ਪਾਪਾਟੋਏਟੋਏ ਵਿਖੇ ‘ਲੋਹੜੀ ਮੇਲਾ 2020’ ਕਰਵਾਇਆ

ਪਾਪਾਟੋਏਟੋਏ, 21 ਜਨਵਰੀ – ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 18 ਜਨਵਰੀ ਨੂੰ ‘ਲੋਹੜੀ ਮੇਲਾ 2020’ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ, ਦੀਪਾ ਡੂਮੇਲੀ, ਹਨੀ ਸਿੰਘ, ਸਤਿੰਦਰ ਪੱਪੀ, ਸੱਤਾ ਵੈਰੋਵਾਲੀਆ, ਜੋਤੀ ਵਿਰਕ, ਬਿੱਲਾ ਮੱਗੋਵਾਲੀਆ ਅਤੇ ਨਿੱਕ ਜੱਸਲ ਨੇ ਪੰਜਾਬੀ ਗਾਇਕੀ ਦੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਬੱਚਿਆਂ ਦੀ ਲੋਹੜੀ ਅਤੇ ਭੰਗੜੇ ਗਿੱਧੇ ਦੇ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਵਿੱਚ ਬੱਚਿਆਂ ਵੱਲੋਂ ਭੰਗੜਾ ਅਤੇ ਮੁਟਿਆਰਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਦਿੱਤੀ ਗਈ।
ਕੀਵੀ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ਉੱਤੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਮੰਗ ਸੀ, ਜਿਸ ਨੂੰ ਪੂਰਾ ਕਰਦਿਆਂ ਇਸ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹੁੰਚੇ ਦਰਸ਼ਕਾਂ ਨੇ ਗੀਤ ਸੰਗੀਤ ਦੇ ਨਾਲ ਮੂੰਗਫਲੀਆਂ ਅਤੇ ਰਿਉੜੀਆਂ ਦਾ ਖ਼ੂਬ ਅਨੰਦ ਮਾਣਿਆ।