ਵਿਰੋਧੀ ਧਿਰ ਵੱਲੋਂ ਸਾਬਕਾ ਸਪੀਕਰ ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

ਨਵੀਂ ਦਿੱਲੀ, 22 ਜੂਨ – ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰਾਂ ਨੇ ਸਰਬਸੰਮਤੀ ਨਾਲ ਸਾਬਕਾ ਲੋਕ ਸਭਾ ਸਪੀਕਰ ਅਤੇ ਦਲਿਤ ਆਗੂ ਮੀਰਾ ਕੁਮਾਰ ਨੂੰ 17 ਪਾਰਟੀਆਂ ਦੀ ਹਮਾਇਤ ਨਾਲ ਰਾਸ਼ਟਰਪਤੀ ਅਹੁਦੇ ਲਈ ਆਪਣਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਐਨਡੀਏ ਦੇ ਦਲਿਤ ਆਗੂ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਵੀ ਦਲਿਤ ਆਗੂ ਮੀਰਾ ਕੁਮਾਰ ਦਾ ਮੁਕਾਬਲਾ ਹੋਵੇਗਾ। ਗੌਰਤਲਬ ਹੈ ਕਿ ਕੋਵਿੰਦ ਅਤੇ ਮੀਰਾ ਦੋਵੇਂ ਹੀ 72 ਸਾਲ ਦੇ ਹਨ।
ਮੀਰਾ ਕੁਮਾਰ ਨੂੰ ਉਮੀਦਵਾਰ ਬਣਾਉਣ ਦਾ ਫ਼ੈਸਲਾ ਸੰਸਦ ਭਵਨ ਦੀ ਲਾਇਬ੍ਰੇਰੀ ਵਿੱਚ 17 ਗ਼ੈਰ ਐਨਡੀਏ ਪਾਰਟੀਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ। ਅੱਜ ਦੀ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ, ਸ਼ਰਦ ਪਵਾਰ, ਲਾਲੂ ਪ੍ਰਸਾਦ ਯਾਦਵ, ਅਹਿਮਦ ਪਟੇਲ, ਉਮਰ ਅਬਦੁੱਲਾ, ਸੀਤਾ ਰਾਮ ਯੇਚੁਰੀ, ਕਨੀਮੋਜ਼ੀ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਜਨਤਾ ਦਲ ਯੂਨਾਈਟਿਡ ਦੇ ਨਿਤੀਸ਼ ਕੁਮਾਰ ਮੀਟਿੰਗ ਤੋਂ ਗੈਰ-ਹਾਜ਼ਰ ਕਿਉਂਕਿ ਉਨ੍ਹਾਂ ਵੱਲੋਂ ਰਾਮਨਾਥ ਕੋਵਿੰਦ ਨੂੰ ਹਮਾਇਤ ਦੇਣ ਬਾਰੇ ਕਿਹਾ ਜਾ ਰਿਹਾ ਹੈ। ਬਸਪਾ ਮੁਖੀ ਮਾਇਆਵਤੀ ਨੇ ਵੀ ਮੀਰਾ ਕੁਮਾਰ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ 27 ਜੂਨ ਨੂੰ ਨਾਮਜ਼ਦਗੀ ਦਾਖ਼ਲ ਕਰੇਗੀ।