ਸਾਕਾ ਨੀਲਾ ਤਾਰਾ ਦੀ ਯਾਦ ‘ਚ ਦਿੱਲੀ ਕਮੇਟੀ ਵੱਲੋਂ ਕਰਵਾਇਆ ਗਿਆ ਅਰਦਾਸ ਸਮਾਗਮ

ardas smagamਨਵੀਂ ਦਿੱਲੀ, 4 ਜੂਨ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ‘ਚ ਵਾਪਰੇ ਸਾਕਾ ਨੀਲਾ ਤਾਰਾ ‘ਚ ਸ਼ਹੀਦ ਹੋਏ ਸਿੰਘਾ ਦੀ ਯਾਦ ‘ਚ ਅਰਦਾਸ ਸਮਾਗਮ ਦਾ ਉਪਰਾਲਾ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਹੋਏ ਸਮਾਗਮ ‘ਚ ਕਮੇਟੀ ਦੇ ਹਜੂਰੀ ਰਾਗੀ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ, ਭਾਈ ਮਨਪ੍ਰੀਤ ਸਿੰਘ ਨੇ ਕੀਰਤਨ ਅਤੇ ਭਾਈ ਹਰਭਜਨ ਸਿੰਘ ਨੇ ਢਾਡੀ ਪ੍ਰਸੰਗਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰਪਾਲ ਸਿੰਘ ਚੱਡਾ ਅਤੇ ਕਾਰਜਕਾਰੀ ਜਰਨਲ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਸਾਕਾ ਨੀਲਾ ਤਾਰਾ ਨੂੰ ਸਿੱਖ ਕੌਮ ‘ਤੇ ਮੁਲਕ ਦੀ ਸਰਕਾਰ ਵੱਲੋਂ ਕੀਤੇ ਗਏ ਜ਼ੁਲਮ ਦਾ ਵੱਡਾ ਉਦਾਹਰਣ ਦੱਸਿਆ।
ਚੱਡਾ ਨੇ ਕਿਹਾ ਕਿ 1984 ‘ਚ ਜੋ ਹੋਇਆ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੱਪੂ ਨੇ ਸਮੂਹ ਸਿੱਖਾਂ ਨੂੰ ਇਸ ਦਿਹਾੜੇ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣ ਦੀ ਸਲਾਹ ਦਿੰਦੇ ਹੋਏ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਅੱਜ ਤੱਕ ਇਨਸਾਫ਼ ਨਾ ਮਿਲਨ ‘ਤੇ ਵੀ ਦੁੱਖ ਜਤਾਇਆ। ਧਰਮ ਪ੍ਰਚਾਰ ਕਮੇਟੀ ਦੇ ਕਾਰਜਕਾਰੀ ਮੁੱਖੀ ਚਮਨ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਸਾਕਾ ਨੀਲਾ ਤਾਰਾ ਨੂੰ ਸਿੱਖਾਂ ਦੇ ਖ਼ਿਲਾਫ਼ ਵੱਡਾ ਧੱਕਾ ਵੀ ਕਰਾਰ ਦਿੱਤਾ। ਇਸ ਮੌਕੇ ਕਮੇਟੀ ਮੈਂਬਰ ਕੁਲਮੋਹਨ ਸਿੰਘ, ਹਰਦੇਵ ਸਿੰਘ ਧਨੋਆ, ਰਵੇਲ ਸਿੰਘ, ਰਵਿੰਦਰ ਸਿੰਘ ਲਵਲੀ ਅਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੀ ਮੌਜੂਦ ਸਨ।