ਸਾਹਿਤ ਦਾ ਨੋਬੇਲ ਪੁਰਸਕਾਰ ਸਵੀਡਿਸ਼ ਕਵੀ ਟਰਾਂਸਟਰੋਮਰ ਨੂੰ ਮਿਲਿਆ

ਸਟਾਕਹੋਮ – ਸਾਹਿਤ ਦੇ ਖੇਤਰ ‘ਚ ਦਿੱਤਾ ਜਾਣ ਵਾਲਾ ੨੦੧੧ ਦਾ ਨੋਬੇਲ ਪੁਰਸਕਾਰ ਇਸ ਵਾਰ ਸਵੀਡਨ ਦੇ ਕਵੀ ੮੦ ਸਾਲਾ ਟੋਮਸ ਟਰਾਂਸਟਰੋਮਰ ਨੂੰ ਮਿਲਿਆ ਹੈ। ਇਹ ਕਵੀ ਟੋਮਸ ਟਰਾਂਸਟਰੋਮਰ ਲਈ ਮਾਣ ਵਾਲੀ ਗੱਲ ਹੈ।  ੧੯੯੦ ‘ਚ ਟਰਾਂਸਟਰੋਮਰ ਨੂੰ ਅਧਰੰਗ ਦਾ ਦੌਰਾ ਪਿਆ ਤੇ ਉਹ ਬੋਲਣੋਂ ਰਹਿ ਗਿਆ, ਪਰ ਉਸ ਦਾ ਲਿਖਣ ਦਾ ਕਾਰਜ ਜਾਰੀ ਰਿਹਾ। ੨੦੦੪ ‘ਚ ਉਸ ਨੇ ਆਪਣੀ ਕਵਿਤਾਵਾਂ ਦੀ ਪੁਸਤਕ ‘ਦਿ ਗਰੇਟ ਐਨਿਗਮਾ’ (ਮਹਾਂ-ਰਹੱਸ) ਛਪਵਾਈ। ਗੌਰਤਲਬ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਪੁਰਸਕਾਰ ਲਈ ਚੋਣ ਕਮੇਟੀ ਦਾ ਸਭ ਤੋਂ ਪਸੰਦੀਦਾ ਲੇਖਕ ਚੱਲਿਆ ਆ ਰਿਹਾ ਸੀ।
ਟਰਾਂਸਟਰੋਮਰ ਦੀ ਸਭ ਤੋਂ ਮਹੱਤਵਪੂਰਨ ਸਿਰਜਣਾ ‘ਚ ੧੯੬੬ ਦਾ ਉਸ ਦਾ ਕਾਰਜ ‘ਵਿੰਡੋਜ਼ ਐਂਡ ਸਟੋਨਜ਼’ ਹੈ, ਜਿਸ ਵਿੱਚ ਉਸ ਨੇ ਕਈ ਯਾਤਰਾਵਾਂ….ਦੇ ਥੀਮ ਨੂੰ ਆਧਾਰ ਬਣਾਇਆ ਹੈ। ੧੯੭੪ ‘ਚ ਉਸ ਦੀ ਕਵਿਤਾ ਦੀ ਪੁਸਤਕ ‘ਬਾਲ ਟਿਕਸ’ ਵੀ ਕਮਾਲ ਦੀ ਰਹੀ। ਉਸ ਦੀ ਕਵਿਤਾ ੫੦ ਤੋਂ ਵੱਧ ਭਾਸ਼ਾਵਾਂ ‘ਚ ਅਨੁਵਾਦ ਹੋ ਚੁੱਕੀ ਹੈ ਤੇ ਗਲੋਬਲ ਪੱਧਰ ‘ਤੇ ਕਵੀਆਂ ਉੱਤੇ ਪ੍ਰਭਾਵ ਪਾਇਆ ਹੈ। ਉਹ ਉੱਤਰੀ ਅਮਰੀਕਾ ‘ਚ ਬਹੁਤ ਮਕਬੂਲ ਹੈ। ਕਵੀ ਟੋਮਸ ਟਰਾਂਸਟਰੋਮਰ ਦਾ ਜਨਮ ੧੯੩੧ ‘ਚ ਸਟਾਕਹੋਮ ਵਿੱਚ ਹੋਇਆ ਅਤੇ ਉਹ ਆਪਣੀ ਅਧਿਆਪਕ ਮਾਂ ਕੋਲ ਇਕੱਲਾ ਪਲ਼ਿਆ, ਉਸ ਦੀ ਮਾਂ ਨੇ ਉਸ ਦੇ ਪੱਤਰਕਾਰ ਪਿਤਾ ਨੂੰ ਤਲਾਕ ਦੇ ਦਿੱਤਾ ਸੀ। ਉਸ ਨੇ ਸੋਡਰਾ ਲਾਤੀਨੀ ਸਕੂਲ ਸਟਾਕਹੋਮ ‘ਚ ਪੜ੍ਹਦਿਆਂ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀਆਂ ਸਨ ਅਤੇ ੨੩ ਸਾਲ ਦੀ ਉਮਰ ‘ਚ ਹੀ ਉਸ ਦੀ ਪਹਿਲੀ ਪੁਸਤਕ ‘੧੭ ਕਵਿਤਾਵਾਂ’ ਆਈ। ਮਗਰੋਂ ਉਸ ਨੇ ਸਟਾਕਹੋਮ ਯੂਨੀਵਰਸਿਟੀ ਤੋਂ ਸਾਈਕਾਲੋਜੀ ‘ਚ ਡਿਗਰੀ ਕੀਤੀ ਤੇ ਸਾਈਕੋਲੋਜਿਸਟ ਵਜੋਂ ਕੰਮ ਦੇ ਨਾਲ-ਨਾਲ ਕਵਿਤਾ ਦਾ ਸਫ਼ਰ ਵੀ ਜਾਰੀ ਰੱਖਿਆ। ਆਪਣਾ ਲੋਹਾ ਦੁਨੀਆ ਨੂੰ ਮਨਾਉਂਦੇ ਹੋਏ ਹੁਣ ਨੋਬਲ ਪੁਰਸਕਾਰ ਹਾਸਿਲ ਕੀਤਾ ਹੈ।