ਸਥਿਤੀ ਵਿੱਚ ਸੁਧਾਰ ਆਉਣ ਤੋਂ ਪਹਿਲਾਂ ਹੋਰ ਗੰਭੀਰ ਹੋਣ ਦੀ ਸੰਭਾਵਨਾ – ਟਰੰਪ

ਅਮਰੀਕੀ ਮਾਸਕ ਪਾਉਣ ਤੇ ਬਾਰਾਂ ਤੋਂ ਦੂਰ ਰਹਿਣ।
ਵਾਸ਼ਿੰਗਟਨ 22 ਜੁਲਾਈ (ਹੁਸਨ ਲੜੋਆ ਬੰਗਾ) –
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਹੋਰ ਫੈਲਣ ਦੀ ਸੰਭਾਵਨਾ ਹੈ ਤੇ ਸਥਿਤੀ ਵਿੱਚ ਸੁਧਾਰ ਆਉਣ ਤੋਂ ਪਹਿਲਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਫੈਲਣ ਨੂੰ ਪਹਿਲਾਂ ਹਲਕੇ ਢੰਗ ਨਾਲ ਲੈਂਦੇ ਰਹੇ ਰਾਸ਼ਟਰਪਤੀ ਨੇ ਅਮਰੀਕੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਾਸਕ ਪਹਿਨਣ। ਉਨ੍ਹਾਂ ਕਿਹਾ ਕਿ ”ਅਸੀਂ ਹਰ ਵਿਅਕਤੀ ਨੂੰ ਕਹਿੰਦੇ ਹਾਂ ਕਿ ਜਿੱਥੇ ਸਮਾਜਿਕ ਦੂਰੀ ਸੰਭਵ ਨਾ ਹੋਵੇ ਉੱਥੇ ਮਾਸਕ ਜ਼ਰੂਰ ਪਹਿਨਿਆ ਜਾਵੇ। ਤੁਸੀਂ ਮਾਸਕ ਪਸੰਦ ਕਰਦੇ ਹੋ ਜਾਂ ਨਹੀਂ ਕਰਦੇ ਪਰੰਤੂ ਇਸ ਦਾ ਅਸਰ ਹੈ। ਸਾਨੂੰ ਉਹ ਹਰ ਚੀਜ਼ ਕਰਨੀ ਚਾਹੀਦੀ ਹੈ ਜਿਸ ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।” ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਗੱਲ ਹੈ ਜੋ ਮੈਂ ਕਹਿਣੀ ਨਹੀਂ ਚਾਹੁੰਦਾ ਪਰ ਇਹ ਕਹਿਣਾ ਪੈ ਰਿਹਾ ਹੈ ਕਿਉਂਕਿ ਹਾਲਾਤ ਅਜੇ ਮੋੜਾ ਕੱਟਦੇ ਹੋਏ ਨਜ਼ਰ ਨਹੀਂ ਆ ਰਹੇ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਭੀੜ ਵਾਲੀਆਂ ਬਾਰਾਂ ਵਿੱਚ ਨਾ ਜਾਣ। ਰਾਸ਼ਟਰਪਤੀ ਜਿਨ੍ਹਾਂ ਨੇ ਖ਼ੁਦ ਮਾਸਕ ਨਹੀਂ ਪਾਇਆ ਹੋਇਆ ਸੀ, ਨੇ ਕਿਹਾ ਕਿ ਉਹ ਮਾਸਕ ਆਪਣੇ ਕੋਲ ਰੱਖਦੇ ਹਨ ਤੇ ਲੋੜ ਵੇਲੇ ਇਸ ਨੂੰ ਪਾਉਂਦੇ ਹਨ। ਕੋਰੋਨਾਵਾਇਰਸ ਫੈਲਣ ਕਾਰਨ ਟਰੰਪ ਪ੍ਰਸ਼ਾਸਨ ਦੀ ਨਿਰੰਤਰ ਹੋ ਰਹੀ ਅਲੋਚਨਾ ਦੇ ਮੱਦੇਨਜ਼ਰ ਰਾਸ਼ਟਰਪਤੀ ਅੱਜ ਰਾਜਸੀ ਮੁਹਿੰਮ ਵਿਚਾਲੇ ਛੱਡ ਕੇ ਵਾਈਟ ਹਾਊਸ ਵਿੱਚ ਪਰਤੇ। ਉਨ੍ਹਾਂ ਕਿਹਾ ਕਿ ਵਿਗਿਆਨੀ ਵੈਕਸੀਨ ਬਣਾਉਣ ਵਿੱਚ ਜੁਟੇ ਹੋਏ ਹਨ ਤੇ ਉਹ ਹੋਰ ਕਿਸੇ ਵੀ ਨਾਲੋਂ ਪਹਿਲਾਂ ਇਸ ਨੂੰ ਤਿਆਰ ਕਰ ਲੈਣਗੇ। ਆਪਣੀ 27 ਮਿੰਟਾਂ ਦੀ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਸੁਭਾਅ ਦੇ ਉਲਟ ਆਪਣੇ ਡੈਮੋਕਰੈਟਿਕ ਵਿਰੋਧੀ ਜੋਅ ਬਿਡੇਨ ਦਾ ਇਕ ਵਾਰ ਵੀ ਨਾਂ ਨਹੀਂ ਲਿਆ।
ਟਰੰਪ ਦੀ ਅਲੋਚਨਾ – ਜੋਅ ਬਿਡੇਨ ਦੀ ਰਾਜਸੀ ਮੁਹਿੰਮ ਦੇ ਬੁਲਾਰੇ ਐਂਡਰਿਊ ਬੇਟਸ ਨੇ ਟਵੀਟ ਕੀਤਾ ਹੈ ਕਿ ”ਰਾਸ਼ਟਰਪਤੀ ਨੇ ਇਹ ਕਹਿਕੇ ਕਿ ਸਥਿਤੀ ਸੁਧਰਨ ਤੋਂ ਪਹਿਲਾਂ ਹੋਰ ਖ਼ਰਾਬ ਹੋ ਸਕਦੀ ਹੈ, ਆਪਣੇ ਉਸ ਝੂਠ ਨੂੰ ਉਲਟਾ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਵਾਇਰਸ ਖ਼ੁਦ ਗ਼ਾਇਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਬਾਰੇ ਰਾਸ਼ਟਰਪਤੀ ਦੀ ਧਾਰਨਾ ਕਾਰਨ ਹਜ਼ਾਰਾਂ ਨਿਰਦੋਸ਼ ਅਮਰੀਕਨਾਂ ਨੂੰ ਬਹੁਤ ਖ਼ਤਰਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”