ਸ਼ਾਹਰੁਖ ਵਿਵਾਦ ‘ਚ ਪੁਲਿਸ ਨੂੰ ਨੋਟਿਸ

ਮੁੰਬਈ, 9 ਅਗਸਤ (ਏਜੰਸੀ) – ਮਹਾਰਾਸ਼ਟਰ ਬਾਲ ਅਧਿਕਾਰ ਸੁਰੱਖਿਆ ਆਯੋਗ ਨੇ ਬਾਨਖੇੜੇ ਸਟੇਡੀਅਮ ਵਿੱਚ ਐਮ. ਸੀ. ਏ. ਅਤੇ ਪੁਲਿਸ ਅਧਿਕਾਰੀਆਂ ਨਾਲ ਬਾਲੀਵੁੱਡ ਹੀਰੋ ਸ਼ਾਹਰੁਖ ਖਾਨ ਦੇ ਵਿਵਾਦ ਮਾਮਲੇ ਵਿੱਚ ਮਰੀਨ ਡ੍ਰਾਈਵ ਥਾਣੇ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤਕਰਤਾ ਅਮਿਤ ਮਾਰੂ ਨੇ ਆਪਣੇ ਵਕੀਲ ਵਾਈ. ਪੀ. ਸਿੰਘ ਦੇ ਰਾਹੀਂ ਆਯੋਗ ਨਾਲ ਸੰਪਰਕ ਕਰਕੇ ਕਿਹਾ ਸੀ ਕਿ ਸ਼ਾਹਰੁਖ ਦੇ ਖਿਲਾਫ਼ ਸੱਤ ਸੰਗੀਨ ਅਪਰਾਧ ਬਣਦੇ ਹਨ ਅਤੇ ਪੁਲਿਸ ਨੂੰ ਅਭਿਨੇਤਾ ਵਿਰੁਧ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਜਾਣਾ ਚਾਹੀਦਾ ਹੈ। ਆਯੋਗ ਨੇ ਪੁਲਿਸ ਦੇ ਨਾਲ ਹੀ ਮਾਰੂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।
ਉਸ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ 16 ਅਗਸਤ ਨੂੰ ਹੋਵੇਗੀ। ਸੁਣਵਾਈ ਦੌਰਾਨ ਮਾਰੂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸ਼ਾਹਰੁਖ ਦੇ ਵਿਰੁਧ ਮਾਮਲਾ ਬਣਦਾ ਹੈ ਜਾਂ ਨਹੀਂ। ਇਸ ਤੋਂ ਬਾਅਦ ਆਯੋਗ ਅੱਗੇ ਦੀ ਕਾਰਵਾਈ ਕਰੇਗਾ। ਮਾਰੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸ਼ਾਹਰੁਖ਼ ਇਕ ਵੱਡੀ ਸ਼ਖਸੀਅਤ ਹੈ। ਬੱਚੇ ਵੀ ਇਸ ਨੂੰ ਪਸੰਦ ਕਰਦੇ ਹਨ। ਜਨਤਕ ਸਥਾਨ ‘ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਸ ਨੇ ਦੇਸ਼ ਦੇ ਭਵਿੱਖ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ।