ਸਿੱਖ ਕੈਦੀਆਂ ਦੀ ਰਿਹਾਈ ਨਾ ਹੋਈ ਤਾਂ 26 ਜਨਵਰੀ ਦੇ ਸਮਾਗਮਾਂ ਦਾ ਸਿੱਖ ਕਾਲੇ ਝੰਡੇ ਲਹਿਰਾ ਕੇ ਕਰਨਗੇ ਬਾਈਕਾਟ : ਨੰਦਗੜ੍ਹ

securedownload (1)securedownload (3)securedownload (1)securedownload (1)ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ : ਪੰਥਪ੍ਰੀਤ ਸਿੰਘ ਖਾਲਸਾ
ਬਠਿੰਡਾ, 5 ਜਨਵਰੀ (ਕਿਰਪਾਲ ਸਿੰਘ) : ਕਾਨੂੰਨ ਮੁਤਾਬਿਕ ਮਿਲੀਆਂ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਸਿੱਖ ਕੈਦੀਆਂ ਦੀ ਰਿਹਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅਤੇ ਇਹ ਮੰਗ ਪੂਰੀ ਕਰਵਾਉਣ ਲਈ ਪਿਛਲੇ 55 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੇ ਸਮਰਥਨ ਵਿੱਚ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਬਠਿੰਡਾ ਤੱਕ, ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆਂ ਦੀ ਰਹਿਨੁਮਾਈ ਹੇਠ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਮਾਰਚ ਕੱਢਿਆ ਗਿਆ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕਰਨ ਪਿੱਛੋਂ ਜਥੇਦਾਰ ਗਿਆਨੀ ਬਲਵੰਤ ਸਿੰਘ ਨੇ ਮਾਰਚ ਨੂੰ ਵਿਦਾ ਕੀਤਾ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਦੇਸ਼ ਵਿੱਚ ਸਿੱਖਾਂ ਲਈ ਹੋਰ ਕਾਨੂੰਨ ਹੈ ਅਤੇ ਬਹੁ ਗਿਣਤੀ ਲਈ ਹੋਰ ਹਨ। ਸਿੱਖਾਂ ਦੇ ਕਾਤਲ ਕੈਟ ਨੂੰ ਸਜਾ ਪੂਰੀ ਹੋਣ ਤੋਂ 7 ਸਾਲ ਪਹਿਲਾਂ ਹੀ ਰਿਹਾਅ ਕਰ ਦਿੱਤਾ ਜਦੋਂ ਕਿ ਸਿੱਖਾਂ ਕੈਦੀਆਂ ਵੱਲੋਂ ਸਜਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇੱਕੋ ਤਰ੍ਹਾਂ ਦੇ ਕੇਸ ਵਿੱਚ…… ਸਜਾ ਭੁਗਤ ਰਿਹਾ ਬਹੁ ਗਿਣਤੀ ਨਾਲ ਸਬੰਧਿਤ ਵਿਅਕਤੀ ਹਰ ਮਹੀਨੇ ਹੀ ਪੈਰੋਲ ‘ਤੇ ਬਾਹਰ ਆ ਰਿਹਾ ਹੈ ਪਰ ਉਸੇ ਤਰ੍ਹਾਂ ਦੇ ਕੇਸਾਂ ਵਾਲੇ ਸਿੱਖ ਕੈਦੀਆਂ ਨੂੰ ਨਾ ਕੋਈ ਪੈਰੋਲ ਅਤੇ ਨਾ ਹੀ ਸਜਾ ਪੂਰੀ ਹੋਣ ਬਾਅਦ ਰਿਹਾਈ ਮਿਲਦੀ ਹੈ। ਜਥੇਦਾਰ ਨੰਦਗੜ੍ਹ ਨੇ ਕਿਹਾ ਜੇ ਇਸ ਦੂਹਰੀ ਨੀਤੀ ਦੇ ਚੱਲਦਿਆਂ ਸਰਕਾਰ ਨੇ 26 ਜਨਵਰੀ ਤੱਕ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਰਿਹਾਅ ਨਾ ਕੀਤੇ ਤਾਂ ਦੇਸ਼ ਦਾ ਸੰਵਿਧਾਨ ਲਾਗੂ ਹੋਣ ਵਾਲੇ 26 ਜਨਵਰੀ ਦੇ ਦਿਨ ਗਣਤੰਤਰਤਾ ਦਿਵਸ ਦੇ ਸਮਾਗਮਾਂ ਦਾ ਸਿੱਖ ਬਾਈਕਾਟ ਕਰਨਗੇ ਅਤੇ ਆਪਣੇ ਘਰਾਂ ਉੱਪਰ ਕਾਲ ਝੰਡੇ ਲਹਿਰਾਉਣਗੇ।
ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਦੁਪਹਿਰ 11 ਵਜੇ ਰਵਾਨਾ ਹੋਇਆ ਇਹ ਮਾਰਚ ਇਤਨਾ ਲੰਬਾ ਅਤੇ ਪ੍ਰਭਾਵਸ਼ਾਲੀ ਸੀ ਕਿ ਜਿਲ੍ਹਾ ਪ੍ਰਸ਼ਾਸਨ ਲਈ ਬਹੁਤ ਵੱਡੀ ਸਮੱਸਿਆ ਬਣ ਗਈ। ਬਠਿੰਡਾ ਸ਼ਹਿਰ ਤੋਂ ੫ ਕਿੱਲੋਮੀਟਰ ਦੂਰ ਹੀ ਡੀਐੱਸਪੀ ਦੇਸ ਰਾਜ ਦੀ ਅਗਵਾਈ ਹੇਠ ਪੁਲਿਸ ਨੇ ਗਰੋਥ ਸੈਂਟਰ ਕੋਲ ਰੋਕ ਲਿਆ ਅਤੇ ਮਾਰਚ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਮਿਨੀ ਸੈਕਟਰੀਏਟ ਦੇ ਆਸ ਪਾਸ ਇਤਨੀ ਵੱਡੀ ਗਿਣਤੀ ਸੰਗਤਾਂ ਦੇ ਬੈਠਣ ਅਤੇ ਉਨ੍ਹਾਂ ਦੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਹੀਂ ਹੈ ਇਸ ਕਾਰਣ ਮੁੱਖ ਸੜਕ ‘ਤੇ ਬਹੁਤ ਵੱਡਾ ਜਾਮ ਲੱਗ ਜਾਵੇਗਾ ਜਿਸ ਕਰਨ ਟ੍ਰੈਫਿਕ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਕਾਨੂੰਨ ਵਿਵਸਥਾ ਵੀ ਵਿਗੜ ਸਕਦੀ ਹੈ। ਤੁਸੀਂ ਸਿਰਫ਼ ਮੈਮੋਰੰਡਮ ਹੀ ਦੇਣਾ ਹੈ; ਡੀਸੀ ਬਾਹਰ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ਏਡੀਸੀ ਖ਼ੁਦ ਇੱਥੇ ਆ ਕੇ ਮੈਮੋਰੰਡਮ ਲੈ ਲੈਣਗੇ। ਇਸੇ ਦੌਰਾਨ ਏਡੀਸੀ (ਜਨਰਲ) ਸ਼੍ਰੀ ਸੁਮੀਤ ਜਾਰੰਗਲ ਵੀ ਉੱਥੇ ਪਹੁੰਚ ਗਏ ਤੇ ਮੰਗ ਪੱਤਰ ਦੇਣ ਲਈ ਕਿਹਾ ਪਰ ਸਿੱਖ ਸੰਗਤਾਂ ਨਾ ਮੰਨੀਆਂ। ਭਾਈ ਪੰਥ ਪ੍ਰੀਤ ਸਿੰਘ ਨੇ ਕਿਹਾ ਜਦੋਂ ਆਰਐੱਸਐੱਸ ਡਾਂਗਾਂ ਅਤੇ ਹਥਿਆਰ ਲੈ ਕੇ ਸ਼ਹਿਰ ਵਿੱਚ ਮਾਰਚ ਕਰਦੀ ਹੈ ਜੇ ਉਸ ਸਮੇਂ ਕਾਨੂੰਨ ਵਿਵਸਥਾ ਨਹੀਂ ਵਿਗੜਦੀ ਤਾਂ ਸਾਡੇ ਪਾਸ ਤਾਂ ਨਾ ਕੋਈ ਡਾਂਗ ਹੈ ਅਤੇ ਨਾ ਹੀ ਹਥਿਆਰ ਤਾਂ ਕਾਨੂੰਨ ਵਿਵਸਥਾ ਕਿਵੇਂ ਵਿਗੜ ਜਾਵੇਗੀ? ਭਾਈ ਪੰਥਪ੍ਰਤੀ ਸਿੰਘ ਖਾਲਸਾ ਨੇ ਬਹੁਤ ਹੀ ਸੰਜੀਦਗੀ ਨਾਲ ਪ੍ਰਸ਼ਾਸਨ ਨੂੰ ਕਿਹਾ ਕਿ ਅਸੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹਾਂ ਇਸ ਲਈ ਬਠਿੰਡਾ ਸ਼ਹਿਰ ਪਹੁੰਚਣ ਤੋਂ ਪਹਿਲਾਂ ਅਸੀਂ ਨਹੀ ਰੁਕਾਂਗੇ। ਜੇ ਜ਼ਬਰ ਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇੱਥੇ ਹੀ ਸੜਕ ਦੇ ਦੋਵੇਂ ਪਾਸੇ ਧਰਨਾ ਲਾ ਦੇਵਾਂਗੇ। ਪਰ ਜੇ ਜਾਣ ਦਿਓਗੇ ਤਾਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ‘ਜੇਲ੍ਹਾਂ ਵਿੱਚ ਬੈਠੇ ਕੈਦੀ ਰਿਹਾਅ ਕਰੋ’ ਤੋਂ ਬਿਨਾਂ ਕੋਈ ਵੀ ਸਿੰਘ ਹੋਰ ਕੋਈ ਨਾਹਰਾ ਨਹੀਂ ਲਾਵੇਗਾ ਤੇ ਨਾ ਹੀ ਡਿਸਿਪਲਿਨ ਭੰਗ ਕਰੇਗਾ। ਜੇ ਕਰ ਤੁਸੀਂ ਮਿਨੀ ਸੈਕਟਰੀਏਟ ਦੇ ਕੋਲ ਜਗ੍ਹਾ ਦੀ ਘਾਟ ਸਮਝਦੇ ਹੋ ਤਾਂ ਦਾਣਾ ਮੰਡੀ ਜਿੱਥੇ ਬਹੁਤ ਖੁੱਲ੍ਹੀ ਥਾਂ ਹੈ ਉੱਥੇ ਪਹੁੰਚ ਲੈਣ ਦਿਓ। ਬੇਬਸ ਹੋਏ ਏਡੀਸੀ ਨੂੰ ਮਾਰਚ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਣੀ ਪਈ। ਭਾਈ ਮਤੀ ਦਾਸ ਨਗਰ ਕੋਲ ਪਹੁੰਚ ਕੇ ਏਡੀਸੀ ਨੇ ਫਿਰ ਬੇਨਤੀ ਕੀਤੀ ਕਿ ਹੁਣ ਸ਼ਹਿਰ ਵਿੱਚ ਪਹੁੰਚ ਚੁੱਕੇ ਹਾਂ ਇਸ ਲਈ ਮੈਮੋਰੰਡਮ ਇਸ ਸਥਾਨ ‘ਤੇ ਹੀ ਦੇ ਦਿੱਤਾ ਜਾਵੇ। ਪਰ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਤੁਹਾਡੀ ਪਹਿਲੀ ਗੱਲ ਮੰਨ ਗਏ ਸੀ ਪਰ ਹੁਣ ਸੰਗਤਾਂ ਦਾਣਾ ਮੰਡੀ ਪਹੁੰਚਣ ਤੋਂ ਪਹਿਲਾਂ ਰੁਕਣ ਲਈ ਤਿਆਰ ਨਹੀਂ ਹਨ। ਇਸ ਲਈ ਏਡੀਸੀ ਨੂੰ ਫਿਰ ਸੰਗਤਾਂ ਦੀ ਆਵਾਜ਼ ਅੱਗੇ ਝੁਕਣਾ ਪਿਆ ਤੇ ਸੰਗਤ ਦਾਣਾ ਮੰਡੀ ਪਹੁੰਚ ਗਈ ਜਿੱਥੇ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਭਾਈ ਕਿਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਜਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ (1920) ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਰਜੀਤ ਸਿੰਘ ਨੰਦਗੜ੍ਹ, ਮਹਿੰਦਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਏਕਸ ਕੇ ਬਾਰਕ, ਸਿਮਰਨਜੋਤ ਸਿੰਘ ਪ੍ਰਧਾਨ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੰਸਥਾ, ਬਲਜਿੰਦਰ ਸਿੰਘ ਤੇ ਬਲਜੀਤ ਸਿੰਘ ਗੰਗਾ ਏਕਨੂਰ ਖਾਲਸਾ ਫ਼ੌਜ, ਭਾਈ ਹਰਜਿੰਦਰ ਸਿੰਘ ਮਾਂਝੀ ਪ੍ਰਚਾਰਕ ਅਕਾਲ ਬੁੰਗਾ ਮਸਤੂਆਣਾ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬੀਬੀ ਬਲਜਿੰਦਰ ਕੌਰ ਤੋਂ ਏਡੀਸੀ (ਜਨਰਲ) ਸ਼੍ਰੀ ਸੁਮੀਤ ਜਾਰੰਗਲ ਨੇ ਪ੍ਰਧਾਨ ਮੰਤਰੀ ਦੇ ਨਾਮ ਸੰਬੋਧਿਤ ਕੀਤਾ ਮੈਮੋਰੰਡਮ ਪ੍ਰਾਪਤ ਕੀਤਾ ਜਿਸ ਦੇ ਉਤਾਰੇ ਮੁੱਖ ਮੰਤਰੀ ਪੰਜਾਬ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਅਤੇ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਸਰਕਾਰ ਨੂੰ ਵੀ ਕੀਤੇ ਗਏ ਸਨ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਏਡੀਸੀ ਨੇ ਵਿਸ਼ਵਾਸ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ ਅਤੇ ਇਹ ਮੰਗ ਪੱਤਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ, ਚੇਅਰਮੈਨ ਘੱਟ ਗਿਣਤੀ ਕਮਿਸ਼ਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸਿਫ਼ਾਰਸ਼ਾਂ ਸਹਿਤ ਭੇਜ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐੱਸਪੀ ਮਨਜੀਤ ਸਿੰਘ ਵੀ ਸਨ। ਉਪਰੰਤ ਭਾਈ ਪੰਥਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਲਈ ਵੱਖਰੇ ਕਾਨੂੰਨ ਲਗਾਏ ਜਾ ਰਹੇ ਹਨ ਜਦੋਂ ਕਿ ਇੱਕ ਸਿੱਖ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਇੱਕ ਵਿਅਕਤੀ ਨੂੰ 7 ਸਾਲ ਤੋਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ ਹੈ ਜਦ ਕਿ ਉਸ ਦੀ ੭ ਸਾਲ ਦੀ ਸਜ਼ਾ ਹਾਲੇ ਬਾਕੀ ਸੀ। ਇਸੇ ਤਰ੍ਹਾਂ ਸਿਰਸਾ ਡੇਰਾ ਮੁਖੀ ਖ਼ਿਲਾਫ਼ ਦਰਜ਼ ੨੯੫ਏ ਦਾ ਮਾਮਲਾ ਰੱਦ ਕਰ ਦਿੱਤਾ ਜਦ ਕਿ ਸਿੱਖਾਂ ਦੇ ਪੁਰਾਣੇ ਕੇਸਾਂ ਨੂੰ ਮੁੜ ਖੋਲ੍ਹ ਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ; ਜਿਸ ਤੋਂ ਸਾਫ਼ ਸਪਸ਼ਟ ਹੈ ਕਿ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਕਿਸੇ ਤੋਂ ਕੋਈ ਭੀਖ ਜਾਂ ਰਹਿਮ ਦੀ ਮੰਗ ਨਹੀਂ ਕਰ ਰਹੇ ਬਲਕਿ ਇਸ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸ਼ਹਿਰੀ ਹੋਣ ਦੇ ਨਾਤੇ ਆਪਣਾ ਹੱਕ ਹੀ ਮੰਗ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਸਤਨਾਮ ਸਿੰਘ ਚੰਦੜ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਸੂਬੇਦਾਰ ਬਲਦੇਵ ਸਿੰਘ ਪ੍ਰਿੰਸੀਪਲ ਰਣਜੀਤ ਸਿੰਘ, ਹਰਫੂਲ ਸਿੰਘ, ਨਾਜ਼ਰ ਸਿੰਘ ਆਦਿਕ ਵੀ ਹਾਜ਼ਰ ਸਨ।