ਲੰਡਨ ਦੇ ਸਾਊਥਾਲ ‘ਚ ਸੜਕ ਦਾ ਨਾਂ ‘ਗੁਰੂ ਨਾਨਕ ਰੋਡ’ ਰੱਖਣ ਨੂੰ ਮਨਜ਼ੂਰੀ

ਲੰਡਨ, 1 ਦਸੰਬਰ – 30 ਨਵੰਬਰ ਨੂੰ ਦੁਨੀਆ ਭਰ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਮਨਾਏ ਜਾ ਰਹੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਪੱਛਮੀ ਲੰਡਨ ਦੀ ਇੱਕ ਕੌਂਸਲ ਨੇ ਐਲਾਨ ਕੀਤਾ ਕਿ ਉਸ ਵੱਲੋਂ ਪੰਜਾਬੀ ਭਾਈਚਾਰੇ ਦੀ ਵੱਡੀ ਵਸੋ ਵਾਲੇ ਕਸਬੇ ਸਾਊਥਾਲ ‘ਚ ਇੱਕ ਸੜਕ ਦਾ ਨਾਂ ‘ਗੁਰੂ ਨਾਨਕ ਰੋਡ’ ਰੱਖਣ ਨੂੰ ਸਹਿਮਤੀ ਦਿੱਤੀ ਗਈ ਹੈ।
ਹੈਵਲੌਕ ਰੋਡ ਦਾ ਨਾਂ ‘ਗੁਰੂ ਨਾਨਕ ਦੇਵ’ ਦੇ ਨਾਂ ‘ਤੇ ਰੱਖਣ ਦਾ ਇਹ ਪ੍ਰਸਤਾਵ ਲੰਡਨ ਦੇ ਮੇਅਰ ਸਾਦਿਕ ਖ਼ਾਨ ਵੱਲੋਂ ਬਣਾਏ ਗਏ ਇੱਕ ਨਵੇਂ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਏਲਿੰਗ ਕੌਂਸਲ ਨੇ ਦੱਸਿਆ ਕਿ ਹੈਵਲੌਕ ਰੋਡ ਦੇ ਕਿੰਗ ਸਟਰੀਟ ਅਤੇ ਮੈਰਿਕ ਰੋਡ ਦੇ ਵਿਚਕਾਰਲੇ ਹਿੱਸੇ, ਜਿਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਾਊਥਾਲ ਵਾਲਾ ਹਿੱਸਾ ਵੀ ਸ਼ਾਮਲ ਹੈ, ਦਾ ਨਾਂ ਬਦਲਿਆ ਜਾਵੇਗਾ। ਇਹ ਨਾਮਕਰਨ 2021 ਦੀ ਸ਼ੁਰੂਆਤ ‘ਚ ਲਾਗੂ ਹੋਵੇਗਾ, ਜਿਸ ‘ਚ ਬਦਲਾਅ ਨਾਲ ਪ੍ਰਭਾਵਿਤ ਹੋਣ ਵਾਲੇ ਘਰਾਂ, ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਕੌਂਸਲ ਵੱਲੋਂ ਅਗਾਊਂ ਸੂਚਿਤ ਕੀਤਾ ਜਾ ਰਿਹਾ ਹੈ।