ਵਿਰਾਟ ਤੇ ਅਨੁਸ਼ਕਾ ਨੇ ਇਟਲੀ ‘ਚ ਵਿਆਹ ਰਚਾਇਆ 

ਟਸਕੈਨੀ (ਇਟਲੀ), 11 ਦਸੰਬਰ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਹੀਰੋਇਨ ਅਨੁਸ਼ਕਾ ਸ਼ਰਮਾ ਨੇ ਇੱਥੇ ਦੇ ਰਿਜ਼ੌਰਟ ਵਿੱਚ ਵਿਆਹ ਕਰਵਾ ਲਿਆ। ਵਿਰਾਟ ਤੇ ਅਨੁਸ਼ਕਾ ਦੇ ਵਿਆਹ ਰਚਾਉਣ ਨਾਲ ਮੀਡੀਆ ਵੱਲੋਂ ਚਿਰਾਂ ਤੋਂ ਦੋਵਾਂ ਦੇ ਵਿਆਹ ਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀ ਸਮਾਪਤ ਹੋ ਗਈਆਂ। ਵਿਰਾਟ ਤੇ ਅਨੁਸ਼ਕਾ ਦਾ ਵਿਆਹ ਇੱਕ ਨਿੱਜੀ ਸਮਾਗਮ ਵਿੱਚ ਨੇਪਰੇ ਚੜ੍ਹਿਆ ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤ ਹੀ ਮੌਜੂਦ ਸਨ। ਅਨੁਸ਼ਕਾ ਅਤੇ ਕੋਹਲੀ ਨੇ ਵਿਆਹ ਸਮਾਗਮ ਦੀਆਂ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਹਮੇਸ਼ਾ ਲਈ ਪਿਆਰ ਦੇ ਬੰਧਨ ਵਿੱਚ ਬੱਝਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਇਹ ਖ਼ਬਰ ਸਾਂਝੀ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ। ਅਨੁਸ਼ਕਾ ਨੇ ਵਿਆਹ ਦੌਰਾਨ ਗੁਲਾਬੀ ਰੰਗ ਦਾ ਲਹਿੰਗਾ ਜਦੋਂ ਕਿ ਵਿਰਾਟ ਨੇ ਸ਼ੇਰਵਾਨੀ ਪਾਈ ਹੋਈ ਸੀ। ਇਨ੍ਹਾਂ ਦੋਵਾਂ ਦੇ ਕੱਪੜਿਆਂ ਨੂੰ ਇੱਕੋ ਡਿਜ਼ਾਈਨਰ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਨੇ ਟਵੀਟ ਕੀਤਾ, “ਅੱਜ ਦਾ ਦਿਨ ਸਾਡੇ ਪਰਿਵਾਰਾਂ, ਪ੍ਰਸ਼ੰਸਕਾਂ ਅਤੇ ਖ਼ੈਰ ਮੰਗਣ ਵਾਲਿਆਂ ਦੇ ਪਿਆਰ ਅਤੇ ਸਹਿਯੋਗ ਨਾਲ ਬਹੁਤ ਵਿਸ਼ੇਸ਼ ਬਣ ਗਿਆ ਹੈ। ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ ਸਭਨਾਂ ਦਾ ਧੰਨਵਾਦ”। ਇਹ ਵਿਆਹ ਹਿੰਦੂ ਰੀਤੀ ਰਿਵਾਜ਼ਾਂ ਨਾਲ ਹੋਇਆ। ਵਿਆਹ ਪਾਰਟੀ 21 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਅਤੇ ਫਿਲਮ ਇੰਡਸਟਰੀ ਦੇ ਦੋਸਤਾਂ ਅਤੇ ਕ੍ਰਿਕਟਰਾਂ ਲਈ ਵੱਖਰੀ ਪਾਰਟੀ 26 ਦਸੰਬਰ ਨੂੰ ਹੋਵੇਗੀ। ਵਿਆਹਿਆ ਜੋੜਾ ਬੀਤੇ 4 ਵਰ੍ਹਿਆਂ ਤੋਂ ਰਿਲੇਸ਼ਨ ਵਿੱਚ ਸੀ ਤੇ ਡੇਟਿੰਗ ਕਰ ਰਿਹਾ ਸੀ ਅਤੇ ਮੀਡੀਆ ਦੀਆਂ ਵਿਆਹ ਸਬੰਧੀ ਕਿਆਸ ਅਰਾਈਆਂ ਦੇ ਬਾਵਜੂਦ ਪੂਰੀ ਤਰ੍ਹਾਂ ਚੁੱਪ ਸੀ।
ਵਿਆਹ ਤੋਂ ਬਾਅਦ ਵਿਰਾਟ-ਅਨੁਸ਼ਕਾ ਨੂੰ ਬਾਲੀਵੁੱਡ ਅਤੇ ਕ੍ਰਿਕਟ ਜਗਤ ਤੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ, ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅਤੇ ਸ਼ਾਹਰੁਖ ਖਾਨ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਖ਼ੁਸ਼ਹਾਲ ਵਿਆਹੁਤਾ ਜੀਵਨ ਲਈ ਸ਼ੁੱਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਨਵੇਂ ਵਿਆਹੇ ਜੋੜੇ ਨੂੰ ‘ਹਮੇਸ਼ਾ ਇਕੱਠੇ’ ਰਹਿਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਾਹਰੁਖ ਖਾਨ ਨੇ ਟਵੀਟ ਕੀਤਾ, ‘ਅਬ ਯੇ ਹੁਈ ਨਾ ਰੀਅਲ ਰੱਬ ਨੇ ਬਨਾ ਦੀ ਜੋੜੀ। ਅਨੁਸ਼ਕਾ ਤੇ ਵਿਰਾਟ ਨੂੰ ਮੇਰਾ ਢੇਰ ਸਾਰਾ ਪਿਆਰ। ਪਰਮਾਤਮਾ ਤੁਹਾਨੂੰ ਖ਼ੁਸ਼ੀਆਂ ਤੇ ਸਿਹਤ ਬਖ਼ਸ਼ੇ’।
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਲਿਖਿਆ, ‘ਨਵੇਂ ਵਿਆਹੇ ਵਿਰਾਟ ਤੇ ਅਨੁਸ਼ਕਾ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈਆਂ। ਤੁਸੀਂ ਦੋਵੇਂ ਇਕੱਠੇ ਸ਼ਾਨਦਾਰ ਲੱਗਦੇ ਹੋ’। ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟਵੀਟ ਕੀਤਾ, ‘ਤੁਹਾਨੂੰ ਦੋਵਾਂ ਨੂੰ ਮੁਬਾਰਕਾਂ। ਤੁਸੀਂ ਬਹੁਤ ਪਿਆਰੇ ਲੱਗਦੇ ਹੋ ਅਤੇ ਖ਼ੁਸ਼ ਰਹੋ। ਤੁਹਾਨੂੰ ਸਾਰੇ ਜਹਾਨ ਦੀਆਂ ਖ਼ੁਸ਼ੀਆਂ ਮਿਲਣ’। ਫ਼ਿਲਮਸਾਜ਼ ਕਰਨ ਜੌਹਰ ਨੇ ਟਵੀਟ ਕੀਤਾ, ‘ਵਿਰਾਟ ਤੇ ਅਨੁਸ਼ਕਾ ਬਹੁਤ ਸਾਰਾ ਪਿਆਰ ਅਤੇ ਮੁਬਾਰਕਾਂ’। ਅਦਾਕਾਰ ਸ਼ਾਹਿਦ ਕਪੂਰ ਨੇ ਟਵੀਟ ਕੀਤਾ, ‘ਬਹੁਤ ਸ਼ਾਨਦਾਰ। ਦੋਵੇਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ’। ਅਦਾਕਾਰਾ ਪ੍ਰਿਅੰਕਾ ਚੋਪੜਾ, ਕਾਜੋਲ, ਸੋਨਮ ਕਪੂਰ, ਸ੍ਰੀਦੇਵੀ, ਸੋਨਾਕਸ਼ੀ ਸਿਨਹਾ, ਅਰਜੁਨ ਕਪੂਰ, ਹੁਮਾ ਕੁਰੈਸ਼ੀ, ਅਭਿਸ਼ੇਕ ਬੱਚਨ ਸਮੇਤ ਫਿਲਮ ਜਗਤ ਦੀਆਂ ਹੋਰ ਹਸਤੀਆਂ ਨੇ ਵਿਰਾਟ ਤੇ ਅਨੁਸ਼ਕਾ ਨੂੰ ਵਿਆਹ ਦੀ ਵਧਾਈਆਂ ਦਿੱਤੀਆਂ ਹਨ।