ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਹੀਂ ਰਹੇ, ਕੇਂਦਰ ਸਰਕਾਰ ਨੇ 7 ਦਿਨਾਂ ਦਾ ਰਾਜਕੀਏ ਸੋਗ ਐਲਾਨਿਆ

ਨਵੀਂ ਦਿੱਲੀ, 17 ਅਗਸਤ – ਭਾਰਤੀ ਜਨਤਾ ਪਾਰਟੀ ਨੂੰ ਰਾਜ ਸੱਤਾ ਤੱਕ ਪਹੁੰਚਾਉਣ ਵਾਲੇ ਤੇ ਭਾਰਤੀ ਰਾਜਨੀਤੀ ਦੇ ਸਿਖ਼ਰ ਪੁਰਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 17 ਅਗਸਤ ਦਿਨ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸ਼ਾਮ 5 ਵੱਜ ਕੇ 5 ਮਿੰਟ ‘ਤੇ ਅੰਤਿਮ ਸਾਹ ਲਿਆ। ਲੰਮੇਂ ਸਮੇਂ ਤੋਂ ਬਿਮਾਰ ਚੱਲ ਰਹੇ 93 ਸਾਲਾ ਵਾਜਪਾਈ 11 ਜੂਨ ਤੋਂ ਨਵੀਂ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਾਖ਼ਲ ਸਨ।
ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵਾਜਪਾਈ ਦੀ ਮ੍ਰਿਤਕ ਦੇਹ ਨੂੰ ਏਮਸ ਤੋਂ ਉਨ੍ਹਾਂ ਦੇ 6 ਕ੍ਰਿਸ਼ਨਾ ਮੈਨਨ ਮਾਰਗ ਸਥਿਤ ਘਰ ਲਿਜਾਇਆ ਗਿਆ, ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਅੰਤਿਮ ਸੰਸਕਾਰ 17 ਅਗਸਤ ਦਿਨ ਸ਼ੁੱਕਰਵਾਰ ਨੂੰ ਸ਼ਾਮੀ 4 ਵਜੇ ਸਮ੍ਰਿਤੀ ਸਥਲ ‘ਤੇ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਉੱਤੇ 7 ਦਿਨਾਂ ਦਾ ਰਾਜਕੀਏ ਸੋਗ ਐਲਾਨਿਆ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ। ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਰਹੇਗੀ। ਇਸ ਦੇ ਨਾਲ ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਨੇ ਵੀ 7 ਦਿਨ ਦਾ ਰਾਜਕੀਏ ਸੋਗ ਐਲਾਨਿਆ ਹੈ। ਪੰਜਾਬ ਨੇ ਤਿੰਨ ਦਿਨ ਦੇ ਰਾਜਕੀਏ ਸੋਗ ਦਾ ਐਲਾਨ ਕੀਤਾ ਹੈ।
‘ਭਾਰਤ ਰਤਨ’ ਨਾਲ ਸਨਮਾਨਿਤ ਵਾਜਪਾਈ ਨੂੰ ਭਾਸ਼ਾਵਾਂ, ਵਿਚਾਰਧਾਰਾਵਾਂ ਅਤੇ ਸਭਿਆਚਾਰਕ ਨਿਖੇੜ ਤੋਂ ਪਰੇ ਇਕ ਮਹਾਨ, ਯਥਾਰਥਵਾਦੀ ਤੇ ਕ੍ਰਿਸ਼ਮਈ ਨੇਤਾ, ਹਰਮਨ-ਪਿਆਰਾ ਬੇਬਾਕ ਵਕਤਾ, ਸ਼ਾਂਤੀ ਪ੍ਰੇਮੀ ਅਤੇ ਲੋਕਪ੍ਰਿਅ ਕਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਇਕ ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ। 1998 ਤੋਂ 2004 ਤੱਕ ਗੱਠਜੋੜ ਸਰਕਾਰ ਦੀ ਸਫਲ ਅਗਵਾਈ ਕਰਨ ਵਾਲੇ ਅਤੇ ਪਹਿਲੀ ਵਾਰ ਗ਼ੈਰ-ਕਾਂਗਰਸ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣਾ ਕਾਰਜਕਾਲ ਪੂਰਾ ਕੀਤਾ।
25 ਦਸੰਬਰ 1924 ਨੂੰ ਗਵਾਲੀਅਰ ਦੇ ਇਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਵਿਕਟੋਰੀਆ (ਹੁਣ ਲਕਸ਼ਮੀ ਬਾਈ) ਕਾਲਜ ਅਤੇ ਕਾਨਪੁਰ ਦੇ ਡੀਏਵੀ ਕਾਲਜ ਵਿੱਚ ਹੋਈ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖ਼ਲ ਹੋਏ। ਸਾਲ 1947 ਵਿੱਚ ਉਹ ਆਰਐੱਸਐੱਸ ਦੇ ਕੁਲਵਕਤੀ ਪ੍ਰਚਾਰਕ ਬਣੇ। ਇਸ ਤੋਂ ਬਾਅਦ 1951 ਵਿੱਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿੱਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਵਾਜਪਾਈ 47 ਸਾਲਾਂ ਤੱਕ ਸੰਸਦ ਮੈਂਬਰ ਰਹੇ। ਉਹ 10 ਵਾਰ ਲੋਕ ਸਭਾ ਅਤੇ ੨ ਵਾਰ ਰਾਜ ਸਭਾ ਦੇ ਮੈਂਬਰ ਰਹੇ। 1986 ਵਿੱਚ ਕੇਂਦਰ ਦੀ ਸੱਤਾ ‘ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿੱਚ ਹੋਈ। ਹਾਲਾਂ ਕਿ ਉਨ੍ਹਾਂ ਦੀ ਸੱਤਾ ਮਹਿਜ਼ 13 ਦਿਨ ਹੀ ਰਹੀ। ਵਾਜਪਾਈ ਦੀ ਕ੍ਰਿਸ਼ਮਈ ਸ਼ਖ਼ਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ 1998 ਵਿੱਚ ਮੁੜ ਸੱਤਾ ‘ਤੇ ਕਾਬਜ਼ ਹੋਈ। ਇਸ ਵਾਰ 13 ਮਹੀਨਿਆਂ ਵਿੱਚ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿੱਚ ਆਪਣਾ ਕਾਰਜਕਾਲ ਪੂਰਾ ਕੀਤਾ।
ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਸ਼ਿਕਸਤ ਝੱਲਣੀ ਪਈ। ਇਸ ਤੋਂ ਬਾਅਦ ਵਾਜਪਾਈ ਨੇ 2005 ਵਿੱਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਉਹ ਬਿਮਾਰ ਰਹਿਣ ਲਗ ਪਏ ਅਤੇ ਹੌਲੀ ਹੌਲੀ ਗੁਮਨਾਮ ਹੁੰਦੇ ਚਲੇ ਗਏ। 2009 ਵਿੱਚ ਉਨ੍ਹਾਂ ਨੇ ਇਕ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿੱਚ ਨਜ਼ਰ ਨਹੀਂ ਆਏ। ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁਨ ਅਖ਼ਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਉੱਤੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ, ਪਰਧਾਨ ਮੰਤਰੀ ਨਰੰਿਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸ੍ਰੀ ਲਾਲਾ ਕ੍ਰਿਸ਼ਨ ਅਡਵਾਨੀ, ਸ੍ਰੀ ਰਾਹੁਲ ਗਾਂਧੀ, ਗ੍ਰਹਿ ਮੰਤਰੀ ਰਾਜਨਾਥ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਦਿ ਆਗੂਆਂ ਦੇ ਨਾਲ ਦੇਸ਼-ਵਿਦੇਸ਼ਾਂ ਦੇ ਆਗੂਆਂ ਵੱਲੋਂ ਦੁੱਖ ਪ੍ਰਗਟਾਇਆ ਗਿਆ ਹੈ।