ਸਿੱਖ ਸਪੋਰਟਸ ਕਲੱਬ ਬੇਆਫ਼ ਪਲੈਂਟੀ (ਟੋਰੰਗਾ) ਵਲੋਂ ੧੫ਵੇਂ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ ਨੇ ਦਰਸ਼ਕਾਂ ਦੇ ਦਿਲ ਜਿੱਤੇ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) – ਸਿੱਖ ਸਪੋਰਟਸ ਕਲੱਬ ਬੇਆਫ਼ ਪਲੈਂਟੀ (ਟੋਰੰਗਾ) ਵਲੋਂ ੧੫ਵਾਂ ਟੂਰਨਾਮੈਂਟ ਗ੍ਰਰੀਟਨ ਪਾਰਕ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕਬੱਡੀ, ਫੁੱਟਬਾਲ, ਬੱਚਿਆ ਦੀਆਂ ਖੇਡਾਂ ਤੇ ਕੁੱਕੜ ਫੜਨ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਨੂੰ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ ਦਾ ਫਾਈਨਲ ਮੁਕਾਬਲਾ ਬਹੁਤ ਹੀ ਜ਼ਬਰਦਸਤ ਤੇ ਰੋਚਿਕ ਰਿਹਾ। ਜਿਸ ਵਿੱਚ ਸਿੱਖ ਸਪੋਰਟਸ ਕਲੱਬ ਬੇਆਫ਼ ਪਲੈਂਟੀ ਟੋਰੰਗਾ ਨੇ ਟੀਪੂਕੀ ਤੇ ਹੇਸਟਿੰਗ (ਸਾਂਝੇ ਤੋਰ ‘ਤੇ ਖੇਡੇ) ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਫੁੱਟਬਾਲ ਦਾ ਫਾਈਨਲ ਮੁਕਾਬਲਾ ਵੀ ਬੜਾ ਹੀ ਸੰਘਰਸ਼ਸ਼ੀਲ…….. ਰਿਹਾ ਜਿਸ ਵਿੱਚ ਸਿੱਖ ਸਪੋਰਟਸ ਕਲੱਬ ਉਟਾਹੂਹੂ ਨੇ ਪੰਜਾਬ ਵੋਰੀਅਰਸ ਆਕਲੈਂਡ ਨੂੰ ਪੈਨਲਟੀ ਕਾਰਨਰਜ਼ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਮੈਚਾਂ ਤੋਂ ਇਲਾਵਾ ਅੰਡਰ ੨੧, ਅੰਡਰ ੧੨ ਜਿਸ ਵਿੱਚ ਗੋਰੇ ਬੱਚਿਆਂ ਨੇ ਵੀ ਭਾਗ ਲਿਆ ਤੇ ਬੱਚਿਆਂ (ਲੜਕੇ ਤੇ ਲੜਕੀਆਂ) ਦੀਆਂ ਦੋੜਾਂ ਕਰਵਾਈਆਂ ਗਈਆਂ। ਕੁੱਕੜ ਫੜਨ ਦੇ ਮੁਕਾਬਲੇ ਨੇ ਪੰਜਾਬ ਤੇ ਪੰਜਾਬ ਦੇ ਖੇਡ ਮੇਲਿਆ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸ. ਕੁਲਦੀਪ ਸਿੰਘ ਨੇ ਕੁੱਕੜ ਫੜਨ ਦਾ ਮਾਣ ਹਾਸਿਲ ਕੀਤਾ। ਇਸ ਟੂਰਨਾਮੈਂਟ ਦੇ ਬੈੱਸਟ ਰੇਡਰ ਮਨਜੋਤ ਸਿੰਘ (ਸੁੱਖਾ ਰਾਜੂ) ਤੇ ਗਿੰਦਾ (ਚਹੇੜੂ-ਮਹੇੜੂ) ਤੇ ਬੈੱਸਟ ਜਾਫੀ ਕਮਲ (ਸੁੱਖਾ-ਰਾਜੂ) ਤੇ ਸੋਨੂੰ (ਕਾਹਰੀ-ਸਾਹਰੀ) ਐਲਾਨੇ ਗਏ। ਇਸ ਟੂਰਨਾਮੈਂਟ ਵਿੱਚ ਰੈਫ਼ਰੀ ਦੀਆ ਸੇਵਾਵਾਂ ਵਰਿੰਦਰ ਸਿੰਘ (ਬਰੇਲੀ), ਮਨਜੀਤ ਸਿੰਘ (ਬੱਲਾ) ਤੇ ਮੰਗਾ ਭੰਡਾਲ ਵਲੋਂ ਨਿਭਾਈਆਂ ਗਈਆਂ। ਇਸ ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਕਰਨ ਲਈ ਮੌਜੂਦਾ ਸਾਂਸਦ ਤੇ ਟਰਾਂਸਪੋਰਟ ਮੰਤਰੀ ਸ੍ਰੀ ਸਾਈਮਨ ਬਿਜਸ ਵਿਸ਼ੇਸ਼ ਤੋਰ ‘ਤੇ ਪਹੁੰਚੇ ਤੇ ਇਨਾਮਾਂ ਦੀ ਵੰਡ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਪੰਜਾਬੀ ਮੀਡੀਏ ਰਾਹੀ ਨਿਊਜ਼ੀਲੈਂਡ ਵਿੱਚ ਸੇਵਾਵਾਂ ਨਿਭਾ ਰਹੀਆ ਸ਼ਖ਼ਸੀਅਤਾਂ ‘ਕੂਕ ਪੰਜਾਬੀ  ਸਮਾਚਾਰ’ ਲਈ ਸੌਦਾਗਰ ਸਿੰਘ ਬਾੜੀਆਂ, ‘ਪੰਜਾਬੀ ਹਰਲਡ’ ਤੋਂ ਹਰਜਿੰਦਰ ਸਿੰਘ ਬਸਿਆਲਾ ਤੇ ‘ਮਦਰ ਕੀਵੀ’ ਤੋਂ ਯਾਦਵਿੰਦਰ ਸਿੰਘ ਨੂੰ ਸਨਮਾਨ ਚਿੰਨ ਦਿੱਤੇ ਗਏ। ਇਸ ਟੂਰਨਾਮੈਂਟ ਦੀ ਕੂਮੇਟਰੀ ਸ਼ਾਇਰਾਨਾ ਅੰਦਾਜ਼ ਵਿੱਚ ਸਤਨਾਮ ਸਿੰਘ ਸੱਤਾ ਨੇ ਕੀਤੀ ਤੇ ਖੂਬ ਰੰਗ ਬੰਨ੍ਹਿਆ। ਇਸ ਮੇਲੇ ਦੀ ਸ਼ੋਭਾ ਵਧਾਉਣ ਲਈ ਇਲਾਕੇ ਦੀਆ ਸਨਮਾਨ ਯੋਗ ਸ਼ਖ਼ਸੀਅਤਾਂ ਪਹੁੰਚੀਆਂ। ਇਸ ਟੂਰਨਾਮੈਂਟ ਦੇ ਸੋਹਣੇ ਤੇ ਸ਼ਾਨਦਾਰ ਪ੍ਰਬੰਧ ਲਈ ਸਿੱਖ ਸਪੋਰਟਸ ਕਲੱਬ ਬੇਆਫ਼ ਪਲੈਂਟੀ ਵਧਾਈ ਦੇ ਪਾਤਰ ਰਨ।