ਸੁਖਬੀਰ ਵਲੋਂ ਐਗਰੋ ਇੰਡਸਟਰੀਅਲ ਤੇ ਫੂਡ ਪ੍ਰੋਸੈਸਿੰਗ ਨੀਤੀ ਦਾ ਐਲਾਨ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

* ਫੂਡ ਪੋਸੈਸਿੰਗ ਲਈ ਵੈਟ ਤੇ ਸੀ. ਐਸ.ਟੀ. ਤੋਂ ਛੋਟ
* ਹਰ ਤਰ੍ਹਾਂ ਦੇ ਇਤਰਾਜ਼ਹੀਣਤਾ ਸਰਟੀਫਿਕੇਟਾਂ ਲੈਣ ਲਈ ‘ਸਿੰਗਲ ਵਿੰਡ ਕਲੀਰੈਂਸ ਆਨ ਪੋਰਟਲ’ ਅਕਤੂਬਰ ਵਿੱਚ ਸ਼ੁਰੂ ਹੋਵੇਗਾ
ਨਵੀਂ ਦਿੱਲੀ, ਚੰਡੀਗੜ੍ਹ, ੭ ਸਤੰਬਰ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਵਿਚ ਐਗਰੋ ਪ੍ਰੋਸੈਸਿੰਗ ਇੰਡਸਟਰੀ ਨੂੰ ਹੁਲਾਰਾ ਦੇਣ ਲਈ ਐਗਰੋ ਇੰਡਸਟਰੀਅਲ ਅਤੇ ਫੂਡ ਪ੍ਰੋਸੈਸਿੰਗ ਨੀਤੀ-੨੦੧੩ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤਹਿਤ ੧ ਕਰੋੜ ਤੋਂ ਲੈ ਕੇ ੧੦੦ ਕਰੋੜ ਰੁਪੈ ਤੱਕ ਦੇ ਨਿਵੇਸ਼ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ।
ਅੱਜ ਇੱਥੇ ਨਵੀਂ ਦਿੱਲੀ ਵਿਖੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਵਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਦੇਸ਼ ਭਰ ਦੇ ਪ੍ਰਸਿੱਧ ਉਦਯੋਗਪਤੀਆਂ ਨਾਲ ਲੰਬੀ ਵਿਚਾਰ ਚਰਚਾ ਦੌਰਾਨ ਸ. ਬਾਦਲ ਨੇ ਦੱਸਿਆ ਕਿ ਐਗਰੋ ਫੂਡ ਪ੍ਰੋਸ਼ੈਸਿੰਗ……. ਖੇਤਰ ਦਾ ਵਿਕਾਸ ਪੰਜਾਬ ਸਰਕਾਰ ਦਾ ਮੁੱਖ ਮੰਤਵ ਹੈ ਤੇ ਪੰਜਾਬ ਸਰਕਾਰ ਖੇਤੀ ਵਿਭਿੰਨਤਾ ਤਹਿਤ ਮੱਕੀ, ਕਪਾਹ, ਦਾਲਾਂ, ਬਾਸਮਤੀ, ਗੰਨਾ, ਹਰਾ ਚਾਰਾ, ਫਲਾਂ ਤੇ ਸਬਜ਼ੀਆਂ ਅਧੀਨ ਰਕਬਾ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।
ਨਵੀਂ ਨੀਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਕਿਹਾ ਕਿ ਇਸ ਨੀਤੀ ਤਹਿਤ ਉੱਚ ਤਕਨੀਕ ਨਾਲ ਖੇਤੀ, ਮਿਲਕ ਪ੍ਰੋਸੈਸਿੰਗ, ਮੱਛੀ, ਮੀਟ ਤੇ ਪੋਲਟਰੀ ਪ੍ਰੋਸੈਸਿੰਗ ਤੋਂ ਇਲਾਵਾ ਸੂਰਾਂ ਨੂੰ ਪਾਲਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸ਼ਹਿਦ ਉਤਪਾਦਨ ਦੇ ਨਾਲ-ਨਾਲ ਉਤਪਾਦਾਂ ਦੇ ਰੱਖ ਰਖਾਅ ਲਈ ਕੋਲਡ ਚੇਨ ਤੇ ਖੇਤੀ ਉਤਪਾਦਾਂ ਲਈ ਵੇਅਰ ਹਾਊਸਾਂ ਦੀ ਸਥਾਪਨਾ ਕਰਨਾ ਮੁੱਖ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਪੰਜਾਬ ਸਰਕਾਰ ਵਲੋਂ ੧ ਤੋਂ ੨੫ ਕਰੋੜ ਰੁਪੈ ਤੱਕ ਦੇ ਪ੍ਰਾਜੈਕਟਾਂ ‘ਤੇ ੧੦ ਸਾਲ ਲਈ ਵੈਟ ਵਿੱਚ ੮੦ ਫੀਸਦੀ ਤੇ ਕੇਂਦਰੀ ਸੇਲ ਟੈਕਸ ਵਿੱਚ ੭੫ ਫੀਸਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ੨੫ ਤੋਂ ੧੦੦ ਕਰੋੜ ਤੱਕ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ੧੦ ਸਾਲ ਲਈ ਵੈਟ ਵਿੱਚ ੮੦ ਫੀਸਦੀ ਤੇ ਕੇਂਦਰੀ ਸੇਲ ਟੈਕਸ ਵਿੱਚ ਵੀ ੮੦ ਫੀਸਦੀ ਛੋਟ ਦੇਣ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ੧੦੦ ਕਰੋੜ ਜਾਂ ਇਸ ਤੋਂ ਉੱਪਰ ਵਾਲੇ ਮੈਗਾ ਪ੍ਰਾਜੈਕਟਾਂ ਨੂੰ ੧੨ ਸਾਲ ਤੱਕ ਵੈਟ ਵਿੱਚ ੯੦ ਫੀਸਦੀ ਤੇ ਕੇਂਦਰੀ ਸੇਲ ਟੈਕਸ ਵਿੱਚ ੮੫ ਫੀਸਦੀ ਰਿਆਇਤ ਦਿੱਤੀ ਗਈ ਹੈ।
ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ੧੦੦ ਕਰੋੜ ਰੁਪੈ ਤੱਕ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਜਾਇਦਾਦ ਕਰ ਤੋਂ ੧੦੦ ਫੀਸਦੀ ਛੋਟ ਦੇਣ ਤੋਂ ਇਲਾਵਾ ੧੦੦ ਕਰੋੜ ਤੋਂ ਵੱਧ ਦੀ ਲਾਗਤ ਵਾਲੇ ਪ੍ਰਾਜੈਕਟਾਂ ਲਈ ਜਾਇਦਾਦ ਕਰ ਵਿੱਚ ਛੋਟ ੧੨ ਸਾਲ ਤੱਕ ਮਿਲੇਗੀ। ਕਿਸੇ ਵੀ ਪ੍ਰਾਜੈਕਟ ਦੀ ਮਨਜ਼ੂਰੀ ਤੋਂ ਲੈ ਕੇ ੩ ਸਾਲ ਤੱਕ ਦੇ ਸਮੇਂ ਦੌਰਾਨ ਉਸ ਪ੍ਰਾਜੈਕਟ ਲਈ ਜ਼ਮੀਨ ਖਰੀਦਣ ਜਾਂ ਲੀਜ਼ ‘ਤੇ ਲੈਣ ਲਈ ਸਟੈਂਪ ਡਿਊਟੀ ਨਾ ਲਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਉੱਦਮੀਆਂ ਨੂੰ ਹੋਰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਅੰਦਰ-ਅੰਦਰ ਬਾਸਮਤੀ, ਮੱਕੀ, ਕਣਕ, ਫਲਾਂ ਤੇ ਸਬਜ਼ੀਆਂ ਦੀ ਵੇਚ ਖ੍ਰੀਦ ਤੇ ਪ੍ਰੋਸੈਸਿੰਗ ‘ਤੇ ਮੰਡੀ ਫੀਸ, ਪੇਂਡੂ ਵਿਕਾਸ ਫੰਡ ਤੇ ਬੁਨਿਆਦੀ ਢਾਂਚਾ ਵਿਕਾਸ ਫੰਡ ਵਿੱਚ ਵੀ ਪੂਰੀ ਤਰ੍ਹਾਂ ਰਿਆਇਤ ਦਿੱਤੀ ਗਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਨਵੀਂ ਨੀਤੀ ਅਧੀਨ ਸੂਬੇ ਵਿਚੋਂ ਕਣਕ ਦੀ ਖਰੀਦ ਕਰਨ ਵਾਲੇ ਯੂਨਿਟਾਂ ਵਲੋਂ ਤਿਆਰ ਕੀਤੇ ਜਾਂਦੇ ਬਰੈਂਡਿਡ ਆਟੇ, ਸੂਜ਼ੀ, ਮੈਦੇ ਤੇ ਦਲੀਏ ‘ਤੇ  ਕੋਈ ਵੈਟ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਦੁੱਧ, ਮੀਟ ਤੇ ਹੋਰ ਬਾਗਬਾਨੀ ਵਾਲੇ ਉਤਪਾਦਾਂ ਦੀ ਸਾਂਭ ਸੰਭਾਲ ਆਦਿ ਨੂੰ ਵੀ ਵੈਟ ਦੇ ਘੇਰੇ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। ਵੱਖ-ਵੱਖ ਯੂਨਿਟ ਜੋ ਕਿ ਕਾਰਬਨ ਕਰੈਡਿਟ ਬਾਰੇ ਪ੍ਰਾਜੈਕਟ ਰਿਪੋਰਟ ਤਿਆਰ ਕਰਨੀ ਚਾਹੁੰਦੇ ਹਨ, ਨੂੰ ਪੰਜਾਬ ਸਰਕਾਰ ਵਲੋਂ ੫੦ ਫੀਸਦੀ ਤੱਕ ਸਲਾਹਕਾਰੀ ਫੀਸ ਦਿੱਤੀ ਜਾਵੇਗੀ ਜੋ ਕਿ ਵੱਧ ਤੋਂ ਵੱਧ ੧੫ ਲੱਖ ਰੁਪੈ ਤੱਕ ਹੋਵੇਗੀ। ਇਸ ਤੋਂ ਇਲਾਵਾ ਗਰੇਡਿੰਗ, ਕੋਲਡ ਸਟੋਰੇਜ਼, ਪੈਕਿੰਗ ਅਤੇ ਢੋਆ ਢੁਆਈ ‘ਤੇ ਵੀ ੨੫ ਤੋਂ ੫੦ ਫੀਸਦੀ ਤੱਕ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਸ. ਬਾਦਲ ਨੇ ਕਿਹਾ ਕਿ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਵਿੱਚ ਸੋਧਾਂ ਕਰਕੇ ਪ੍ਰਾਈਵੇਟ ਮੰਡੀਆਂ ਸਥਾਪਤ ਕਰਨ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਰਾਜ ਵਿੱਚ ਕਿਸਾਨਾਂ ਨੂੰ ਸਿੱਧੀ ਮਾਰਕੀਟਿੰਗ ਅਤੇ ਕੰਟਰੈਕਟ ਫਾਰਮਿੰਗ ਦੇ ਫਾਇਦਿਆਂ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਏਗੀ।
ਪ੍ਰਸ਼ਨ ਉਤਰ ਸੈਸ਼ਨ ਦੌਰਾਨ ਉਦਯੋਗਪਤੀਆਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਐਲਾਨ ਕੀਤਾ ਕਿ ਰਾਜ ਸਰਕਾਰ ਇਸ ਅਕਤੂਬਰ ਤੋਂ ‘ਸਿੰਗਲ ਵਿੰਡੋ ਕਲੀਅਰੈਂਸ’ ਰਾਹੀਂ ਉਦਯੋਗਾਂ ਲਈ ਹਰ ਤਰ੍ਹਾਂ ਦੀਆਂ ਐਨ. ਓ. ਸੀਜ ਲੈਣ ਲਈ ਆਨਲਾਈਨ ਪੋਰਟਲ ਸ਼ੁਰੂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਨੂੰ ਅਫ਼ਸਰਸ਼ਾਹੀ ਰਾਹੀਂ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਅਤੇ ਪੁਰਾਣੇ ਨਿਯਮਾਂ ਨੂੰ ਬਦਲ ਕੇ ਸਰਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੀਟਿੰਗਾਂ ਯਕੀਨੀ ਕਰਨ ਲਈ ਕੈਬਨਿਟ ਵਲੋਂ ਸ਼ਿਕਾਇਤ ਨਿਵਾਰਣ ਅਥਾਰਟੀ ਦੀ ਸਥਾਪਨਾ ਲਈ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ ਪੰਜਾਬ ਦੇਸ਼ ਵਿੱਚ ਵਾਧੂ ਬਿਜਲੀ ਉਤਪਾਦਨ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।
ਇਸ ਮੌਕੇ ‘ਤੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਪ੍ਰਮੁੱਖ ਰੈਜੀਡੈਂਟ ਕਮਿਸ਼ਨਰ ਕਮ ਇਨਵੈਸਟਮੈਂਟ ਐਂਡ ਪ੍ਰਮੋਸ਼ਨ ਸ੍ਰੀਮਤੀ ਕਲਪਨਾ ਮਿੱਤਲ ਬਰੂਆ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸ੍ਰੀ ਡੀ. ਐਸ. ਗਰੇਵਾਲ, ਸਕੱਤਰ ਗ੍ਰਹਿ ਕੇ. ਡੀ. ਐਸ. ਭੁੱਲਰ, ਚੇਅਰਮੈਨ ਸੀ. ਆਈ. ਆਈ. ਸ੍ਰੀ ਅਕਸ਼ੈ ਬੈਕਟਰ, ਚੇਅਰਮੈਨ ਸੀ. ਆਈ. ਆਈ. ਉਤਰੀ ਖੇਤਰ ਸ੍ਰੀ ਜੈਯੰਤ ਦਵਾਰ, ਟ੍ਰਾਈਡੈਂਟ ਗਰੁੱਪ ਤੋਂ ਸ੍ਰੀ ਰਜਿੰਦਰ ਗੁਪਤਾ, ਨੇਹਰ ਗਰੁੱਪ ਤੋਂ ਸ੍ਰੀ ਕਮਲ ਓਸਵਾਲ, ਰੋਬੋ ਇਕੁਇਟੀ ਤੋਂ ਸ੍ਰੀ ਰਾਜੇਸ਼ ਸ੍ਰੀਵਾਸਤਵਾ, ਵਰਧਮਾਨ ਤੋਂ ਸ੍ਰੀ ਡੀ.ਐਲ. ਸ਼ਰਮਾ, ਕਾਰਗਿਲ ਇੰਡੀਆ ਤੋਂ ਸ੍ਰੀ ਪੰਕਜ ਮਹਾਜਨ, ਪੈਪਸੀਕੋ ਤੋਂ ਸ੍ਰੀ ਸੁਨੀਲ ਦੁੱਗਲ, ਨੈਸਲੇ ਤੋਂ ਸ੍ਰੀ ਸੰਜੇ ਕਥੂਰੀਆ ਅਤੇ ਕੇ. ਆਰ. ਬੀ. ਐਲ. ਇੰਡੀਆ ਤੋਂ ਸ੍ਰੀ ਅਨਿਲ ਮਿੱਤਲ ਹਾਜ਼ਰ ਸਨ।