ਨਿਊਜ਼ੀਲੈਂਡ ਸਰਕਾਰ ਵੱਲੋਂ ਅਸਥਾਈ ਵਰਕ ਵੀਜ਼ੇ ਵਾਲਿਆਂ ਦੇ 6 ਮਹੀਨੇ ਹੋਰ ਵਰਕ ਵੀਜ਼ੇ ਵਧਾਉਣ ਦਾ ਫ਼ੈਸਲਾ

ਆਕਲੈਂਡ 8 ਜੁਲਾਈ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – 7 ਜੁਲਾਈ ਨੂੰ ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਵਿੱਚ ਮੌਜੂਦ ਅਸਥਾਈ ਵਰਕ ਵੀਜ਼ਾ (Temporary Work Visa) ਵਾਲਿਆਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਵਰਕ ਵੀਜ਼ੇ 6 ਮਹੀਨੇ ਵਧਾਉਣ ਦਾ ਐਲਾਨ ਹੈ। ਹੁਣ ਇਸ ਸਾਲ ਦੇ ਆਖੀਰ ਵਿੱਚ ਸਮਾਪਤ ਹੋਣ ਵਾਲੇ ਅਸਥਾਈ ਵਰਕ ਵੀਜ਼ਿਆਂ ‘ਚ ਹੋਰ 6 ਮਹੀਨੇ ਦੇ ਵਾਧੇ ਦੇ ਘੱਟ ਸਕਿੱਲ ਵਾਲੇ ਵਰਕਰਾਂ ਲਈ ਹੁਣ ਨਿਊਜ਼ੀਲੈਂਡ ਤੋਂ ਬਾਹਰ ਇੱਕ ਸਾਲ ਬਾਹਰ ਰਹਿਣ ਦੀ ਸ਼ਰਤ ਦੀ ਥਾਂ ਘਟਾ ਕੇ 6 ਮਹੀਨੇ ਕਰਨ ਦਾ ਫ਼ੈਸਲਾ ਕੀਤਾ ਹੈ। ਪਰ ਦੇਸ਼ ਤੋਂ ਬਾਹਰ ਬੈਠੇ ਅਸਥਾਈ ਵੀਜ਼ੇ ਵਾਲਿਆਂ ਲਈ ਕੋਈ ਰਾਹਤ ਦਾ ਐਲਾਨ ਨਹੀਂ ਕੀਤਾ ਹੈ।
ਇਮੀਗ੍ਰੇਸ਼ਨ ਮੰਤਰੀ ਈਆਨ ਲੀਜ਼ ਗਾਲੋਵੇਅ ਨੇ ਇੱਕ ਰੇਡੀਓ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ। ਵਰਨਣਯੋਗ ਹੈ ਕਿ 2020 ਦੇ ਆਖੀਰ ਵਿੱਚ ਲਗਭਗ 16,500 ਇਸ਼ੈਂਸ਼ੀਅਲ ਸਕਿੱਲ ਅਤੇ ਵਰਕ ਟੂ ਰੈਜ਼ੀਡੈਂਸੀ ਕਾਮਿਆਂ ਦਾ ਵੀਜ਼ਾ ਖ਼ਤਮ ਹੋਣ ਕਿਨਾਰੇ ਹੈ ਅਤੇ ਇਨ੍ਹਾਂ ਦਾ ਵਰਕ ਵੀਜ਼ਾ ਹੁਣ 6 ਮਹੀਨਿਆਂ ਲਈ ਵਧਾਇਆ ਜਾਵੇਗਾ। ਇਸ ਦੇ ਵਿੱਚ 9 ਜੁਲਾਈ ਤੋਂ 31 ਦਸੰਬਰ ਤੱਕ ਅਤੇ ਜਿਨ੍ਹਾਂ ਦਾ ਵਰਕ ਵੀਜ਼ਾ ਕੋਵਿਡ-19 ਕਰਕੇ 25 ਸਤੰਬਰ ਤੱਕ ਵਧਾਇਆ ਗਿਆ ਹੈ, ਉਹ ਵੀ ਆਉਂਦੇ ਹਨ। ਇਹ ਵੀਜ਼ੇ ਬਹੁਤਿਆਂ ਦੇ ਆਟੋਮੈਟਿਕ ਵਧ ਜਾਣਗੇ ਜਿਸ ਦਾ ਮਤਲਬ ਹੈ ਕਿ ਕੋਈ ਅਰਜ਼ੀ ਨਹੀਂ ਦੇਣੀ ਹੋਵੇਗੀ। ਵੀਜ਼ਾ ਸ਼ਰਤਾਂ ਪਹਿਲੇ ਵੀਜ਼ੇ ਵਾਲੀਆਂ ਹੀ ਰਹਿਣਗੀਆਂ ਜਿਵੇਂ ਵਿਸ਼ੇਸ਼ ਰੁਜ਼ਗਾਰ ਦਾਤਾ, ਵਿਸ਼ੇਸ਼ ਕੰਮ ਦਾ ਸਥਾਨ ਅਤੇ ਵਿਸ਼ੇਸ਼ ਕੰਮ ਤੇ ਘੱਟੋ-ਘੱਟ 30 ਘੰਟੇ ਕੰਮ।
ਇਸ ਦੇ ਨਾਲ ਹੀ ਜਿਹੜੇ ਪਰਵਾਸੀ ਕਾਮਿਆਂ ਨੇ ਇਸ ਸਾਲ ਦੇ ਆਖੀਰ ਵਿੱਚ (ਸਟੈਂਡ ਡਾਊਨ ਅਧੀਨ) ਨਿਊਜ਼ੀਲੈਂਡ ਛੱਡ ਕੇ ਜਾਣਾ ਸੀ ਉਹ ਹੁਣ ਫਰਵਰੀ 2021 ਤੱਕ ਇੱਥੇ ਰਹਿ ਸਕਣਗੇ। ਇਹ ਤਬਦੀਲੀਆਂ ਥੋੜ੍ਹ ਸਮੇਂ ਵੀਜ਼ੇ (ਸ਼ਾਰਟ ਟਰਮ ਵੀਜ਼ਾ ਸ਼੍ਰੇਣੀ) ਅਧੀਨ ਕੀਤੀਆਂ ਜਾ ਰਹੀਆਂ ਹਨ। ਸਟੈਂਡ ਡਾਊਨ ਸਮਾਂ ਅੱਗੇ ਵਧਣ ਨਾਲ 600 ਘੱਟ ਹੁਨਰ ਵਾਲੇ ਕਾਮਿਆਂ ਨੂੰ ਫ਼ਾਇਦਾ ਪਹੁੰਚੇਗਾ, ਜਿਸ ਦੇ ਵਿੱਚ ਜ਼ਿਆਦਾ ਕਾਮੇ ਡੇਅਰੀ ਫਾਰਮਿੰਗ ਵਾਲੇ ਆਉਂਦੇ ਹਨ। ਇਹ ਵੀਜ਼ਾ 2017 ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਅਧੀਨ ਘੱਟ ਤਨਖ਼ਾਹ ਵਾਲੇ ਕਾਮੇ ਇੱਥੇ 12 ਮਹੀਨਿਆਂ ਲਈ ਆ ਸਕਦੇ ਸਨ, ਫਿਰ ਸਾਲ ਭਰ ਬਾਹਰ ਰਹਿਣਾ ਹੁੰਦਾ ਹੈ ਅਤੇ ਇਹ ਵੀਜ਼ਾ ਤਿੰਨ ਸਾਲ ਤੱਕ ਕੰਮ ਕਰਨ ਲਈ ਮਾਨਤਾ ਰੱਖਦਾ ਹੈ। ਕੁੱਝ ਕੇਸਾਂ ਵਿੱਚ ਜਿਨ੍ਹਾਂ ਦੇ ਘੱਟ ਹੁਨਰ ਵਾਲੇ ਵੀਜ਼ੇ ਅਗਸਤ 2020 ਅਤੇ ਦਸੰਬਰ 2020 ਦੇ ਵਿੱਚ ਖ਼ਤਮ ਹੋਣਗੇ ਉਹ ਆਪਣੇ ਉਸੇ ਮਾਲਕ ਕੋਲ ਅਤੇ ਉਸੀ ਥਾਂ ਉੱਤੇ ਉਸੇ ਕੰਮ ਲਈ ਅਗਲੇ 6 ਮਹੀਨੇ ਤੱਕ ਵੀ ਰਹਿ ਸਕਣਗੇ।
ਇਮੀਗ੍ਰੇਸ਼ਨ ਮੰਤਰੀ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਕੰਮ ਦੇਣ ਦੀ ਪ੍ਰਮੁੱਖਤਾ ਨੂੰ ਬਰਕਰਾਰ ਰੱਖਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਰੁਜ਼ਗਾਰ ਦਾਤਾਵਾਂ ਨੂੰ ਕਾਮਿਆਂ ਦੀ ਪੂਰਤੀ ਬਣਾਈ ਰੱਖਣ ਲਈ ਇਹ ਸਾਰਾ ਕੁੱਝ ਕਰ ਰਹੇ ਹਨ ਜਿਸ ਦੇ ਵਿੱਚ ਨਿਊਜ਼ੀਲੈਂਡ ਵਾਸੀ ਅਤੇ ਇਸ ਧਰਤੀ ਉੱਤੇ ਪਹੁੰਚੇ ਪਰਵਾਸੀ ਕਾਮੇ ਆਉਂਦੇ ਹਨ। ਕੋਵਿਡ-19 ਕਰਕੇ ਕਾਮਿਆਂ ਦੀ ਪੈਦਾ ਹੋ ਰਹੀ ਕਮੀ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਕਮੀ ਹੋਰ ਨਾ ਵਧੇ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਰੁਜ਼ਗਾਰ ਦਾਤਾਵਾਂ ਲਈ ਲੇਬਰ ਮਾਰਕੀਟ ਦੇ ਸਮੀਕਰਣ ਵੀ ਬਦਲਣਗੇ। ਆਪਣੇ ਘਰ ਦਾ ਖ਼ਿਆਲ ਰੱਖਦਿਆਂ ਸਰਕਾਰ ਨੇ ਨਵਾਂ ‘ਘੱਟ ਹੁਨਰ ਵਾਲਾ’ ਵੀਜ਼ਾ ਹੁਣ 10 ਜੁਲਾਈ ਤੋਂ 6 ਮਹੀਨਿਆਂ ਲਈ ਕਰ ਦਿੱਤਾ ਹੈ ਤਾਂ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਜ਼ਿਆਦਾ ਕੰਮ ਕਰਨ ਦੇ ਮੌਕੇ ਦਿੱਤੇ ਜਾ ਸਕਣ।
ਜਿਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਵੀਜ਼ਾ ਵੀ ਵਧਣਾ ਚਾਹੀਦਾ ਹੈ ਉਹ ਇਮੀਗ੍ਰੇਸ਼ਨ ਨਾਲ ਸੰਪਰਕ ਕਰਨ। ਜਿਹੜੇ ਰੁਜ਼ਗਾਰ ਦਾਤਾ ਕਿਸੇ ਨੂੰ ਘੱਟ ਹੁਨਰ ਵਾਲੇ ਕੰਮ ਉੱਤੇ ਰੱਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਨਵਾਂ ਵੀਜ਼ਾ ਅਪਲਾਈ ਕਰਨਾ ਹੋਵੇਗਾ ਅਤੇ ਲੇਬਰ ਮਾਰਕੀਟ ਅਤੇ ਮਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਦੇ ਰਾਹੀਂ ਪੇਪਰ ਵਰਕ ਕਰਨਾ ਹੋਵੇਗਾ। ਇਹ ਸਾਰੀਆਂ ਤਬਦੀਲੀਆਂ ਸਰਕਾਰ ਦੀਆਂ ਰੁਜ਼ਗਾਰ ਦਾਤਾ ਦੀ ਸਹਾਇਤਾ ਨਾਲ ਮਿਲਣ ਵਾਲੇ ਵਰਕ ਵੀਜ਼ੇ ਵਿੱਚ ਸੁਧਾਈ ਦੇ ਚਲਦਿਆਂ ਕੀਤੀਆਂ ਗਈਆਂ ਹਨ ਜੋ ਕਿ ਸਰਕਾਰ ਨੇ 2021 ਦੇ ਅੱਧ ਤੱਕ ਕਰਨੀਆਂ ਹਨ। ਇਸ ਤੋਂ ਬਾਅਦ ਲੇਬਰ ਮਾਰਕੀਟ ਟੈੱਸਟ ਹੋਰ ਵੀ ਪ੍ਰਮਾਣਿਕ ਹੋ ਜਾਵੇਗਾ ਅਤੇ ਇਹ ਘੱਟ ਤਨਖ਼ਾਹ ਵਾਲਿਆਂ, ਉੱਚੀ ਤਨਖ਼ਾਹ ਵਾਲਿਆਂ ਅਤੇ ਉੱਚ ਹੁਨਰ ਵਾਲਿਆਂ ਉੱਤੇ ਅਮਲ ਵਿੱਚ ਆ ਜਾਵੇਗਾ।