ਸਮੇਂ ਨਾਲ ਬਦਲੋ

ਪ੍ਰੇਰਨਾਦਾਇਕ ਲੇਖ
ਅੱਜ ਕੱਲ੍ਹ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜੋ ਨਜ਼ਾਰਾ ਅਸੀਂ ਇਸ ਸਮੇਂ ਦੇਖ ਰਹੇ ਹਾਂ, ਉਹ ਨਜ਼ਾਰਾ ਅਗਲੇ ਪਲ ਨਹੀਂ ਰਹਿਣਾ। ਅਗਲੇ ਪਲ ਇਸ ਧਰਤੀ ‘ਤੇ ਕਈ ਕੁੱਝ ਬਦਲ ਜਾਣਾ ਹੈ। ਇਹ ਬਦਲਾਓ ਕੁਦਰਤ ਦਾ ਸ਼ੁਰੂ ਤੋਂ ਹੀ ਵਤੀਰਾ ਰਿਹਾ ਹੈ। ਪਹਿਲਾਂ ਸਾਨੂੰ ਇਹ ਬਦਲਾਓ ਬਹੁਤਾ ਮਹਿਸੂਸ ਨਹੀਂ ਸੀ ਹੁੰਦਾ। ਉਦੋਂ ਸਾਡੀ ਆਪਣੀ ਬੁੱਧੀ ਇਸ ਬਦਲਾਓ ਨੂੰ ਮਹਿਸੂਸ ਕਰਨ ਲਈ ਬੜੀ ਸੀਮਤ ਸੀ ਅਤੇ ਅਸੀਂ ਹਨੇਰੇ ਵਿੱਚ ਹੀ ਭਟਕਦੇ ਰਹਿੰਦੇ ਸਾਂ। ਹੁਣ ਵਿਗਿਆਨ ਦੀ ਉੱਨਤੀ ਕਾਰਨ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨ ਨੇ ਸਾਨੂੰ ਇਕ ਨਵੀਂ ਰੌਸ਼ਨੀ ਦਿੱਤੀ ਹੈ ਜਿਸ ਕਾਰਨ ਸਾਨੂੰ ਇਹ ਬਦਲਾਓ ਸਪਸ਼ਟ ਨਜ਼ਰ ਆਉਣ ਲਗ ਪਿਆ ਹੈ। ਸਾਡੀ ਸੋਚ ਅਤੇ ਦ੍ਰਿਸ਼ਟੀ ਸੂਖਮ ਅਤੇ ਵਿਸ਼ਾਲ ਹੋ ਗਈ ਹੈ। ਇਹ ਵਿਸ਼ਾਲ ਦੁਨੀਆ ਇਕ ਛੋਟੇ ਪਰਿਵਾਰ ਵਿੱਚ ਸਿਮਟ ਕੇ ਰਹਿ ਗਈ ਹੈ। ਵਿਗਿਆਨ ਨੇ ਸਮੇਂ ਅਤੇ ਸਥਾਨ ਦੀਆਂ ਦੂਰੀਆਂ ਮਿਟਾ ਦਿੱਤੀਆਂ ਹਨ। ਜੇ ਇਕ ਸਮੇਂ ਦੁਨੀਆ ਦੇ ਕਿਸੇ ਸਥਾਨ ‘ਤੇ ਕੋਈ ਘਟਨਾ ਹੁੰਦੀ ਹੈ ਤਾਂ ਉਸੇ ਪਲ ਦੂਜੇ ਕੋਨੇ ਵਿੱਚ ਉਸ ਦਾ ਪ੍ਰਤੀਕਰਮ ਹੋਣ ਲੱਗ ਪੈਂਦਾ ਹੈ। ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਮਨੁੱਖ ਨੂੰ ਵੀ ਆਪਣਾ ਸਰੀਰਕ ਅਤੇ ਮਾਨਸਿਕ ਸੰਤੁਲਨ ਕਾਇਮ ਰੱਖ ਕੇ ਆਪਣੇ ਵਸੀਲਿਆਂ ਅਨੁਸਾਰ ਤਿਆਰ ਬਰ ਤਿਆਰ ਰਹਿਣਾ ਪਵੇਗਾ ਤਾਂ ਹੀ ਉਹ ਜੀਵਨ ਵਿੱਚ ਇਕ ਸੁਰ ਰਹਿ ਸਕੇਗਾ ਨਹੀਂ ਤਾਂ ਉਹ ਪਛੜ ਜਾਵੇਗਾ। ਉਸ ਦੀ ਬੁੱਧੀ ਇਸ ਵਿਕਾਸ ਨਾਲ ਤਾਲ ਮੇਲ ਨਹੀਂ ਰੱਖ ਸਕੇਗੀ ਅਤੇ ਮਨੁੱਖ ਅਲਪ ਬੁੱਧੀ ਹੋ ਕੇ ਹੀ ਰਹਿ ਜਾਵੇਗਾ।
ਪੁਰਾਤਨ ਮਨੁੱਖ ਵਿਗਿਆਨਕ ਦ੍ਰਿਸ਼ਟੀ ਦੀ ਅਣਹੋਂਦ ਕਾਰਨ ਕੁਦਰਤੀ ਕਹਿਰ ਦੇ ਵਰਤਾਰੇ ਜਿਵੇਂ ਹਨੇਰੀ, ਤੁਫ਼ਾਨ, ਭੁਚਾਲ ਆਦਿ ਨੂੰ ਹੀ ਕਿਸੇ ਗੈਬੀ ਸ਼ਕਤੀਆਂ ਦੀ ਕਰੋਪੀ ਸਮਝਦਾ ਸੀ ਇਸ ਲਈ ਉਹ ਹਰ ਸਮੇਂ ਡਰਦਾ ਹੀ ਰਹਿੰਦਾ ਸੀ। ਜਦ ਕਦੀ ਉਸ ਨੂੰ ਰਾਤ ਦੇ ਹਨੇਰੇ ਵਿੱਚ ਜੰਗਲ ਵਿਚੋਂ ਗੁਜ਼ਰਨ ਦਾ ਮੌਕਾ ਮਿਲਦਾ ਤਾਂ ਉਹ ਜਾਨਵਰਾਂ ਦੇ ਚੀਕਣ ਦੀਆਂ ਆਵਾਜ਼ਾਂ ਅਤੇ ਪੱਤਿਆਂ ਦੀ ਖੜਖੜਾ ਹੱਟ ਤੋਂ ਹੀ ਡਰ ਕੇ ਸਹਿਮ ਜਾਂਦਾ ਸੀ। ਇਨ੍ਹਾਂ ਭਿਆਨਕ ਆਵਾਜ਼ਾਂ ਨੇ ਮਨੁੱਖ ਦੇ ਮਨ ਅੰਦਰ ਭੂਤ ਪ੍ਰੇਤ ਅਤੇ ਚੁੜੇਲਾਂ ਦੀ ਹੋਂਦ ਨੂੰ ਜਨਮ ਦਿੱਤਾ। ਇਨ੍ਹਾਂ ਦੁਸ਼ਵਾਰੀਆਂ ਕਾਰਨ ਮਨੁੱਖ ਵਹਿਮਾਂ ਭਰਮਾ ਵਿੱਚ ਹੀ ਉਲਝ ਕੇ ਰਹਿ ਗਿਆ। ਉਹ ਆਪਣੀ ਹਰ ਅਸਫਲਤਾ ਅਤੇ ਮੁਸੀਬਤ ਨੂੰ ਆਪਣੀ ਕਿਸਮਤ ਅਤੇ ਇਨ੍ਹਾਂ ਦੁਸ਼ਟਾਂ ਦੀ ਕਰੋਪੀ ਨੂੰ ਹੀ ਸਮਝਣ ਲੱਗਾ। ਹੁਣ ਉਸ ਨੂੰ ਜ਼ਰੂਰਤ ਸੀ ਕਿਸੇ ਮਸੀਹੇ ਦੀ ਜੋ ਉਸ ਨੂੰ ਇਨ੍ਹਾਂ ਗੈਬੀ ਸ਼ਕਤੀਆਂ ਅਤੇ ਬੁਰੀਆਂ ਆਤਮਾਵਾਂ ਤੋਂ ਨਿਜਾਤ ਦਵਾ ਸਕੇ। ਮਨੁੱਖ ਦੀ ਇਸ ਕਮਜ਼ੋਰੀ ਦਾ ਕੁੱਝ ਸ਼ਾਤਰ ਲੋਕਾਂ ਨੇ ਗ਼ਲਤ ਫ਼ਾਇਦਾ ਉਠਾਇਆ ਅਤੇ ਉਸ ਨੂੰ ਜੰਤਰਾਂ, ਮੰਤਰਾਂ ਅਤੇ ਤੰਤਰਾਂ ਵਿੱਚ ਉਲਝਾ ਕੇ ਰੱਖ ਦਿੱਤਾ। ਮਨੁੱਖ ਨੂੰ ਠੱਗਣ ਲਈ ਉਨ੍ਹਾਂ ਨੇ ਧਰਮ ਦੇ ਨਾਮ ਤੇ ਅਲੱਗ ਅਲੱਗ ਦੁਕਾਨਾਂ ਖੋਲ੍ਹ ਲਈਆਂ। ਉਹ ਆਪਣੇ ਆਪ ਨੂੰ ਰੱਬ ਦਾ ਏਜੰਟ ਦੱਸਣ ਲੱਗੇ ਅਤੇ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਦੇ ਬਹਾਨੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦੀ ਲੁੱਟ ਮਾਰ ਕਰਨ ਲੱਗ ਪਏ ਹਨ। ਹੋਲੀ ਹੋਲੀ ਇਹ ਵਹਿਮ ਭਰਮ ਅਤੇ ਤੰਤਰ ਮੰਤਰ ਆਮ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਗਏ।
ਵਿਗਿਆਨ ਦੀ ਉੱਨਤੀ ਨੇ ਮਨੁੱਖ ਨੂੰ ਦਿੱਬ-ਦ੍ਰਿਸ਼ਟੀ ਦਿੱਤੀ ਅਤੇ ਉਸ ਨੂੰ ਹਨੇਰੇ ਵਿਚੋਂ ਚਾਨਣ ਵਿੱਚ ਲਿਆਉਂਦਾ। ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਵਿੱਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਕਿਸੇ ਗੈਬੀ ਸ਼ਕਤੀ ਨੇ ਤੁਹਾਡੀ ਕਿਸਮਤ ਨਹੀਂ ਬਦਲ ਦੇਣੀ। ਇਸ ਲਈ ਆਪਣੀ ਮਿਹਨਤ ਦਾ ਫਲ ਖਾਓ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਮੁਫ਼ਤ ਵਿੱਚ ਕਿਸੇ ਤੋਂ ਕੋਈ ਵਸਤੂ ਪ੍ਰਾਪਤ ਕਰਨ ਦੀ ਇੱਛਾ ਨਾ ਰੱਖੋ। ਬੰਦਾ ਕੇਵਲ ਮਿਹਨਤ ਨਾਲ ਹੀ ਆਪਣੀ ਕਿਸਮਤ ਬਦਲ ਸਕਦਾ ਹੈ। ਇਸ ਲਈ aੁੱਦਮ ਕਰਨ ਦੀ ਲੋੜ ਹੈ। ਉੱਦਮੀ ਮਨੁੱਖ ਕਦੀ ਬਦਕਿਸਮਤ ਨਹੀਂ ਹੁੰਦਾ। ਪੁਰਾਣੇ ਵਹਿਮਾਂ ਭਰਮਾ ਦੇ ਵਿਚਾਰ ਸਮਾਂ ਪੈਣ ‘ਤੇ ਜ਼ਿੰਦਗੀ ਦੀ ਕਸੌਟੀ ‘ਤੇ ਪੂਰੇ ਨਹੀਂ ਉੱਤਰਦੇ। ਇਨ੍ਹਾਂ ਨੂੰ ਛੱਡਣ ਵਿੱਚ ਹੀ ਭਲਾ ਹੈ। ਕਿਸੇ ਵਿਚਾਰ ਨੂੰ ਅਪਨਾਉਣ ਤੋਂ ਪਹਿਲਾਂ ਉਸ ਨੂੰ ਵਿਗਿਆਨ ਦੀ ਕਸੌਟੀ ‘ਤੇ ਪਰਖ ਲੈਣਾ ਚਾਹੀਦਾ ਹੈ। ਹਨੇਰੇ ਵਿੱਚ ਭਟਕਣ ਦਾ ਕੀ ਫ਼ਾਇਦਾ? ਸਾਨੂੰ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ। ਇਸ ਨਾਲ ਹਰ ਚੀਜ਼ ਪਰਤੱਖ ਨਜ਼ਰ ਆਉਂਦੀ ਜਾਵੇਗੀ। ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ।
ਅੰਧਵਿਸ਼ਵਾਸ ਦਾ ਪੱਲਾ ਛੱਡੋ। ਅੰਧਵਿਸ਼ਵਾਸ ਸਾਨੂੰ ਇੱਕੋ ਕਿੱਲੇ ਨਾਲ ਬੰਨੀ ਰੱਖਦਾ ਹੈ ਅਤੇ ਉੱਚੀਆਂ ਉਡਾਰੀਆਂ ਲਾਣ ਤੋ ਰੋਕਦਾ ਹੈ। ਵਹਿਮਾਂ ਭਰਮਾ ਨੂੰ ਮੰਨਣ ਵਾਲਾ ਬੰਦਾ ਢਾਊ ਵਿਚਾਰਾਂ ਦਾ ਹੁੰਦਾ ਹੈ। ਉਹ ਕਦੀ ਉੱਨਤੀ ਨਹੀਂ ਕਰ ਸਕਦਾ। ਉਹ ਹਰ ਕੰਮ ਕਰਨ ਲੱਗਿਆਂ ਕਿਸੇ ਬਾਹਰੀ ਮਦਦ ਦਾ ਆਸਰਾ ਭਾਲਦਾ ਹੈ। ਉਸ ਨੂੰ ਆਪਣੀ ਖ਼ੁਦ ਦੀ ਸ਼ਕਤੀ ‘ਤੇ ਭਰੋਸਾ ਨਹੀਂ ਹੁੰਦਾ। ਜਾਦੂ, ਟੂਣਾ, ਭੂਤ-ਪ੍ਰੇਤ ਸਭ ਦੁਰਲੱਭ ਲੋਕਾਂ ਦੇ ਮਾਨਸਿਕ ਵਿਕਾਰ ਹਨ। ਇਹ ਕਿਸੇ ਦੀ ਕਿਸਮਤ ਨਹੀਂ ਬਦਲ ਸਕਦੇ। ਆਪਣੀ ਕਿਸਮਤ ਬਦਲਣ ਲਈ ਤੁਹਾਨੂੰ ਆਪ ਹੀ ਕਰਮ ਕਰਨਾ ਪਵੇਗਾ। ਜੇ ਅਸੀਂ ਆਪਣੇ ਅੰਦਰੋਂ ਪੁਰਾਣੇ ਦਕਿਆਨੂਸੀ ਅਤੇ ਬੇਕਾਰ ਵਿਚਾਰ ਕੱਢਾਂਗੇ ਤਾਂ ਹੀ ਨਵੇਂ ਵਿਚਾਰਾਂ ਦੇ ਧਾਰਨੀ ਬਣਾਂਗੇ ਅਤੇ ਸਮੇਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਾਂਗੇ। ਉਤਰਾ ਚੜ੍ਹਾ ਤਾਂ ਜ਼ਿੰਦਗੀ ਦਾ ਹਿੱਸਾ ਹਨ। ਦੁੱਖ ਸੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਹੀ ਰਹਿੰਦੇ ਹਨ ਇਸ ਲਈ ਹਮੇਸ਼ਾ ਸਹਿਜ ਵਿੱਚ ਰਹਿਣਾ ਚਾਹੀਦਾ ਹੈ। ਦੂਜੇ ਪਾਸੇ ਜੋ ਆਪਣੇ ਬਲ ‘ਤੇ ਭਰੋਸਾ ਰੱਖਦੇ ਹਨ ਉਹ ਹੀ ਬੁਲੰਦੀਆਂ ਨੂੰ ਛੂੰਹਦੇ ਹਨ। ਪ੍ਰਮਾਤਮਾ ਵੀ ਉਨ੍ਹਾਂ ਦਾ ਹੀ ਸਾਥ ਦਿੰਦਾ ਹੈ। ਅਜਿਹੇ ਲੋਕਾਂ ਨੇ ਅੰਧਵਿਸ਼ਵਾਸਾਂ ਨੂੰ ਨਕਾਰ ਕੇ ਮਿਹਨਤ ਦਵਾਰਾ ਆਪਣੀ ਜ਼ਿੰਦਗੀ ਬਦਲ ਲਈ ਹੈ। ਉਹ ਇਕ ਸਫਲ ਜ਼ਿੰਦਗੀ ਬਸਰ ਕਰ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਅੱਜ ੨੧ਵੀਂ ਸਦੀ ਵਿੱਚ ਜਦ ਕਈ ਦੇਸ਼ ਮੰਗਲ ਗ੍ਰਹਿ ‘ਤੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਿੱਤ ਨਵੀਆਂ ਖੋਜਾਂ ਕਰ ਰਹੇ ਹਨ ਪਰ ਸਾਡੇ ਭਾਰਤ ਦੇ ਕੁੱਝ ਭੁੱਲੜ ਲੋਕ ਹਾਲੀ ਵੀ ਇਨ੍ਹਾਂ ਜੋਤਸ਼ੀਆਂ, ਪੰਡਤਾਂ ਅਤੇ ਢੌਂਗੀ ਬਾਬਿਆਂ ਦੇ ਮਗਰ ਲੱਗੇ ਹੋਏ ਹਨ। ਇਸੇ ਕਾਰਨ ਸਾਡਾ ਦੇਸ਼ ਉੱਨਤੀ ਨਹੀਂ ਕਰ ਰਿਹਾ ਅਤੇ ਬਾਕੀ ਦੁਨੀਆ ਤੋਂ ਪਛੜ ਰਿਹਾ ਹੈ। ਢੌਂਗੀ ਬਾਬਿਆਂ ਦੇ ਡੇਰੇ ਦੇਸ਼ ਵਿੱਚ ਖੁੰਬਾਂ ਦੀ ਤਰ੍ਹਾਂ ਵਧ ਰਹੇ ਹਨ ਅਤੇ ਉਨ੍ਹਾਂ ਦੇ ਵਿਭਚਾਰ ਅਤੇ ਭ੍ਰਿਸ਼ਟਾਚਾਰ ਦੇ ਨਿੱਤ ਨਵੇਂ ਕਾਂਡ ਜਨਤਾ ਦੇ ਸਾਹਮਣੇ ਆ ਰਹੇ ਹਨ। ਅਸੀਂ ਅੰਧਵਿਸ਼ਵਾਸੀ ਹੋ ਕੇ ਫੋਕੇ ਕਰਮ ਕਾਂਡਾਂ ਵਿੱਚ ਫਸੇ ਪਏ ਹਾਂ ਅਤੇ ਇਨਸਾਨੀਅਤ ਨੂੰ ਵਿਸਾਰੀ ਬੈਠੇ ਹਾਂ। ਅਸੀਂ ਮੰਦਰਾਂ ਵਿੱਚ ਪੱਥਰਾਂ ਨੂੰ ਦੁੱਧ ਪਿਆ ਸਕਦੇ ਹਾਂ (ਜੋ ਗਟਰ ਵਿੱਚ ਰੁੜ੍ਹ ਕੇ ਬਰਬਾਦ ਹੋ ਰਿਹਾ ਹੈ) ਪਰ ਜੋ ਲੱਖਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ ਸਾਨੂੰ ਉਨ੍ਹਾਂ ਦਾ ਧਿਆਨ ਨਹੀਂ ਆਉਂਦਾ। ਅਸੀਂ ਪੀਰਾਂ ਦੀਆਂ ਮਜ਼ਾਰਾਂ ‘ਤੇ ਜਾ ਕੇ ਕੀਮਤੀ ਚਾਦਰਾਂ ਚੜ੍ਹਾਂ ਸਕਦੇ ਹਾਂ ਪਰ ਉਨ੍ਹਾਂ ਔਰਤਾਂ ਅਤੇ ਬੱਚਿਆਂ ਦੇ ਤਨ ਢੱਕਣ ਦਾ ਖ਼ਿਆਲ ਨਹੀਂ ਆਉਂਦਾ ਜੋ ਬਿਨਾ ਕੱਪੜਿਆਂ ਤੋਂ ਠੰਡ ਨਾਲ ਠਰ ਕੇ ਮਰ ਰਹੇ ਹਨ। ਅਸੀਂ ਵਿਆਹਾਂ, ਸ਼ਾਦੀਆਂ ਅਤੇ ਪਾਰਟੀਆਂ ਵਿੱਚ ਕਿਤਨਾ ਹੀ ਭੋਜਨ ਜੂਠਾ ਛੱਡ ਕੇ ਬਰਬਾਦ ਕਰ ਦਿੰਦੇ ਹਾਂ ਜੋ ਕਿਤਨੇ ਬੰਦਿਆਂ ਦੇ ਢਿੱਡ ਭਰਨ ਦੇ ਕੰਮ ਆ ਸਕਦਾ ਹੈ। ਸਾਨੂੰ ਅਜਿਹੀਆਂ ਫ਼ਜੂਲ ਦੀਆਂ ਆਦਤਾਂ ਨੂੰ ਬਦਲਣਾ ਚਾਹੀਦਾ ਹੈ। ਭਾਰਤ ਵਿੱਚ ਚੰਡੀਗੜ੍ਹ ਅਤੇ ਕੁੱਝ ਹੋਰ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਦੁੱਧ ਬੈਂਕ ਖੁੱਲ੍ਹ ਗਏ ਹਨ। ਕਈ ਨਵੀਆਂ ਮਾਵਾਂ ਜਿਨ੍ਹਾਂ ਦੇ ਛੋਟੇ ਬੱਚੇ ਉਨ੍ਹਾਂ ਦਾ ਦੁੱਧ ਨਹੀਂ ਚੁੰਘ ਸਕਦੇ, ਆਪ ਉਨ੍ਹਾਂ ਦੁੱਧ ਬੈਂਕਾਂ ਵਿੱਚ ਜਾ ਕੇ ਦੂਸਰਿਆਂ ਦੇ ਮਾਸੂਮ ਬੱਚਿਆਂ ਲਈ ਆਪਣਾ ਦੁੱਧ ਦਾਨ ਕਰਦੀਆਂ ਹਨ। ਇਸ ਨਾਲ ਉਨ੍ਹਾਂ ਬੱਚਿਆਂ ਨੂੰ ਨਰੋਈ ਅਤੇ ਪੌਸ਼ਟਿਕ ਖ਼ੁਰਾਕ ਮਿਲਦੀ ਹੈ। ਸਰੀਰਕ ਤੌਰ ‘ਤੇ ਉਨ੍ਹਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਜੇ ਅਜਿਹੀਆਂ ਧਰਮੀ ਮਾਵਾਂ ਸ਼ਰਮ ਕਾਰਨ ਜਾਂ ਕਿਸੇ ਵਹਿਮ ਕਾਰਨ ਆਪਣਾ ਦੁੱਧ ਦਾਨ ਨਾ ਕਰਨ ਤਾਂ ਉਹ ਬੇਕਾਰ ਹੀ ਜਾਣਾ ਸੀ। ਉਨ੍ਹਾਂ ਦੇ ਇਸ ਕੰਮ ਨਾਲ ਮਨੁੱਖਤਾ ਦਾ ਭਲਾ ਹੁੰਦਾ ਹੈ। ਇਹ ਉੱਦਮ ਪੱਥਰਾਂ ਨੂੰ ਦੁੱਧ ਪਿਆਉਣ ਨਾਲੋਂ ਕਿਤੇ ਚੰਗਾ ਹੈ।
ਮਨੁੱਖ ਨੂੰ ਸ਼ਾਂਤ ਅਤੇ ਸਫਲ ਜ਼ਿੰਦਗੀ ਜਿਊਣ ਲਈ ਕਦਮ ਕਦਮ ਤੇ ਕਈ ਸਮਝੌਤੇ ਕਰਨੇ ਪੈਂਦੇ ਹਨ। ਜਦ ਕਿਸੇ ਲੜਕੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਵੀ ਨਵੇਂ ਰਿਸ਼ਤਿਆਂ ਅਤੇ ਨਵੇਂ ਵਾਤਾਵਰਨ ਮੁਤਾਬਿਕ ਆਪਣੇ ਆਪ ਨੂੰ ਕੁੱਝ ਬਦਲ ਕੇ ਹੀ ਜ਼ਿੰਦਗੀ ਬਸਰ ਕਰਨੀ ਪੈਂਦੀ ਹੈ। ਇਸੇ ਤਰਾਂ ਜਦ ਅਸੀਂ ਮਕਾਨ ਬਦਲਦੇ ਹਾਂ ਜਾਂ ਕਿਸੇ ਨਵੇਂ ਸ਼ਹਿਰ ਵਿੱਚ ਜਾਂਦੇ ਹਾਂ ਤਾਂ ਵੀ ਸਾਨੂੰ ਉੱਥੋਂ ਦੇ ਮਾਹੌਲ ਅਤੇ ਲੋਕਾਂ ਮੁਤਾਬਿਕ ਆਪਣੇ ਆਪ ਨੂੰ ਬਦਲਣਾ ਹੀ ਪੈਂਦਾ ਹੈ। ਅੱਜ ਕੱਲ੍ਹ ਸਾਡੀ ਨਵੀਂ ਪੀੜ੍ਹੀ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਰਹੀ ਹੈ। ਉੱਥੇ ਵੀ ਉਹ ਲੋਕ ਹੀ ਕਾਮਯਾਬ ਹੁੰਦੇ ਹਨ ਜੋ ਉੱਥੋਂ ਦੇ ਵਾਤਾਵਰਨ, ਰਹਿਣ ਸਹਿਣ, ਬੋਲੀ ਅਤੇ ਰਸਮੋ ਰਿਵਾਜ ਮੁਤਾਬਿਕ ਆਪਣੇ ਆਪ ਨੂੰ ਬਦਲ ਕੇ ਰਹਿੰਦੇ ਹਨ। ਉਹ ਨਿੱਤ ਨਵੀਆਂ ਮੱਲ੍ਹਾਂ ਮਾਰਦੇ ਹਨ। ਉਹ ਆਪਣੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਂਦੇ ਹਨ ਅਤੇ ਆਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰਦੇ ਹਨ।
ਕਈ ਵਾਰੀ ਜਦ ਅਸੀਂ ੬੦ ਸਾਲ ਤੋਂ ਉੱਪਰ ਟੱਪ ਜਾਂਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਹੁਣ ਬਜ਼ੁਰਗੀ ਵਿੱਚ ਆ ਗਏ ਹਾਂ ਅਤੇ ਸਾਡੀਆਂ ਆਦਤਾਂ ਪੱਕ ਗਈਆਂ ਹਨ। ਅਸੀਂ ਇਨ੍ਹਾਂ ਨੂੰ ਬਦਲ ਨਹੀਂ ਸਕਦੇ। ਇਸ ਕਰ ਕੇ ਸਾਨੂੰ ਨਵੀਂ ਪੀੜ੍ਹੀ ਦੀਆਂ ਆਦਤਾਂ ਨੂੰ ਅਪਣਾਉਣ ਵਿੱਚ ਦਿੱਕਤ ਆਉਂਦੀ ਹੈ। ਅਸੀਂ ਨਵੀਆਂ ਉਪ ਲੱਭਦੀਆਂ ਨੂੰ ਪੀੜ੍ਹੀ ਦਾ ਪਾੜਾ ਕਹਿ ਕੇ ਘੇਸਲ ਵੱਟ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਬਾਕੀ ਸਮਾਜ ਤੋਂ ਪਿੱਛੇ ਰਹਿ ਜਾਂਦੇ ਹਾਂ। ਮਿਸਾਲ ਦੇ ਤੌਰ ‘ਤੇ ਸਾਇੰਸ ਦੀਆਂ ਉਪ ਲੱਭਦੀਆਂ ਨੇ ਵੀ ਸਾਡੀ ਜ਼ਿੰਦਗੀ ਤੇਜ਼ ਅਤੇ ਸੋਖੀ ਕਰ ਦਿੱਤੀ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਗ਼ੈਸ, ਕੁੱਕਰ, ਫ਼ਰਿਜ ਅਤੇ ਮਾਈਕਰੋਵੇਵ ਓਵਨ ਵਿਰਲੇ ਘਰਾਂ ਵਿੱਚ ਹੀ ਹੁੰਦਾ ਸੀ। ਇਨ੍ਹਾਂ ਵਸਤੂਆਂ ਦੇ ਆਉਣ ਨਾਲ ਸਾਡੀ ਜ਼ਿੰਦਗੀ ਕਾਫ਼ੀ ਸੋਖੀ ਹੋ ਗਈ ਅਤੇ ਸਮੇਂ ਦੀ ਵੀ ਕਾਫ਼ੀ ਬੱਚਤ ਹੋਣ ਲੱਗੀ ਹੈ। ਹੁਣ ਕਰੀਬ ਹਰ ਘਰ ਵਿੱਚ ਇਨ੍ਹਾਂ ਚੀਜ਼ਾਂ ਦਾ ਪ੍ਰਯੋਗ ਹੁੰਦਾ ਹੈ। ਇਸੇ ਤਰ੍ਹਾਂ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾਣ ਲਈ ਆਪਣੀ ਸਵਾਰੀ ਦੇ ਤੌਰ ‘ਤੇ ਕੇਵਲ ਸਾਈਕਲ ਹੀ ਹੁੰਦਾ ਸੀ। ਹੁਣ ਘਰ ਘਰ ਵਿੱਚ ਸਕੂਟਰ ਅਤੇ ਕਾਰਾਂ ਹਨ। ਇਨ੍ਹਾਂ ਦੇ ਆਉਣ ਨਾਲ ਸਾਡਾ ਸਫ਼ਰ ਕਾਫ਼ੀ ਸੌਖਾ ਹੋ ਗਿਆ ਹੈ ਅਤੇ ਸਮੇਂ ਦੀ ਵੀ ਬਹੁਤ ਬੱਚਤ ਹੋਣ ਲਗ ਪਈ ਹੈ। ਇਸੇ ਤਰ੍ਹਾਂ ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਨੇ ਵੀ ਸਾਨੂੰ ਇਕ ਦੂਜੇ ਦੇ ਕਾਫ਼ੀ ਨੇੜੇ ਲੈ ਆਉਂਦਾ ਹੈ। ਸਾਰੀ ਦੁਨੀਆ ਇਕ ਛੋਟੇ ਜਿਹੇ ਪਿੰਡ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਦੂਰੀਆਂ ਘਟ ਗਈਆਂ ਹਨ। ਜੇ ਅਸੀਂ ਇਨ੍ਹਾਂ ਚੀਜ਼ਾਂ ਨੂੰ ਨਾ ਅਪਣਾਉਂਦੇ ਤਾਂ ਸਾਡੀ ਜ਼ਿੰਦਗੀ ਦੀ ਰਫ਼ਤਾਰ ਕਿਤੇ ਮੱਠੀ ਹੋਣੀ ਸੀ। ਅਸੀਂ ਇਨ੍ਹਾਂ ਸੁੱਖਾਂ ਤੋਂ ਵਾਂਝੇ ਹੀ ਰਹਿ ਜਾਣਾ ਸੀ।
ਕਈ ਲੋਕ ੬੫/੭੦ ਸਾਲ ਦੇ ਬਜ਼ੁਰਗ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਦਿਮਾਗ਼ ਦੀ ਸੂਈ ਹਾਲੀ ਵੀ ੨੫/੩੦ ਸਾਲ ਜਾਂ ਉਸ ਤੋਂ ਵੀ ਕਿਤੇ ਪਿੱਛੇ ਹੀ ਘੁੰਮਦੀ ਰਹਿੰਦੀ ਹੈ। ਉਹ ਹਾਲੀ ਵੀ ਆਪਣੇ ਆਪ ਨੂੰ ਬੱਚਾ ਹੀ ਸਮਝਦੇ ਹਨ ਅਤੇ ਬੱਚਿਆਂ ਜਿਹਾ ਹੀ ਵਰਤਾਰਾ ਕਰਦੇ ਹਨ। ਉਨ੍ਹਾਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ। ਅਜਿਹੇ ਲੋਕ ਕਿਸੇ ਦਾ ਸਹਾਰਾ ਨਹੀਂ ਬਣਦੇ। ਉਹ ਹਰ ਕੰਮ ਕਰਨ ਲੱਗੇ ਦੂਸਰੇ ਦਾ ਸਹਾਰਾ ਹੀ ਭਾਲਦੇ ਰਹਿੰਦੇ ਹਨ। ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੋਈ ਜੁਆਨ ਆਦਮੀ ਹਾਲੀ ਵੀ ਬੋਤਲ ਨਾਲ ਹੀ ਦੁੱਧ ਪੀ ਰਿਹਾ ਹੋਵੇ। ਅਜਿਹੇ ਲੋਕਾਂ ਦਾ ਪਰਿਵਾਰ ਵਿੱਚ ਜਾਂ ਸਮਾਜ ਵਿੱਚ ਕੋਈ ਯੋਗਦਾਨ ਨਹੀਂ ਹੁੰਦਾ।
ਸਮੇਂ ਦੀ ਕਦਰ ਕਰੋ। ਸਮਾਂ ਬਹੁਤ ਕੀਮਤੀ ਹੈ। ਇਸ ਦੀ ਕੀਮਤ ਨੂੰ ਸਮਝੋ। ਸਮੇਂ ਨੂੰ ਬਰਬਾਦ ਨਾ ਕਰੋ। ਗੁਜ਼ਰਿਆ ਸਮਾਂ ਕਦੀ ਵਾਪਸ ਨਹੀਂ ਆਉਂਦਾ। ਜੋ ਵਿਹਲਾ ਬੈਠ ਕੇ ਸਮੇਂ ਨੂੰ ਬਰਬਾਦ ਕਰਦਾ ਹੈ ਸਮਾਂ ਇਕ ਦਿਨ ਉਸ ਨੂੰ ਬਰਬਾਦ ਕਰ ਕੇ ਰੱਖ ਦਿੰਦਾ ਹੈ। ਬੰਦੇ ਨੂੰ ਆਲਸੀ ਅਤੇ ਦਲਿੱਦਰੀ ਨਹੀਂ ਹੋਣਾ ਚਾਹੀਦਾ। ਆਲਸ ਸਾਨੂੰ ਕੰਮ ਕਰਨ ਤੋਂ ਰੋਕਦਾ ਹੈ ਅਤੇ ਸਾਡੇ ਅੰਦਰ ਢਾਹੂ ਵਿਚਾਰ ਪੈਦਾ ਕਰਦਾ ਹੈ। ਆਲਸ ਕਾਰਨ ਅਸੀਂ ਆਪਣੀ ਸਮਰੱਥਾ ਨੂੰ ਪੂਰੀ ਤਰ੍ਹਾਂ ਪਛਾਣ ਨਹੀਂ ਪਾਉਂਦੇ ਅਤੇ ਬੁਲੰਦੀਆਂ ਨੂੰ ਛੂਹਣ ਤੋ ਰਹਿ ਜਾਂਦੇ ਹਾਂ। ਆਲਸੀ ਬੰਦੇ ਕੋਲੋਂ ਕਿਸੇ ਉਸਾਰੂ ਕੰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਆਲਸੀ ਬੰਦਾ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਉਹ ਹਮੇਸ਼ਾ ਕੰਮ ਨਾ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਹੈ ਅਤੇ ਸਾਰੀ ਉਮਰ ਬਦਕਿਸਮਤੀ ਦੀ ਜ਼ਿੰਦਗੀ ਹੰਢਾਉਂਦਾ ਹੈ। ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਂਦਾ ਹੈ ਅਤੇ ਸਦਾ ਲਈ ਉਨ੍ਹਾਂ ਦੇ ਤ੍ਰਿਸਕਾਰ ਦਾ ਪਾਤਰ ਹੀ ਬਣਿਆ ਰਹਿੰਦਾ ਹੈ। ਯਾਦ ਰੱਖੋ ਤੁਹਾਡੇ ਸੁੱਖ, ਸ਼ਾਂਤੀ, ਖ਼ੁਸ਼ਹਲੀ ਅਤੇ ਸਫ਼ਲਤਾ ਦੀ ਜ਼ਿੰਦਗੀ ਤੁਹਾਡੇ ਆਲਸ ਦੀ ਹੱਦ ਪਾਰ ਕਰ ਕੇ ਉੱਦਮੀ ਚਾਲ ਨਾਲ ਹੀ ਸ਼ੁਰੂ ਹੁੰਦੀ ਹੈ। ਜੇ ਤੁਹਾਡੇ ਮਨ ਵਿੱਚ ਕੋਈ ਚੰਗਾ ਅਤੇ ਉਸਾਰੂ ਕੰਮ ਕਰਨ ਦਾ ਵਿਚਾਰ ਆਉਂਦਾ ਹੈ ਤਾਂ ਜਿੰਨਾ ਜਲਦੀ ਹੋ ਸਕੇ ਉਸ ਕੰਮ ਨੂੰ ਸ਼ੁਰੂ ਕਰੋ। ਆਪਣੇ ਅਗਾਂਹ ਵਧੂ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਓ। ਚੰਗੇ ਕੰਮ ਲਈ ਕਿਸੇ ਮਹੂਰਤ ਦੀ ਲੋੜ ਨਹੀਂ ਹੁੰਦੀ। ਜਦੋਂ ਉਸ ਕੰਮ ਨੂੰ ਸ਼ੁਰੂ ਕਰੋਗੇ ਉਹ ਹੀ ਚੰਗਾ ਮਹੂਰਤ ਹੋ ਨਿੱਬੜੇਗਾ। ਤੁਹਾਡੇ ਬੰਦ ਦਰਵਾਜ਼ੇ ਖੁੱਲ੍ਹਦੇ ਜਾਣਗੇ ਅਤੇ ਤੁਹਾਨੂੰ ਸਫ਼ਲਤਾ ਦੇ ਰਸਤੇ ਮਿਲਦੇ ਜਾਣਗੇ। ਇਸੇ ਤਰ੍ਹਾਂ ਜੇ ਤੁਹਾਡੇ ਮਨ ਵਿੱਚ ਕੋਈ ਮਾੜੀ ਆਦਤ ਤਿਆਗਣ ਦਾ ਵਿਚਾਰ ਆਉਂਦਾ ਹੈ ਤਾਂ ਉਸ ਨੂੰ ਕਦੀ ਕੱਲ੍ਹ ‘ਤੇ ਨਾ ਪਾਓ। ਕੀ ਪਤਾ ਕੱਲ੍ਹ ਆਵੇ ਜਾਂ ਨਾ ਆਵੇ। ਭੈੜੀ ਆਦਤ ਤੋਂ ਜਿੰਨੀ ਜਲਦੀ ਛੁਟਕਾਰਾ ਪਾ ਲਿਆ ਜਾਏ ਓਨਾ ਹੀ ਚੰਗਾ ਹੈ। ਤੁਹਾਡੀ ਇਕ ਵੀ ਮਾੜੀ ਆਦਤ ਤੁਹਾਡੇ ਉਜਲੇ ਆਚਰਨ ‘ਤੇ ਕਾਲਾ ਦਾਗ਼ ਹੈ ਜੋ ਤੁਹਾਡੀ ਪ੍ਰਤਿਭਾ ਨੂੰ ਨਿੱਖਰਨ ਨਹੀਂ ਦਿੰਦਾ।
ਕਦੀ ਇਹ ਨਾ ਸੋਚੋ ਕਿ ਮੇਰਾ ਸੱਚ ਹੀ ਅੰਤਿਮ ਸੱਚ ਹੈ। ਦੂਸਰੇ ਦੇ ਵਿਚਾਰਾਂ ਨੂੰ ਵੀ ਸੁਣੋ ਅਤੇ ਸਮਝੋ। ਦੂਸਰੇ ਦੇ ਚੰਗੇ ਵਿਚਾਰਾਂ ਨੂੰ ਅਪਣਾਉਣ ਵਿੱਚ ਕਦੀ ਸ਼ਰਮ ਨਾ ਕਰੋ। ਜਿਹੜਾ ਮਨੁੱਖ ਸਮੇਂ ਨਾਲ ਨਹੀਂ ਬਦਲਦਾ, ਸਮਾਂ ਉਸ ਨੂੰ ਪਿੱਛੇ ਛੱਡ ਜਾਂਦਾ ਹੈ। ਉਸ ਦਾ ਵਿਕਾਸ ਮੱਠਾ ਪੈ ਜਾਂਦਾ ਹੈ। ਪਰ ਆਪਣੇ ਆਪ ਨੂੰ ਬਦਲਦੇ ਬਦਲਦੇ ਤੁਸੀਂ ਸੱਚੀਆਂ ਸੁੱਚੀਆਂ ਅਤੇ ਚੰਗੀਆਂ ਕਦਰਾਂ ਕੀਮਤਾਂ ਦਾ ਵੀ ਧਿਆਨ ਰੱਖਣਾ ਹੈ। ਚੋਰਾਂ ਨਾਲ ਚੋਰ ਨਹੀਂ ਬਣਨਾ। ਜੇ ਤੁਸੀਂ ਨਵੀਆਂ ਅਗਾਂਹ ਵਧੂ ਕਦਰਾਂ ਕੀਮਤਾਂ ਅਪਣਾਉਗੇ ਤਾਂ ਕਦੀ ਕਿਸੇ ਦੀ ਮੁਥਾਜੀ ਨਹੀਂ ਰਹੇਗੀ। ਆਪਣੇ ਕਿਸੇ ਕੰਮ ਲਈ ਤੁਹਾਨੂੰ ਦੂਸਰੇ ਦਾ ਆਸਰਾ ਨਹੀਂ ਤੱਕਣਾ ਪਵੇਗਾ। ਤੁਸੀਂ ਨਾ ਕੇਵਲ ਆਪਣੇ ਸਾਰੇ ਕੰਮ ਆਪ ਕਰ ਸਕੋਗੇ ਸਗੋਂ ਦੂਜਿਆਂ ਦੀ ਵੀ ਮਦਦ ਕਰ ਸਕੋਗੇ। ਇਸ ਤਰ੍ਹਾਂ ਤੁਸੀਂ ਕਦੀ ਆਪਣੇ ਆਪ ਨੂੰ ਬੁੱਢਾ, ਪਛੜਿਆ ਹੋਇਆ ਅਤੇ ਪੁਰਾਣੇ ਜ਼ਮਾਨੇ ਦਾ ਮਹਿਸੂਸ ਨਹੀਂ ਕਰੋਗੇ ਅਤੇ ਨਵੀਂ ਪੀੜੀ ਦੇ ਕਦਮ ਨਾਲ ਕਦਮ ਮਿਲਾ ਕੇ ਇਕ ਸੁਰ ਹੋ ਕੇ ਹੀ ਨਹੀਂ ਚੱਲੋਗੇ ਸਗੋਂ ਉਸ ਨੂੰ ਇਕ ਨਰੋਈ ਸੇਧ ਵੀ ਦਿਓਗੇ। ਇਸ ਨਾਲ ਸਮਾਜ ਵਿੱਚ ਤੁਹਾਡੀ ਇੱਜ਼ਤ ਵਧੇਗੀ। ਤੁਹਾਡੀ ਸ਼ਖ਼ਸੀਅਤ ਨਿੱਖਰੇਗੀ। ਤੁਸੀਂ ਸਦਾ ਤਰੋ ਤਾਜ਼ਾ ਅਤੇ ਖ਼ੁਸ਼ ਰਹੋਗੇ।

ਗੁਰਸ਼ਰਨ ਸਿੰਘ ਕੁਮਾਰ
# 1183, ਫ਼ੇਜ਼-10, ਮੁਹਾਲੀ
ਮੋਬਾਇਲ :-  094631-89432, 098164-22335
E-mail : [email protected]