“ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ” ਕਿਤਾਬ ਹੋਈ ਜਾਰੀ

ਨਵੀਂ ਦਿੱਲੀ, 21 ਮਾਰਚ – ਜਥੇਦਾਰ ਸੰਤੋਖ ਸਿੰਘ ਜੀ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਉਂਦੀ “ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ” ਕਿਤਾਬ ਜਾਰੀ ਹੋ ਗਈ। ਵਿਗਿਆਨ ਭਵਨ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁਮਾਰ ਮਲਹੋਤਰਾ ਜੋ ਕਿ ਜਥੇਦਾਰ ਜੀ ਦੇ ਪ੍ਰਬੰਧਕੀ ਕਾਲ ਦੌਰਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਕੋਤਵਾਲੀ ਤੇ ਪੰਜਾਬੀ ਮਾਂ ਬੋਲੀ ਵਿਸ਼ੇ ‘ਤੇ ਲੜੀ ਗਈ ਅਹਿਮ ਲੜਾਈ ਵਿੱਚ ਉਨ੍ਹਾਂ ਦੇ ਖ਼ਾਸ ਸਹਿਯੋਗੀ ਸਨ, ਨੇ ਮੁੱਖ ਮਹਿਮਾਨ ਵੱਜੋ ਇਸ ਕਿਤਾਬ ਨੂੰ ਸਿੱਖ ਬੁੱਧੀਜੀਵੀਆਂ ਦੀ ਮੌਜੂਦਗੀ ‘ਚ ਜਾਰੀ ਕੀਤਾ।
ਜਥੇਦਾਰ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ ਦੇ ਨਾਲ ਹੀ ਪਤਵੰਤੇ ਸਿੱਖਾਂ ਨੇ ਹਾਜ਼ਰੀ ਭਰੀ। ਯਾਦਗਾਰੀ ਕਮੇਟੀ ਦੇ ਮੈਂਬਰ ਡਾ. ਜਸਪਾਲ ਸਿੰਘ, ਸਾਬਕਾ ਰਾਜ ਸਭਾ ਮੈਂਬਰ ਸ. ਤਰਲੋਚਨ ਸਿੰਘ, ਯੂ.ਪੀ. ਦੇ ਸਾਬਕਾ ਜੇਲ੍ਹ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਅਤੇ ਸਾਬਕਾ ਮੁੱਖ ਮੰਤਰੀ ਵਿਜੇ ਕੁਮਾਰ ਮਲਹੋਤਰਾ ਨੇ ਜਥੇਦਾਰ ਜੀ ਦੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਨੂੰ ਸਾਂਝਾ ਕੀਤਾ। ਯਾਦਗਾਰੀ ਕਮੇਟੀ ਵੱਲੋਂ ਕਨਵੀਨਰ ਬਲਬੀਰ ਸਿੰਘ ਕੋਹਲੀ ਅਤੇ ਪਰਿਵਾਰ ਵੱਲੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਉੱਘੀ ਇਤਿਹਾਸਕਾਰ ਤੇ ਕਿਤਾਬ ਦਾ ਸੰਪਾਦਨ ਕਰਨ ਵਾਲੀ ਡਾ. ਹਰਬੰਸ ਕੌਰ ਸੱਗੂ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਅਜੀਤ ਨੇ ਸੰਪਾਦਨ ਦੇ ਨਾਲ ਹੀ ਜਥੇਦਾਰ ਜੀ ਨਾਲ ਜੁੜੀਆਂ ਘਟਨਾਵਾਂ ਨੂੰ ਪਰਚਿਆਂ ਦੇ ਰੂਪ ਵਿੱਚ ਬਾਕੀ ਲੇਖਕਾਂ ਦੇ ਨਾਲ ਸੰਪਾਦਿਤ ਕੀਤਾ ਹੈ। ਜਥੇਦਾਰ ਸੰਤੋਖ ਸਿੰਘ ਦੇ ਚਾਰੇ ਪੁੱਤਰਾਂ ਤਜਿੰਦਰ ਸਿੰਘ, ਮਨਜੀਤ ਸਿੰਘ ਜੀ.ਕੇ., ਇੰਦਰਜੀਤ ਸਿੰਘ ਅਤੇ ਹਰਜੀਤ ਸਿੰਘ ਨੂੰ ਯਾਦਗਾਰੀ ਕਮੇਟੀ ਵੱਲੋਂ ਕਿਤਾਬ ਭੇਂਟ ਕੀਤੀ ਗਈ। ਪਰਧਾਨ ਜੀ.ਕੇ. ਨੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ, ਗੁਰਦੁਆਰਾ ਟਿਕਾਣਾ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਅਤੇ ਸ਼ਾਹ ਸਤਿਨਾਮ ਸਿੰਘ ਨੂੰ ਕਿਤਾਬ ਭੇਂਟ ਕੀਤੀ।
ਡਾ. ਜਸਪਾਲ ਸਿੰਘ ਨੇ ਜਥੇਦਾਰ ਜੀ ਦੀ ਸ਼ਖ਼ਸੀਅਤ ਨੂੰ ਵਿਲੱਖਣ ਕਰਾਰ ਦਿੰਦੇ ਹੋਏ ਉਨ੍ਹਾਂ ਵੱਲੋਂ ਦੂਰ-ਦਰਸ਼ੀ ਸੋਚ ਨਾਲ ਕੀਤੇ ਗਏ ਕਾਰਜਾਂ ਦਾ ਸੰਗਤਾਂ ਨੂੰ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਜੀ ਨੇ ਹਮੇਸ਼ਾ ਸਿਧਾਂਤ ਅਤੇ ਸੰਸਥਾਵਾਂ ਦੀ ਰਾਖੀ ‘ਤੇ ਪਹਿਰਾ ਦਿੱਤਾ। ਇੱਕ ਵਾਰੀ ਅਜਿਹਾ ਸਮਾਂ ਵੀ ਆਇਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਫ਼ਰਮਾਨ ਦੇ ਕਾਰਨ ਧਰਮ ਅਤੇ ਸਿਆਸਤ ‘ਚੋਂ ਇੱਕ ਚੀਜ਼ ਦੀ ਚੋਣ ਕਰਨ ਦਾ ਜਥੇਦਾਰ ਜੀ ‘ਤੇ ਦਬਾਅ ਬਣਿਆ ਪਰ ਉਨ੍ਹਾਂ ਨੇ ਸਿਆਸੀ ਦਬਾਅ ਦੀ ਪ੍ਰਵਾਹ ਨਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਤਖ਼ਤ ਸਾਹਿਬ ਦੇ ਸਾਹਮਣੇ ਆਪ ਨੀਵਾਂ ਹੋ ਕੇ ਗੁਰੂ ਦੇ ਸਿਧਾਂਤ ਨੂੰ ਉੱਚਾ ਕਰ ਦਿੱਤਾ। ਡਾ. ਜਸਪਾਲ ਸਿੰਘ ਨੇ ਜਥੇਦਾਰ ਜੀ ਨੂੰ ਸੁਭਾਅ ਕਰਕੇ ਲੜਾਕਾ, ਦਿੱਲਖ਼ੁਸ਼, ਹਲੀਮੀ, ਖੁੱਲ੍ਹਦਿਲਾ ਅਤੇ ਮਜ਼ਾਕੀਆ ਦੱਸਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਵਾਂਗ ਅੰਤਰ ਆਤਮਾ ਦੀ ਆਵਾਜ਼ ਸੁਣਨ ਦੀ ਬੇਨਤੀ ਕੀਤੀ।
ਸ. ਤਰਲੋਚਨ ਸਿੰਘ ਨੇ ਕਿਹਾ ਕਿ ਜਥੇਦਾਰ ਜੀ ਨੂੰ ਸਰਕਾਰਾਂ ਤੋਂ ਕੌਮ ਦੇ ਕੰਮ ਨੂੰ ਕਢਵਾਉਣਾ ਬਾਖ਼ੂਬੀ ਆਉਂਦਾ ਸੀ। ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਇੰਦਰਾ ਗਾਂਧੀ ਪਾਸੋਂ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਦਿੱਤੀ। ਸ. ਤਰਲੋਚਨ ਸਿੰਘ ਨੇ ਦਾਅਵਾ ਕੀਤਾ ਕਿ ਜਥੇਦਾਰ ਜੀ ‘ਤੇ ਵਿਚਾਰਧਾਰਕ ਮਤਭੇਦ ਵਾਲੇ ਲੋਕ ਵੀ ਰੱਜ ਕੇ ਭਰੋਸਾ ਕਰਦੇ ਸਨ। ਇੱਕ ਪਾਸੇ ਇੰਦਰਾ ਗਾਂਧੀ ਉਨ੍ਹਾਂ ਦਾ ਕਿਹਾ ਕੋਈ ਕਾਰਜ ਨਹੀਂ ਮੋੜਦੀ ਸੀ ਤੇ ਦੂਜੇ ਪਾਸੇ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਇੰਦਰਾ ਗਾਂਧੀ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਥੇਦਾਰ ਜੀ ਦੀ ਡਟ ਕੇ ਇੱਜ਼ਤ ਕਰਦੇ ਸੀ। ਸਭ ਤੋਂ ਵੱਡੀ ਹੈਰਾਨੀ ਇਸੇ ਗੱਲ ਦੀ ਹੈ ਕਿ ਇੰਦਰਾ ਗਾਂਧੀ ਅਤੇ ਸੰਤ ਜੀ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ।
ਸ. ਤਰਲੋਚਨ ਸਿੰਘ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਵਾਂਗ ਜਥੇਦਾਰ ਜੀ ਵੀ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਵੱਲੋਂ ਆਪਣੇ ਫ਼ੈਸਲੇ ਲੈਣ ਦੇ ਹੱਕ ਦੇ ਮੁੱਦਈ ਸਨ। ਜਿਸ ਕਰਕੇ ਸਿੱਖ ਪਛਾਣ ਅਤੇ ਆਨ ਵਾਸਤੇ ਜਿੱਥੇ ਵੀ ਲੋੜ ਪਈ ਜਥੇਦਾਰ ਜੀ ਨੇ ਡਟ ਕੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਮਦਦ ਕੀਤੀ। ਸ. ਰਾਮੂਵਾਲੀਆ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਜਥੇਦਾਰ ਜੀ ਨਾਲ ਟਕਰਾਓ ਹੋਣ ਦੇ ਬਾਵਜੂਦ ਉਨ੍ਹਾਂ ਦੀ ਕਈ ਵਾਰ ਕੀਤੀ ਗਈ ਦਿਲੋਂ ਸ਼ਲਾਘਾ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਥੇਦਾਰ ਜੀ ਕੌਮੀ ਹਿੱਤਾਂ ਦੀ ਗੱਲ ਕਰਨ ਵੇਲੇ ਮੂੰਹ ‘ਚ ਮੁਰਮੁਰੇ ਨਹੀਂ ਰੱਖਦੇ ਸਨ ਸਗੋਂ ਦਲੇਰੀ ਨਾਲ ਸਿੱਖ ਕੌਮ ਦਾ ਚਾਨਣ ਮੁਨਾਰਾ ਬਣ ਕੇ ਰੌਸ਼ਨੀ ਦਿੰਦੇ ਸਨ। ਸ੍ਰੀ ਮਲਹੋਤਰਾ ਨੇ ਦਿੱਲੀ ਦੇ ਮੁੱਖ ਕਾਰਜਕਾਰੀ ਪਾਰਸ਼ਦ (ਮੌਜੂਦਾ ਸਮੇਂ ਮੁੱਖ ਮੰਤਰੀ) ਰਹਿਣ ਦੌਰਾਨ ਜਥੇਦਾਰ ਜੀ ਦੇ ਯਤਨਾਂ ਸਦਕਾ ਪੰਜਾਬੀ ਮਾਂ ਬੋਲੀ, ਪੰਜਾਬੀ ਕਵੀ ਦਰਬਾਰ, ਕੋਤਵਾਲੀ ਦਾ ਕਬਜ਼ਾ, ਗੁਰੂ ਤੇਗ ਬਹਾਦਰ ਨਗਰ ਦਾ ਨਾਂ, ਗੁਰੂ ਤੇਗ ਬਹਾਦਰ ਹਸਪਤਾਲ ਸਣੇ ਹੋਏ ਕਈ ਇਤਿਹਾਸਿਕ ਕਾਰਜਾਂ ਨੂੰ ਯਾਦ ਕੀਤਾ। ਸ੍ਰੀ ਮਲਹੋਤਰਾ ਨੇ ਕਿਹਾ ਕਿ ਮਨਜੀਤ ਅੱਜ ਜਥੇਦਾਰ ਦੇ ਰਾਹ ‘ਤੇ ਚੱਲ ਕੇ ਧਰਮ ਨੂੰ ਅੱਗੇ ਰੱਖ ਕੇ ਜੋ ਕਾਰਜ ਕਰ ਰਿਹਾ ਹੈ ਉਸ ਵਿੱਚ ਜਥੇਦਾਰ ਦੀ ਝਲਕ ਨਜ਼ਰ ਆਉਂਦੀ ਹੈ।
ਪ੍ਰਧਾਨ ਜੀ.ਕੇ. ਨੇ ਸਾਰੇ ਬੁਲਾਰਿਆਂ ਵੱਲੋਂ ਜਥੇਦਾਰ ਜੀ ਦੀ ਕੀਤੀ ਗਈ ਗੱਲ ਦੌਰਾਨ ਆਪਣੇ ਮਾਤਾ ਸੱਤਿਆ ਕੌਰ ਨੂੰ ਅੱਖੋਂ-ਪਰੋਖੇ ਕੀਤੇ ਜਾਣ ਦਾ ਦਰਦ ਸੰਗਤਾਂ ਸਾਹਮਣੇ ਰੱਖਿਆ। ਪ੍ਰਧਾਨ ਜੀ.ਕੇ. ਨੇ ਕਿਹਾ ਕਿ ਜੇਕਰ ਬੀਜੀ ਪਿੱਛੇ ਪਰਿਵਾਰ ਦੀ ਸੰਭਾਲ ਨਾ ਕਰਦੇ ਤਾਂ ਸ਼ਾਇਦ ਜਥੇਦਾਰ ਜੀ ਇੰਨੇ ਵੱਡੇ ਕਾਰਜ ਕਰਨ ‘ਚ ਕਾਮਯਾਬ ਨਾ ਹੁੰਦੇ। ਜਥੇਦਾਰ ਜੀ ਦੇ ਜੇਲ੍ਹ ‘ਚ ਰਹਿਣ ਦੌਰਾਨ ਵੀ ਬੀਜੀ ਵੱਲੋਂ ਚਾਰੋਂ ਪੁੱਤਰਾਂ ਅਤੇ ਇੱਕ ਪੁੱਤਰੀ ਦੀ ਸਾਂਭ ਸੰਭਾਲ ਕਰਨ ਦੇ ਨਾਲ ਹੀ ਘਰ ਆਉਂਦੀ ਸੰਗਤ ਲਈ ਲੰਗਰ ਤਿਆਰ ਕਰਨ ਦੀ ਕੀਤੀ ਗਈ ਸੇਵਾ ਨੂੰ ਨਾ ਵਿਸਾਰਨ ਦੀ ਵੀ ਗੱਲ ਕਹੀ। ਪ੍ਰਧਾਨ ਜੀ.ਕੇ. ਨੇ ਐਮਰਜੈਂਸੀ ਦੌਰਾਨ ਜਥੇਦਾਰ ਅਤੇ ਹੋਰ ਵੱਡੇ ਅਕਾਲੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਬੀਜੀ ਵੱਲੋਂ ਅਕਾਲੀ ਦਲ ਦੀ ਸੰਭਾਲੀ ਗਈ ਮੁਹਿੰਮ ਨੂੰ ਵੱਡਾ ਮੋਰਚਾ ਕਰਾਰ ਦਿੱਤਾ।