ਸਾਈਮਨ ਬ੍ਰਿਜ਼ਸ ਕੌਮੀ ਪਾਰਟੀ ਦੇ ਨਵੇਂ ਲੀਡਰ ਬਣੇ, ਪੌਲਾ ਬੈਨੇਟ ਡਿਪਟੀ ਲੀਡਰ ਹੀ ਰਹੇਗੀ

ਆਕਲੈਂਡ, 27 ਫਰਵਰੀ – ਨੈਸ਼ਨਲ ਪਾਰਟੀ ਨੇ ਸ੍ਰੀ ਸਾਈਮਨ ਬ੍ਰਿਜ਼ਸ ਨੂੰ ਨਵਾਂ ਪਾਰਟੀ ਲੀਡਰ ਚੁਣ ਲਿਆ ਹੈ ਉਹ ਹੁਣ ਨਾਲ ਹੀ ਪਾਰਲੀਮੈਂਟ ਵਿੱਚ 37ਵੇਂ ਵਿਰੋਧੀ ਧਿਰ ਦੇ ਆਗੂ ਵੀ ਬਣ ਗਏ ਹਨ। ਜਦੋਂ ਕਿ ਪੌਲਾ ਬੈਨੇਟ ਡਿਪਟੀ ਲੀਡਰ ਹੀ ਬਣੀ ਰਹੇਗੀ।
ਅੱਜ ਨੈਸ਼ਨਲ ਪਾਰਟੀ ਦੀ ਹੋਈ ਕੋਕਸ ਵਿੱਚ ਟੌਰੰਗਾ ਤੋਂ ਮੈਂਬਰ ਆਫ਼ ਪਾਰਲੀਮੈਂਟ ਸ੍ਰੀ ਸਾਈਮਨ ਬ੍ਰਿਜ਼ਸ ਨੂੰ ਪਾਰਟੀ ਲੀਡਰ ਚੁਣ ਲਿਆ ਗਿਆ। ਰਾਜਨੀਤਿਕ ਟਿੱਪਣੀਕਾਰ ਬ੍ਰਾਇਸ ਐਡਵਰਡਸ ਨੇ ਕਿਹਾ ਕਿ ਸ੍ਰੀ ਸਾਈਮਨ ਬ੍ਰਿਜ਼ਸ ਨੈਸ਼ਨਲ ਪਾਰਟੀ ਦੇ ਪਹਿਲੇ ਮਾਓਰੀ ਪਾਰਟੀ ਲੀਡਰ ਬਣੇ ਹਨ, ਬੈਨੇਟ ਦੇ ਨਾਲ ਜਿਸ ਕੋਲ ਮਾਓਰੀ ਵਿਰਾਸਤ ਵੀ ਹੈ।
ਨੈਸ਼ਨਲ ਪਾਰਟੀ ਪ੍ਰਧਾਨ ਪੀਟਰ ਗੁੱਡਫੈਲੋ ਅਤੇ ਸਾਥੀ ਮੈਂਬਰਾਂ ਨੇ ਸ੍ਰੀ ਸਾਈਮਨ ਬ੍ਰਜ਼ਿਸ ਨੂੰ ਪਾਰਟੀ ਲੀਡਰ ਚੁਣੇ ਜਾਣ ਉੱਤੇ ਵਧਾਈਆਂ ਦਿੱਤੀਆਂ ਹਨ।
ਦੱਸਦੀਏ ਕਿ ਬੀਤੇ 13 ਫਰਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਨੇ ਪਾਰਟੀ ਲੀਡਰ ਦੇ ਅਹੁਦੇ ਅਤੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸ ਦੇ ਕਰਕੇ ਇਹ ਦੋਵੇਂ ਅਹੁਦੇ ਖ਼ਾਲੀ ਪਏ ਹੋਏ ਸਨ। ਇਸ ਅਹੁਦੇ ਲਈ ਜੂਡਿਥ ਕਾਲੀਨਸ, ਐਮੀ ਐਡਮਜ਼, ਸਾਈਮਨ ਬ੍ਰਿਜ਼ਸ, ਮਾਰਕ ਮਿਸ਼ੇਲ ਅਤੇ ਸਟੀਵਨ ਜੋਇਸ ਮੁਕਾਬਲੇ ਵਿੱਚ ਉੱਤਰੇ ਸਨ, ਜਿਸ ਵਿੱਚ ਸ੍ਰੀ ਸਾਈਮਨ ਬ੍ਰਿਜ਼ਸ ਬਾਜ਼ੀ ਮਾਰ ਗਏ ਹਨ।
ਸ੍ਰੀ ਸਾਈਮਨ ਜੋ ਸਿਆਸਤਦਾਨ ਅਤੇ ਵਕੀਲ ਹਨ ਅਤੇ ਉਹ ਚੌਥੀ ਵਾਰ ਟੌਰੰਗਾ ਤੋਂ ਮੈਂਬਰ ਆਫ਼ ਪਾਰਲੀਮੈਂਟ ਚੁਣੇ ਗਏ ਹਨ। ਸ੍ਰੀ ਬ੍ਰਿਜ਼ਸ ਟੌਰੰਗਾ ਤੋਂ ੨੦੦੮ ਤੋਂ ਮੈਂਬਰ ਆਫ਼ ਪਾਰਲੀਮੈਂਟ ਬਣ ਦੇ ਆ ਰਹੇ ਹਨ। ਨੈਸ਼ਨਲ ਸਰਕਾਰ ਸਮੇਂ ਉਨ੍ਹਾਂ ਕੋਲ ਬਹੁਤ ਸਾਰੇ ਕੈਬਨਿਟ ਪੋਰਟਫੋਲਿਓ ਸਨ ਜਿਨ੍ਹਾਂ ‘ਚ ਮਨਿਸਟਰ ਆਫ਼ ਟਰਾਂਸਪੋਰਟ (2014-2017), ਮਨਿਸਟਰ ਆਫ਼ ਇਕਨਾਮਿਕ ਡਿਵੈਲਪਮੈਂਟ (2016-2017) ਅਤੇ ਲੀਡਰ ਆਫ਼ ਹਾਊਸ (2017) ਰਹੇ।