ਸਿੱਖ ਬਜ਼ੁਰਗ ‘ਤੇ ਹਮਲਾ ਕਰਨ ਵਾਲੀ ਬਰਤਾਨਵੀ ਮੁਟਿਆਰ ਗ੍ਰਿਫ਼ਤਾਰ

ਲੰਦਨ, 18 ਅਗਸਤ – ਇੱਥੇ ਕੋਵੈਂਟਰੀ ਟਰਿੰਟੀ ਸਟਰੀਟ ਵਿਖੇ 19 ਸਾਲਾ ਨੌਜਵਾਨ ਬਰਤਾਨਵੀ ਲੜਕੀ ਨੇ ਸ਼ਰ੍ਹੇਆਮ 80 ਸਾਲਾ ਸਿੱਖ ਬਜ਼ੁਰਗ ‘ਤੇ ਹਮਲਾ ਕਰਕੇ ਥੱਲੇ ਡੇਗ ਦਿੱਤਾ, ਜਿਸ ਨਾਲ ਉਨ੍ਹਾਂ ਦੀ ਪੱਗ ਵੀ ਲੱਥ ਗਈ। ਇਸ ਘਟਨਾ ਦੀ ਵੀਡੀਓ ਵੈੱਬ ‘ਤੇ ਆਨਲਾਈਨ ਪਾਏ ਜਾਣ ਤੋਂ ਬਾਅਦ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਨਸ਼ੇ ਦੀ ਹਾਲਤ ਵਿੱਚ ਸੀ। ਬਰਤਾਨਵੀ ਮੀਡੀਆ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਲੜਕੀ ਨੇ ਪੀੜਤ ਬਜ਼ੁਰਗ ਦੇ ਮੂੰਹ ‘ਤੇ ਮੁੱਕਾ….. ਮਾਰਿਆ ਅਤੇ ਧੱਕਾ ਦੇ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਜਿਸ ਕਾਰਨ ਸਿੱਖ ਬਜ਼ੁਰਗ ਦੀ ਪੱਗ ਲੱਥ ਗਈ ਅਤੇ ਨੱਕ ਚੋਂ ਖੂਨ ਵਗਣ ਲਗ ਪਿਆ। ਉਸ ਦੀ ਅੱਖ ‘ਤੇ ਵੀ ਸੱਟ ਲੱਗੀ। ਲੜਕੀ ਨੇ ਮੌਕੇ ਤੋਂ ਜਾਣ ਤੋਂ ਪਹਿਲਾਂ ਬਜ਼ੁਰਗ ਨੂੰ ਗਾਲ੍ਹਾਂ ਕੱਢੀਆਂ ਤੇ ਉਸ ‘ਤੇ ਥੁੱਕਿਆ। ਇਹ ਹਮਲਾ 10 ਅਗਸਤ ਨੂੰ ਸ਼ਾਮ 8.30 ਵਜੇ ਕੋਵੈਂਟਰੀ ਟਰਿੰਟੀ ਸਟਰੀਟ ਵਿਚ ਬੱਸ ਅੱਡੇ ਦੇ ਨੇੜੇ ਬਿਨਾਂ ਕਿਸੇ ਕਾਰਨ ਕੀਤਾ ਗਿਆ। ਇਸ ਘਟਨਾ ਨੂੰ ਕਿਸੇ ਰਾਹਗੀਰ ਨੇ ਮੋਬਾਈਲ ‘ਤੇ ਰਿਕਾਰਡ ਕਰ ਲਿਆ ਅਤੇ ਫੇਸਬੁੱਕ ‘ਤੇ ਪਾ ਦਿੱਤਾ। ਜਿਸ ਪਿੱਛੋਂ ਪੁਲਿਸ ਨੇ ਸਰਗਰਮੀ ਦਿਖਾਉਂਦੇ ਹੋਏ ਦੋਸ਼ੀ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਕਿਹਾ ਕਿ ਉਸ ਨੂੰ ਪੁੱਛਿਆ ਜਾਵੇ ਕਿ ਉਸ ਨੇ ਹਮਲਾ ਕਿਉਂ ਕੀਤਾ। ਪੁਲਿਸ ਹਮਲੇ ਨੂੰ ਬਦਨੀਤੀ ਨਾਲ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਜੋਂ ਲੈ ਰਹੀ ਹੈ ਜਿਸ ਵਿੱਚ ਪੰਜ ਸਾਲ ਤਕ ਕੈਦ ਦੀ ਵਿਵਸਥਾ ਹੈ।