‘ਸਿੱਖ ਚਿਲਡਰਨ ਡੇਅ’ 26 ਅਤੇ 27 ਦਸੰਬਰ ਨੂੰ ਕਰਵਾਇਆ ਜਾਏਗਾ

ਆਕਲੈਂਡ, 7 ਅਕਤੂਬਰ – ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਟਾਕਾਨੀਨੀ ਵਿਖੇ ਹਰ ਸਾਲ ਕਰਵਾਇਆ ਜਾਂਦਾ ਹੈ, ਪਰ ਕੋਰੋਨਾਵਾਇਰਸ ਮਹਾਂਮਾਰੀ ਦੇ ਕਰਕੇ ਲੇਟ ਕਰਵਾਇਆ ਜਾ ਰਿਹਾ ਹੈ। ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਦਾ ਪ੍ਰਭਾਵ ਘਟਣ ਕਰਕੇ ਆਕਲੈਂਡ ਅਲਰਟ ਲੈਵਲ 1 ਉੱਤੇ ਆ ਗਿਆ ਹੈ, ਜਿਸ ਦੇ ਕਰਕੇ ਹੁਣ ਸਿੱਖ ਚਿਲਡਰਨ ਡੇਅ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰਧਾਨ ਰਣਬੀਰ ਸਿੰਘ ਲਾਲੀ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਜ਼ਿੰਦੀ ਦੀ ਅਗਵਾਈ ਵਿੱਚ ਹੋਈ ਮੀਟਿੰਗ ‘ਚ ਇਸ ਬਾਬਤ ਫ਼ੈਸਲਾ ਲਿਆ ਗਿਆ। ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਸੁਪਰੀਮ ਸਿੱਖ ਸੋਸਾਇਟੀ ਵੱਲੋਂ ਇਸ ਵਾਰ ਚਿਲਡਰਨ ਡੇਅ 26 ਅਤੇ 27 ਦਸੰਬਰ ਨੂੰ ਕਰਵਾਇਆ ਜਾਏਗਾ। ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਗੁਰਬਾਣੀ ਪਾਠ, ਕਵਿਤਾ, ਕਵੀਸ਼ਰੀ, ਵਾਰਾਂ, ਕੀਰਤਨ, ਭਾਸ਼ਣ, ਪੇਂਟਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਇਨਾਮਾਂ ਦਿੱਤੇ ਜਾਣਗੇ।