂਸ ਵਿੱਚ ਵਸਦੇ ਸਿੱਖਾਂ ਨੂੰ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਮਾਣਨ ਦਾ ਹੱਕ ਮਿਲ ਸਕੇ।