ਵਿਰੋਧੀ ਧਿਰ ਲੋਕਾਂ ‘ਚ ਵੰਡੀਆਂ ਪਾ ਰਹੀਆਂ ਹਨ – ਪ੍ਰਧਾਨ ਮੰਤਰੀ ਮੋਦੀ

pmphotoਕੋਲਕਾਤਾ – 14 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੁੱਪੀ ਤੋੜਦਿਆਂ ਦਾਦਰੀ ਕਤਲ ਕਾਂਡ ਅਤੇ ਗ਼ੁਲਾਮ ਅਲੀ ਦੇ ਪ੍ਰੋਗਰਾਮ ਦਾ ਵਿਰੋਧ ਕੀਤੇ ਜਾਣ ਨੂੰ ‘ਗ਼ੈਰ ਲੋੜੀਂਦਾ ਅਤੇ ਮੰਦਭਾਗਾ’ ਕਰਾਰ ਦਿੱਤਾ ਹੈ ਅਤੇ ਸਪਸ਼ਟ ਕੀਤਾ ਕਿ ਇਨ੍ਹਾਂ ਘਟਨਾਵਾਂ ਨਾਲ ਉਨ੍ਹਾਂ ਦੀ ਸਰਕਾਰ ਦਾ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਵਿਰੋਧੀ ਧਿਰ ‘ਤੇ ਦੋਸ਼ ਲਾਇਆ ਕਿ ਉਹ ‘ਫੋਕੀ ਧਰਮ ਨਿਰਪੱਖਤਾ ਅਤੇ ਧਰੁਵੀਕਰਨ’ ਦੀ ਸਿਆਸਤ ਕਰ ਰਹੀ ਹੈ।
ਉਨ੍ਹਾਂ ਵਿਰੋਧੀ ਧਿਰ ‘ਤੇ ਇਹ ਵੀ ਦੋਸ਼ ਲਾਇਆ ਕਿ ਉਹ ਫਿਰਕੂਵਾਦ ਦਾ ਰੌਲਾ ਪਾ ਕੇ ਘੱਟ ਗਿਣਤੀਆਂ ਨੂੰ ਵੋਟ ਬੈਂਕ ਵਾਂਗ ਵਰਤ ਰਹੀ ਹੈ। ਬੰਗਾਲੀ ਰੋਜ਼ਾਨਾ ਅਖ਼ਬਾਰ ‘ਆਨੰਦ ਬਾਜ਼ਾਰ ਪੱਤ੍ਰਿਕਾ’ ਨਾਲ ਗੱਲਬਾਤ ਦੌਰਾਨ ‘ਚ ਸ੍ਰੀ ਮੋਦੀ ਨੇ ਕਿਹਾ ਕਿ ਦਾਦਰੀ ਕਾਂਡ ਜਾਂ ਪਾਕਿਸਤਾਨੀ ਗਾਇਕ ਦੇ ਵਿਰੋਧ ਨਾਲ ਕੇਂਦਰ ਸਰਕਾਰ ਦਾ ਕੋਈ ਨਾਤਾ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨੇ ਦਾਦਰੀ ਕਾਂਡ ‘ਤੇ ਪ੍ਰਤੀਕਰਮ ਦਿੱਤਾ ਹੈ ਜਿੱਥੇ ਗਊ ਦਾ ਮਾਸ ਖਾਣ ਦੀ ਅਫ਼ਵਾਹ ਤੋਂ ਬਾਅਦ ਮੁਹੰਮਦ ਅਖ਼ਲਾਕ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।