ਸ਼ਾਹਕੋਟ ਜ਼ਿਮਨੀ ਚੋਣ ‘ਚ ਕਾਂਗਰਸ ਨੇ ਮਾਰੀ ਬਾਜ਼ੀ

ਚੰਡੀਗੜ੍ਹ, 1 ਜੂਨ – ੩੧ ਮਈ ਦਿਨ ਵੀਰਵਾਰ ਨੂੰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਹੋਈ ਵੋਟਾਂ ਦੀ ਗਿਣਤੀ ‘ਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 38,802 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਕਾਂਗਰਸ ਦੇ ਖਾਤੇ ਵਿੱਚ ਇੱਕ ਹੋਰ ਸੀਟ ਜੋੜ ਦਿੱਤੀ ਹੈ। ਗੌਰਤਲਬ ਹੈ ਕਿ ਸ਼ਾਹਕੋਟ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਵਿੱਚ ਲਗਾਤਾਰ 9 ਦਿਨ ਚੋਣ ਪ੍ਰਚਾਰ ਕਰਨ ਦੇ ਬਾਵਜੂਦ ਉਹ ਪਾਰਟੀ ਦੀ ਜਿੱਤੀ ਹੋਈ ਇਹ ਸ਼ਾਹਕੋਟ ਦੀ ਸੀਟ ਨੂੰ ਬਚਾਅ ਸਕੇ।
ਕਾਂਗਰਸ ਉਮੀਦਵਾਰ ਸ਼ੇਰੋਵਾਲੀਆ ਨੇ 82,747 ਵੋਟਾਂ ਹਾਸਲ ਕੀਤੀਆਂ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ 43,995 ਵੋਟਾਂ ਹੀ ਹਾਸਲ ਹੋਈਆਂ। ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਨ.ਆਰ.ਆਈ. ਰਤਨ ਸਿੰਘ ਨੂੰ 1900 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 2017 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦੇ ਉਮੀਦਵਾਰ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਇਸ ਵਾਰ 1,268 ਲੋਕਾਂ ਨੇ ‘ਨੋਟਾ’ ਦਾ ਬਟਨ ਦਬਾਇਆ ਅਤੇ ਸਾਰੇ ਉਮੀਦਵਾਰਾਂ ਪ੍ਰਤੀ ਆਪਣੀ ਨਾ ਪਸੰਦਗੀ ਜ਼ਾਹਿਰ ਕੀਤੀ। ਕਾਂਗਰਸ ਨੂੰ ਮਿਲੀ ਇਸ ਜਿੱਤ ਨਾਲ ਪੰਜਾਬ ਵਿਧਾਨ ਸਭਾ ਵਿੱਚ ਉਸ ਦੀਆਂ 117 ਸੀਟਾਂ ਵਿੱਚੋਂ 78 ਸੀਟਾਂ ਹੋ ਗਈਆਂ ਹਨ ਤੇ ਉਸ ਨੂੰ ਦੋ ਤਿਹਾਈ ਬਹੁਮਤ ਮਿਲ ਗਿਆ ਹੈ।