ਸੁਖਬੀਰ ਨੇ ਰਾਜੇਸ਼ ਖੰਨਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਚੰਡੀਗੜ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਫਿਲਮ ਜਗਤ ਦੇ ਪਹਿਲੇ ਸੁਪਰਸਟਾਰ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀ ਰਾਜੇਸ਼ ਖੰਨਾ ਦੇ ਮੁੰਬਈ ਵਿਖੇ ਹੋਏ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੱਕ ਸ਼ੋਕ ਸੁਨੇਹੇ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਜੰਮਪਲ ਰਾਜੇਸ਼ ਖੰਨਾ ਨੇ ਆਪਣੀ ਵਿਲੱਖਣ ਅਦਾਕਾਰੀ ਸਦਕਾ ਰੋਮਾਂਟਿਕ ਫਿਲਮਾਂ ਨੂੰ ਮੁੜ ਪ੍ਰੀਭਾਸ਼ਤ ਕਰਦਿਆਂ ਭਾਰਤੀ ਫਿਲਮ ਜਗਤ ਦਾ ਪਹਿਲਾ ਸੁਪਰ ਸਿਤਾਰਾ ਬਣਨ ਦਾ ਮਾਣ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਰਾਜੇਸ਼ ਖੰਨਾ ਦੀ ਮੌਤ ਨਾਲ ਦੇਸ਼ ਇੱਕ ਬੇਹਤਰੀਨ ਅਦਾਕਾਰ ਤੋਂ ਵਾਂਝਾ ਹੋ ਗਿਆ ਹੈ ਅਤੇ ਇਹ ਕਮੀ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਉਨ੍ਹਾਂ ਸ਼੍ਰੀ ਰਾਜੇਸ਼ ਖੰਨਾ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਣਾਂ ਵਿੱਚ ਨਿਵਾਸ ਅਤੇ ਪਿਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।