ਸ਼ਿਕਾਗੋ ਵਿਖੇ ਆਰ.ਐੱਸ.ਐੱਸ ਮੁਖੀ ਅਤੇ ਭਾਰਤ ਦੇ ਉੱਪ ਰਾਸ਼ਟਰਪਤੀ ਖ਼ਿਲਾਫ਼ ਤਿੰਨੇ ਦਿਨ ਮੁਜ਼ਾਹਰੇ

ਦਲਿਤਾਂ, ਈਸਾਈਆਂ ਅਤੇ ਮੁਸਲਮਾਨਾਂ ਨੇ ਵੀ ਸਿੱਖਾਂ ਨਾਲ ਰੋਸ ਵਿਖਾਵੇ ਵਿੱਚ ਕੀਤੀ ਸ਼ਮੂਲੀਅਤ
ਸ਼ਿਕਾਗੋ, ਅਮਰੀਕਾ, 10 ਸਤੰਬਰ (ਹੁਸਨ ਲੜੋਆ ਬੰਗਾ) – ਅਮਰੀਕਾ ਦੀ ਧਰਤੀ ਤੇ ਪਹੁੰਚੇ ਆਰ.ਐੱਸ.ਐੱਸ.ਮੁਖੀ ਮੋਹਨ ਭਾਗਵਤ ਅਤੇ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਤਿੰਨ ਦਿਨਾ ‘ਵਿਸ਼ਵ ਹਿੰਦੂ ਕਾਂਗਰਸ’ ਦੌਰਾਨ ਤਿੰਨੇ ਦਿਨ ਸਖ਼ਤ ਵਿਰੋਧ ਹੋਇਆ। ਜ਼ਿਕਰਯੋਗ ਹੈ ਕਿ ਸੁਆਮੀ ਵਿਵੇਕਾਨੰਦ ਵੱਲੋਂ 1893 ਵਿੱਚ ‘ਪਾਰਲੀਮੈਂਟ ਆਫ਼ ਵਰਲਡ ਰਿਲਿਜਨਜ਼’ ਵਿੱਚ ਦਿੱਤੀ ਗਈ ਤਕਰੀਰ ਦੀ ੧੨੫ਵੀਂ ਯਾਦਗਾਰ ਮਨਾਉਣ ਦੀ ਆੜ ਵਿੱਚ ਆਰ.ਐੱਸ.ਐੱਸ ਵੱਲੋਂ ਸਥਾਨਕ ਵੈਸਟਿਨ ਹੋਟਲ ਵਿੱਚ ੩ ਦਿਨਾ ‘ਵਿਸ਼ਵ ਹਿੰਦੂ ਕਾਂਗਰਸ’ ਕਰਵਾਈ ਗਈ ਜਿਸ ਵਿੱਚ ਭਾਰਤ ਦੇ ਉੱਪ ਰਾਸ਼ਟਰਪਤੀ ਅਤੇ ਆਰ.ਐੱਸ.ਐੱਸ ਮੁਖੀ ਸਮੇਤ ਹੋਰ ਹਿੰਦੂਤਵ ਵਿਚਾਰਧਾਰਾ ਨਾਲ ਸਬੰਧਿਤ ਆਗੂਆਂ ਨੇ ਸ਼ਮੂਲੀਅਤ ਕੀਤੀ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿੱਚ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਕਮੇਟੀਆਂ ਨੇ ਆਰ.ਐੱਸ.ਐੱਸ ਦੇ ਹਿੰਦੂਤਵੀ ਏਜੰਡੇ ਖ਼ਿਲਾਫ਼ ਵੈਸਟਿਨ ਹੋਟਲ ਬਾਹਰ ਤਿੰਨੇ ਦਿਨ ਜ਼ੋਰਦਾਰ ਰੋਸ ਵਿਖਾਵਾ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟਗਿਣਤੀਆਂ ਸਮੇਤ ਇੰਡੀਆਨਾ, ਓਹਾਇਓ, ਇਲੀਨੋਇਸ, ਵਰਜੀਨੀਆ, ਕੈਲੇਫੋਰਨੀਆ, ਨਿਊ ਜਰਸੀ, ਨਿਊਯਾਰਕ ਤੋਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਿੱਖ ਜਥੇਬੰਦੀਆਂ ਇਸ ਗੱਲ ‘ਤੇ ਖ਼ਾਸਾ ਨਰਾਜ਼ ਸਨ ਕਿ ਆਰ.ਐੱਸ.ਐੱਸ ਵੱਲੋਂ ਐਲਾਨੀਆ ਤੌਰ ‘ਤੇ ਸਮੂਹ ਘੱਟਗਿਣਤੀਆਂ ਨੂੰ ਹਿੰਦੂ ਬਣਾਉਣ ਦੇ ਏਜੰਡੇ ‘ਤੇ ਕੰਮ ਕੀਤਾ ਜਾ ਰਿਹਾ ਹੈ। ਹਿੰਦੂਤਵੀ ਆਗੂਆਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਨੂੰ ਭਾਰਤ ਦੇ ਨਾਇਕ ਵਜੋਂ ਪੇਸ਼ ਕਰਨ, ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਨਵੀਆਂ ਕਿਤਾਬਾਂ ਛਾਪਣ ਅਤੇ ਸਿੱਖ ਸਿਧਾਂਤਾਂ ‘ਤੇ ਸਿੱਧੇ ਅਸਿੱਧੇ ਢੰਗ ਨਾਲ ਹਮਲੇ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਇੱਕ ਆਵਾਜ਼ ਵਿੱਚ, ‘ਮੋਹਨ ਭਾਗਵਤ ਗੋ ਬੈਕ’, ‘ਘੱਟਗਿਣਤੀ ਵਿਰੋਧੀ ਹੈ ਆਰ.ਐੱਸ.ਐੱਸ’, ‘ਹੂ ਇਜ਼ ਦ ਕਿਲਰ – ਆਰ.ਐੱਸ.ਐੱਸ’, ‘ਸਿੱਖ ਕੀ ਚਾਹੁੰਦੇ – ਆਜ਼ਾਦੀ’, ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਵੀ ਮਾਰੇ ਗਏ। ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦਿਆਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਵੱਲੋਂ ਸ਼ਰੇਆਮ ਕਿਹਾ ਗਿਆ ਹੈ ਕਿ ਉਹ 2023 ਤੱਕ ਭਾਰਤ ਵਿੱਚ ਸਭ ਨੂੰ ਹਿੰਦੂ ਬਣਾ ਦੇਣਗੇ ਅਤੇ ਮੋਦੀ ਸਰਕਾਰ ਵੱਲੋਂ ਇਸੇ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸਾਈ ਆਗੂ ਪੀਟਰ ਨੇ ਕਿਹਾ ਕਿ ਜਿਵੇਂ ਅਮਰੀਕਾ ਵਿੱਚ ਕੇ.ਕੇ.ਕੇ ਫ਼ਿਰਕੂ ਨਫ਼ਰਤ ਫੈਲਾ ਰਹੀ ਹੈ ਓਵੇਂ ਹੀ ਆਰ.ਐੱਸ.ਐੱਸ ਭਾਰਤ ਵਿੱਚ ਨਫ਼ਰਤ ਫੈਲਾ ਰਹੀ ਹੈ, ਇਨ੍ਹਾਂ ਇਨਸਾਨੀਅਤ ਵਿਰੋਧੀ ਲੋਕਾਂ ਦਾ ਅਸੀਂ ਅਮਰੀਕਾ ਵਿੱਚ ਐਵੇਂ ਹੀ ਵਿਰੋਧ ਕਰਕੇ ਸੁਆਗਤ ਕਰਾਂਗੇ। ਮੁਸਲਮਾਨ ਆਗੂਆਂ ਨੇ ਕਿਹਾ ਕਿ ਉਹ ਕਸ਼ਮੀਰ ਦੇ ਨਾਲ ਨਾਲ ਸਿੱਖਾਂ ਦੀ ਆਜ਼ਾਦੀ ਦੀ ਪੂਰਨ ਹਮਾਇਤ ਕਰਦੇ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸ. ਨਰਿੰਦਰ ਸਿੰਘ ਨੇ ਕਿਹਾ ਕਿ ਹਿਟਲਰ ਦੀ ਤਰਜ਼ ‘ਤੇ ਚੱਲ ਰਹੀ ਮੋਦੀ ਹਕੂਮਤ ਜਿਸ ਨੂੰ ਜਨਮ ਦੇਣ ਵਾਲੀ ਆਰ.ਐੱਸ.ਐੱਸ ਹੈ, ਇਸ ਦਾ ਹਰ ਕਦਮ ‘ਤੇ ਸਿੱਖਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਅਤੇ ਹਿੰਦੂਤਵੀਆਂ ਦਾ ਘੱਟਗਿਣਤੀ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਲਿਆਂਦਾ ਜਾਵੇਗਾ। ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ ਡਾ. ਬਖਸ਼ਿਸ਼ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਓਦੋਂ ਤੱਕ ਸਿੱਖ ਅਤੇ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਿੱਖਸ ਫ਼ਾਰ ਜਸਟਿਸ ਵੱਲੋਂ ਵਿੱਢੇ ਆਜ਼ਾਦੀ ਸੰਘਰਸ਼ ‘2020 ਰਿਫਰੈਂਡਮ’ ਦਾ ਖੁੱਲ੍ਹੀਆਂ ਬਾਹਵਾਂ ਨਾਲ ਸਾਥ ਦਿੱਤਾ ਜਾਵੇ। ਸੰਬੋਧਨ ਕਰਨ ਵਾਲਿਆਂ ਵਿੱਚ ਆਰਗੇਨਾਈਜ਼ੇਸ਼ਨਜ਼ ਫ਼ਾਰ ਮਾਈਨੋਰਿਟੀਜ਼ ਆਫ਼ ਇੰਡੀਆ, ਅਲਾਇੰਸ ਫ਼ਾਰ ਜਸਟਿਸ ਐਂਡ ਅਕਾਊਂਟੀਬਿਲਿਟੀ, ਸ਼ਿਕਾਗੋ ਦੇਸੀ ਯੂਥ ਰਾਈਜ਼ਿੰਗ, ਸ਼ਿਕਾਗੋ ਸਾਊਥ ਏਸ਼ੀਅਨਜ਼ ਫ਼ਾਰ ਜਸਟਿਸ, ਇੰਡਿਯਨ ਅਮਰੀਕਨ ਮੁਸਲਿਮ ਕੌਂਸਿਲ, ਸਿੱਖ ਇੰਫੋਰਮਤੀਓਂ ਸੈਂਟਰ (ਸਟੌਕਟਨ)  ਸਿੱਖ ਯੂਥ ਆਫ਼ ਅਮਰੀਕਾ, ਗੁਰਦਵਾਰਾ ਸਿੱਖ ਸੋਸਾਇਟੀ (ਪੈਲਿਨਟਾਈਨ), ਗੁਰਦਵਾਰਾ ਸਿੱਖ ਸੋਸਾਇਟੀ ਆਫ਼ ਇੰਡੀਆਨਾ, ਗੁਰਦਵਾਰਾ ਗਰੀਨਵੁੱਡ ਇੰਡੀਆਨਾ, ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫ਼ਾਰ ਜਸਟਿਸ ਦੇ ਨੁਮਾਇੰਦਿਆਂ ਦੇ ਨਾਮ ਵੀ ਸ਼ਾਮਿਲ ਹਨ।