ਸ਼੍ਰੋਮਣੀ ਕਮੇਟੀ ਵੱਲੋਂ ‘ਇੱਕ ਪਿੰਡ-ਇੱਕ ਗੁਰਦਵਾਰਾ’ ਮੁਹਿੰਮ ਸਫਲਤਾ ਪੂਰਵਕ ਚਲਾਈ ਜਾਵੇ-ਬਾਬਾ ਗੁਰਦੇਵ ਸਿੰਘ ਨਾਨਕਸਰ

ਬਾਬਾ ਗੁਰਦੇਵ ਸਿੰਘ ਨਾਨਕਸਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਹਰਜੀਤ ਸਿੰਘ ਗਰੇਵਾਲ ਤੇ ਚਿਤਮਨਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

• ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ-ਲੌਂਗੋਵਾਲ
ਚੰਡੀਗੜ੍ਹ, 18 ਮਾਰਚ – ਸੈਕਟਰ 28 ਸਥਿਤ ਗੁਰਦਵਾਰਾ ਨਾਨਕਸਰ ਦੇ ਮੁਖੀ ਬਾਬਾ ਗੁਰਦੇਵ ਸਿੰਘ ਨਾਨਕਸਰ ਨੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੋਈ ਉਚੇਚੀ ਮੁਲਾਕਾਤ ਦੌਰਾਨ ਲੌਂਗੋਵਾਲ ਵੱਲੋਂ ਸੂਬੇ ਵਿੱਚ ‘ਇੱਕ ਪਿੰਡ-ਇੱਕ ਗੁਰਦਵਾਰਾ’ ਮੁਹਿੰਮ ਵਿੱਢਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੀ ਇਸ ਪਹਿਲਕਦਮੀ ਨਾਲ ਹਰ ਇੱਕ ਚਿੰਤਕ ਨੂੰ ਜੁੜਨਾ ਚਾਹੀਦਾ ਹੈ ਅਤੇ ਪੰਜਾਬ ਦੇ ਸਮੂਹ ਪਿੰਡਾਂ ਦੇ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ।
ਅੱਜ ਇੱਥੇ ਹੋਈ ਮੁਲਾਕਾਤ ਦੌਰਾਨ ਬਾਬਾ ਗੁਰਦੇਵ ਸਿੰਘ ਨਾਨਕਸਰ ਨੇ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦਵਾਰਾ ਸਹਿਬਾਨ ਦੇ ਸੁਚੱਜੇ ਪ੍ਰਬੰਧਾਂ ਲਈ ਉਲੀਕੀਆਂ ਯੋਜਨਾਵਾਂ ਦੀ ਤਾਰੀਫ਼ ਕਰਦਿਆਂ ਆਖਿਆ ਕਿ ਇਸ ਵੇਲੇ ਵੱਡੀ ਲੋੜ ਨੌਜਵਾਨਾਂ ਨੂੰ ਗੁਰਸਿੱਖੀ, ਗੁਰਬਾਣੀ ਅਤੇ ਮਾਂ-ਬੋਲੀ ਨਾਲ ਜੋੜਨ ਦੀ ਹੈ ਜਿਸ ਲਈ ਲੌਂਗੋਵਾਲ ਵਧਾਈ ਦੇ ਪਾਤਰ ਹਨ ਜਿੰਨਾਂ ਨੇ ਥੋੜੇ ਸਮੇਂ ਅੰਦਰ ਹੀ ਪੰਜਾਬ ਅੰਦਰ ਧਰਮ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਹੈ। ਉਨਾਂ ਭਾਈ ਲੌਂਗੋਵਾਲ ਵੱਲੋਂ ਸਿੱਖੀ ਦੇ ਪਸਾਰ-ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਲਈ ਗੁਰੂ ਅੱਗੇ ਕਾਮਯਾਬੀ ਦੀ ਅਰਦਾਸ ਕਰਦਿਆਂ ਆਖਿਆ ਕਿ ਧਰਮ ਪ੍ਰਚਾਰ ਲਈ ਉਹ ਭਾਈ ਲੌਂਗੋਵਾਲ ਨੂੰ ਹਰ ਤਰਾਂ ਦਾ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਆਪਣਾ ਕਾਰਜਭਾਰ ਸੰਭਾਲਣ ਉਪਰੰਤ ਗੁਰਸਿੱਖੀ ਦੇ ਪ੍ਰਚਾਰ ਅਤੇ ਪਸਾਰ ਨੂੰ ਹੋਰ ਸਰਗਰਮ ਕਰਨ ਲਈ ਉਲੀਕੀਆਂ ਯੋਜਨਾਵਾਂ ਦੀ ਚਰਚਾ ਕਰਦਿਆਂ ਆਖਿਆ ਕਿ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਹਰ ਵਰਗ ਨੂੰ ਸਿੱਖੀ ਨਾਲ ਜੋੜਨ ਲਈ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਤ-ਪਾਤ ਅਤੇ ਫ਼ਿਰਕੇ ਦੇ ਨਾਮ ‘ਤੇ ਵੱਖੋ-ਵੱਖ ਗੁਰਦਵਾਰਾ ਸਾਹਿਬ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਗੁਰੂ ਸਾਹਿਬਾਨ ਨੇ ਖਾਲਸੇ ਦੀ ਸਾਜਨਾ ਕਰਕੇ ਸਿੱਖਾਂ ਵਿੱਚੋ ਜਾਤ-ਪਾਤ ਦਾ ਵਖਰੇਵਾਂ ਸਦਾ ਲਈ ਖਤਮ ਕਰਦਿਆਂ ਇੱਕੋ ਕੌਮ ਦੀ ਸਿਰਜਣਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਇਸੇ ਮਕਸਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ਹਰ ਪਿੰਡ ਵਿੱਚ ‘ਇੱਕ ਪਿੰਡ-ਇੱਕ ਗੁਰਦਵਾਰਾ’ ਦੀ ਸਥਾਪਨਾ ਉਪਰ ਜੋਰ ਦਿੱਤਾ ਹੈ। ਉਨਾਂ ਸਮੂਹ ਸਿੱਖਾਂ ਸਮੇਤ ਪਿੰਡਾਂ-ਸ਼ਹਿਰਾਂ ਦੀਆਂ ਸਮੂਹ ਸਥਾਨਕ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਖੁਦ ਅੱਗੇ ਲੱਗ ਕੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਆਖਿਆ ਹੈ।
ਇਸ ਮੌਕੇ ਉਨਾਂ ਨਾਲ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੰਯੁਕਤ ਸਕੱਤਰ ਚਿਤਮਨਜੀਤ ਸਿੰਘ ਵੀ ਹਾਜ਼ਰ ਸਨ।