ਸਿੱਖ ਇਤਿਹਾਸ ਵਿੱਚ ‘ਦੀਵਾਲੀ’

ਸਿੱਖ ਜਗਤ ਵਿੱਚ ਗੁਰਪੁਰਬਾਂ, ਸ਼ਹੀਦੀ ਦਿਹਾੜਿਆਂ ਅਤੇ ਹੋਰ ਇਤਿਹਾਸਕ ਤਿਉਹਾਰਾਂ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਤਿਉਹਾਰਾਂ ਵਿਚੋਂ ਬੰਦੀ-ਛੋੜ ਦਿਵਸ, ਵਿਸਾਖੀ, ਮਾਘੀ ਆਦਿ ਦਿਹਾੜੇ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਤਨ ਸਮਿਆਂ ਤੋਂ ਸਮੁੱਚੇ ਭਾਰਤ ਵਿੱਚ ਬੜੀ ਸਜ-ਧਜ ਨਾਲ ਮਨਾਇਆ ਜਾਂਦਾ ਹੈ ਪਰ ਸਿੱਖ ਧਰਮ ‘ਚ ਇਸ ਦਾ ਇਤਿਹਾਸਕ ਪਿਛੋਕੜ ਵਿਲੱਖਣ ਹੈ। ਇਸ ਦਿਨ ਨਾਲ ਸਿੱਖ-ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਜਿਨ੍ਹਾਂ ਕਾਰਨਾਂ ਕਰਕੇ ਛੇਵੇਂ ਸਤਿਗੁਰਾਂ ਨੂੰ ਗਵਾਲੀਅਰ……… ਦੇ ਕਿਲ੍ਹੇ ਵਿੱਚ ਕੈਦ ਕੀਤਾ ਤੇ ਫਿਰ ਰਿਹਾਅ ਕਰ ਦਿੱਤਾ ਗਿਆ, ਉਨ੍ਹਾਂ ਦੀ ਜਾਣਕਾਰੀ ਬਿਨਾਂ ਬੰਦੀ-ਛੋੜ ਦਿਵਸ ਦੀ ਅਹਿਮੀਅਤ ਨੂੰ ਸਮਝਣਾ ਔਖਾ ਹੈ।
ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਹਰਿਮੰਦਰ ਸਾਹਿਬ ਦੇ ਸੰਸਥਾਪਕ, ਬਾਣੀ ਦੇ ਬੋਹਿਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਜਣਹਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ੍ਹ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਜਲ-ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿੱਚ ਬਗਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿੱਚ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
ਗੁਰੂ ਸਾਹਿਬ ਦੀ ਨਜ਼ਰਬੰਦੀ ਕੋਈ ਸਧਾਰਨ ਗੱਲ ਨਹੀਂ ਸੀ। ਸਿੱਖ ਸੰਗਤਾਂ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਪਰ ਗੁਰੂ ਸਾਹਿਬ ਜੀ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲ੍ਹੇ ਦਾ ਮਾਹੌਲ ਹੀ ਬਦਲ ਗਿਆ। ਦੋਵੇਂ ਵੇਲੇ ਕੀਰਤਨ ਅਤੇ ਸਤਿਸੰਗ ਹੋਣ ਲੱਗਾ। ਕਾਲ-ਕੋਠੜੀਆਂ ਵਿਚੋਂ ਪ੍ਰਭੂ-ਸਿਮਰਨ ਦੀਆਂ ਮਿੱਠੀਆਂ ਧੁਨਾਂ ਉੱਠਣ ਲੱਗੀਆਂ। ਗੁਰੂ ਸਾਹਿਬ ਦੀ ਸੰਗਤ ਅਤੇ ਉਪਦੇਸ਼ਾਂ ਨੇ ਸਭ ਬੰਦੀਆਂ ਨੂੰ ਚੜ੍ਹਦੀ ਕਲਾ ਵਿੱਚ ਲੈ ਆਂਦਾ। ਉਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿੱਚ ਬੇਚੈਨੀ ਵਧਣ ਲੱਗੀ। ਸਿੱਖ ਸੰਗਤਾਂ ਦਾ ਇਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਿਥੋਂ-ਜਿਥੋਂ ਇਹ ਜਥਾ ਕੀਰਤਨ ਕਰਦਾ ਹੋਇਆ ਗੁਜ਼ਰਦਾ, ਸਿੱਖ ਸੰਗਤਾਂ ਇਸ ਦਾ ਭਾਰੀ ਸਵਾਗਤ ਕਰਦੀਆਂ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲ੍ਹੇ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ।
ਇਸ ‘ਤੇ ਇਹ ਜਥਾ ਕੀਰਤਨ ਕਰਦਿਆਂ, ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰ ਗੁਰੂ ਸਾਹਿਬ ਨੂੰ ਆਪਣੀ ਅਕੀਦਤ ਦੇ ਫੁੱਲ ਭੇਟ ਕਰਦਿਆਂ ਵਾਪਸ ਮੁੜ ਆਇਆ। ਉਪਰੰਤ ਅੰਮ੍ਰਿਤਸਰ ਤੋਂ ਵਾਰੋ-ਵਾਰੀ ਸਿੱਖਾਂ ਦੇ ਜਥੇ ਗਵਾਲੀਅਰ ਦੇ ਕਿਲ੍ਹੇ ਵੱਲ ਰਵਾਨਾ ਹੋਣ ਲੱਗੇ, ਜੋ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੇ। ਦੂਜੇ ਪਾਸੇ ਸਾਈਂ ਮੀਆਂ ਮੀਰ ਜੀ ਵਲੋਂ ਗੁਰੂ ਸਾਹਿਬ ਦੀ ਸਤਿਕਾਰ ਸਹਿਤ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨਿਰੰਤਰ ਚੱਲ ਰਹੀ ਸੀ, ਜਿਸ ਵਿੱਚ ਸਾਈਂ ਮੀਆਂ ਮੀਰ ਜੀ ਨੂੰ ਕਾਮਯਾਬੀ ਮਿਲੀ ਅਤੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ ੫੨ ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।
ਰਿਹਾਈ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਪੁੱਜੇ ਤਾਂ ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ‘ਤੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ ਅਤੇ ਅਥਾਹ ਖੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਬੰਦੀ-ਛੋੜ ਦਿਵਸ (ਦੀਵਾਲੀ) ਅਤੇ ਵਿਸਾਖੀ ਦੇ ਦਿਨ ‘ਸਰਬੱਤ ਖ਼ਾਲਸਾ’ ਅੰਮ੍ਰਿਤਸਰ ਵਿਖੇ ਇਕੱਤਰ ਹੁੰਦਾ, ਜਿਸ ਵਿੱਚ ਉਸ ਸਮੇਂ ਦਰਪੇਸ਼ ਮਸਲਿਆਂ ਸਬੰਧੀ ਪੰਥਕ ਫ਼ੈਸਲੇ ਤੇ ਗੁਰਮਤੇ ਕੀਤੇ ਜਾਂਦੇ। 1733 ਈ: ਦੀ ਦੀਵਾਲੀ ਦੇ ਅਵਸਰ ‘ਤੇ ਵੀ ਭਾਈ ਮਨੀ ਸਿੰਘ ਨੇ ਇੰਜ ਹੀ ਇਕੱਤਰ ਹੋਣ ਲਈ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਪੁੱਜਣ ਦੇ ਸੱਦੇ ਭੇਜੇ। ਕਿਉਂਕਿ ਉਸ ਸਮੇਂ ਹਕੂਮਤ ਵਲੋਂ ਅਜਿਹੀ ਇਕੱਤਰਤਾ ਕਰਨ ਦੀ ਮਨਾਹੀ ਸੀ, ਇਸ ਲਈ ਭਾਈ ਮਨੀ ਸਿੰਘ ਨੇ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਇਕੱਤਰਤਾ ਕਰਨ ਦੀ ਇਜਾਜ਼ਤ ਲਈ। ਉਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ-ਮੁਕਾਉਣ ਦੀ ਯੋਜਨਾ ਬਣਾ ਲਈ, ਜਿਸ ਦੀ ਸੂਹ ਭਾਈ ਸਾਹਿਬ ਨੂੰ ਵੀ ਮਿਲ ਗਈ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸੰਗਤਾਂ ਦੇ ਨਾ ਆਉਣ ‘ਤੇ, ਭੇਟਾ ਨਾ ਹੋਣ ਕਰਕੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਲਾਹੌਰ ਸੱਦ ਭੇਜਿਆ ਅਤੇ ਟੈਕਸ ਅਦਾ ਕਰਨ, ਸਿੱਖ ਧਰਮ ਛੱਡ ਕੇ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਹਕੂਮਤ ਨੂੰ ਆਪਣੇ ਇਕਰਾਰ ਤੋਂ ਫਿਰ ਜਾਣ ਕਾਰਨ ਟੈਕਸ ਭਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ‘ਸਿੱਖ ਲਈ ਧਰਮ ਪਿਆਰਾ ਹੈ, ਜਾਨ ਪਿਆਰੀ ਨਹੀਂ’, ਆਖ ਕੇ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ। ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਕਰਕੇ ਇਹ ਦਿਨ ਸਿੱਖ ਕੌਮ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਇਸ ਇਤਿਹਾਸਕ ਦਿਹਾੜੇ ਦੇ ਸ਼ੁੱਭ ਅਵਸਰ ‘ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਦਿਲੀ ਵਧਾਈ ਦਿੰਦਾ ਹੋਇਆ ਜੋਦੜੀ ਕਰਦਾ ਹਾਂ ਕਿ ਅੱਜ ਜਿਥੇ ਇਹ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਸਮੁੱਚੇ ਸਿੱਖ ਜਗਤ ਵਲੋਂ ਘਰਾਂ ‘ਚ ਦੀਵੇ ਬਾਲ ਕੇ ਹਨੇਰੇ ਨੂੰ ਰੁਸ਼ਨਾ ਰਿਹਾ ਹੈ, ਉਥੇ ਲੋੜ ਹੈ ਭਾਈ ਮਨੀ ਸਿੰਘ ਤੇ ਹੋਰ ਸੂਰਬੀਰ ਯੋਧਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਜਾਨ ਤੋਂ ਵੀ ਵੱਧ ਪਿਆਰੇ ਗੁਰੂ-ਘਰਾਂ ਦੀ ਮਾਣ-ਮਰਿਆਦਾ ਤੇ ਸਤਿਕਾਰ ਨੂੰ ਬਹਾਲ ਰੱਖਣ ਦੀ। ਆਓ! ਅੱਜ ਦੀਵਾਲੀ ਦੇ ਇਸ ਇਤਿਹਾਸਕ ਦਿਹਾੜੇ ‘ਤੇ ਪੰਥ ਵਿੱਚ ਚੜ੍ਹਦੀ ਕਲਾ, ਮਜ਼ਬੂਤੀ, ਏਕਤਾ ਅਤੇ ਆਪਸੀ ਸਦਭਾਵਨਾ ਕਾਇਮ ਕਰਨ ਦਾ ਪ੍ਰਣ ਕਰੀਏ ਅਤੇ ਗੁਰੂ ਸਾਹਿਬ ਵਲੋਂ ਦਰਸਾਏ ਗੁਰਮਤਿ ਗਾਡੀ ਰਾਹ ਨੂੰ ਅਪਣਾਉਂਦਿਆਂ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਅਤੇ ਆਪਣੇ ਅੰਦਰਲੀ ਅਗਿਆਨਤਾ ਦੂਰ ਕਰਕੇ ਗਿਆਨ ਦੇ ਦੀਵੇ ਬਾਲੀਏ।
ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।