ਸੈਕਰਾਮੈਂਟੋ, ਕੈਲੀਫੋਰਨੀਆ ਵਿੱਚ ਕਿਸਾਨ ਮੋਰਚੇ ਦੇ ਹੱਕ ਚ ਕਾਰ ਟਰੱਕ ਰੈਲੀ ਵਿੱਚ ਰਿਕਾਰਡ ਤੋੜ ਇਕੱਠ, ਲੋਕ ਪਰਿਵਾਰਾਂ ਸਮੇਤ ਹੋਏ ਸ਼ਾਮਿਲ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਦਿੱਲੀ ਵਿੱਚ ਹੱਕੀ ਮੰਗਾਂ ਲਈ ਜੂਝ ਰਹੇ ਪੰਜਾਬ ਸਮੇਤ ਭਾਰਤ ਦੇ ਕਿਸਾਨਾਂ ਦੇ ਲਈ ਹਾਅ ਦਾ ਨਾਅਰਾ ਮਾਰਨ ਲਈ ਅੱਜ ਸੈਕਰਾਮੈਂਟੋ ਵਿੱਚ ਹਜ਼ਾਰਾਂ ਲੋਕ ਕਾਰ ਟਰੱਕ ਰੈਲੀ ਵਿੱਚ ਸ਼ਾਮਿਲ ਹੋਏ ਜਿਸ ਦੌਰਾਨ ਰਿਕਾਰਡ ਤੋੜ ਇਕੱਠ ਹੋਇਆ ਜੋ ਕਿ ਅਮਰੀਕਾ ਵਿੱਚ ਹੋਏ ਵੱਖ ਵੱਖ ਥਾਵਾਂ ਦੇ ਇਕੱਠਾਂ ਨੂੰ ਮਾਤ ਪਾ ਗਿਆ। ਇਹ ਵਿਸ਼ਾਲ ਇਕੱਠ ਸੈਕ ਸਟੇਟ ਕਾਲਜ ਦੀ ਪਾਰਕਿੰਗ ਲੌਟ ਵਿੱਚੋਂ ਸ਼ੁਰੂ ਹੋ ਕਿ ਸਟੇਟ ਕੈਪੀਟਲ ਭਾਵ ਗਵਰਨਰ ਹਾਊਸ ਦੇ ਅੱਗੋਂ ਦੀ ਗੁਜ਼ਰਿਆ। ਪਹਿਲਾਂ ਸੈਕ ਸਟੇਟ ਕਾਲਜ ਦੀ ਪਾਰਕਿੰਗ ਲੌਟ ਵਿੱਚ ਲੋਕਾਂ ਦੇ ਭਰਵੇਂ ਇਕੱਠ ਚ ਅਰਦਾਸ ਹੋਈ ਤੇ ਫਿਰ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ। ਇਸ ਦੌਰਾਨ ਕਾਲਜ ਦੇ ਨੌਜੁਆਨ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੇ ਮੋਰਚੇ ਦੌਰਾਨ ਡਟੇ ਕਿਸਾਨਾਂ ਦਾ ਸਾਥ ਦਿੰਦਿਆਂ ਬੋਲਦਿਆਂ ਕਿਹਾ ਅਸੀਂ ਕਿਸਾਨਾਂ ਦੇ ਬੱਚੇ ਹਾਂ ਤੇ ਅੱਜ ਤੀਜੀ ਪੀੜੀ ਭਾਵੇਂ ਪ੍ਰਵਾਸੀ ਹੈ ਪਰ ਸਾਡੇ ਪਿਓ ਬਾਬੇ ਦੀ ਜ਼ਮੀਨ ਸਾਡੀ ਜ਼ਮੀਰ ਹੈ ਅਸੀਂ ਕਿਸੇ ਵੀ ਹੀਲੇ ਵਸੀਲੇ ਕੋਰਪੋਰੇਟ ਘਰਾਣਿਆਂ ਦੇ ਹੱਥ ਇਹ ਜੱਦੀ ਜ਼ਮੀਨਾਂ ਨਹੀਂ ਜਾਣ ਦੇਵਾਂਗੇ। ਵਿਦਿਆਰਥੀ ਪ੍ਰਬੰਧਕਾਂ ਨੇ ਮੋਦੀ ਸਰਕਾਰ ਤੇ ਜੰਮ ਕੇ ਭੜਾਸ ਕੱਢੀ। ਇਸ ਮੌਕੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਥਾਂਦੀ ਦੌਲਤਪੁਰ ਨੇ ਭਾਰਤ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਇਹ ਤਿੰਨ ਕਾਨੂੰਨਾਂ ਨੂੰ ਖੇਤੀ ਉੱਪਰ ਲਾਗੂ ਕਰਨਾ ਇੱਕ ਕਿਸਾਨੀ ਖ਼ਤਮ ਕਰਨਾ ਹੈ ਤੇ ਭਾਰਤ ਸਰਕਾਰ ਦੇ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਡਟੇ ਕਿਸਾਨਾਂ ਦੀ ਅਮਰੀਕਾ ਦੇ ਪੰਜਾਬੀ ਪੁਰ ਜ਼ੋਰ ਮਦਦ ਕਰਦੇ ਹਨ ਤੇ ਕਰਨਗੇ। ਉਨ੍ਹਾਂ ਇਸ ਸਮੇਂ ਮੋਦੀ ਮੀਡੀਆ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜੋ ਕਿਸਾਨ ਮੋਰਚੇ ਨੂੰ ਹੋਰ ਰੰਗਤ ਦੇ ਕੇ ਪੇਸ਼ ਕਰ ਰਿਹਾ ਹੈ। ਨਰਿੰਦਰ ਥਾਂਦੀ ਦੌਲਤਪੁਰ ਨੇ ਇਸ ਮੌਕੇ ਭਾਜਪਾ ਦੇ ਲੀਡਰਾਂ ਦਾ ਸਿਆਸੀ ਤੇ ਸਮਾਜਿਕ ਬਾਈਕਾਟ ਕਰਨ ਦਾ ਵੀ ਸੱਦਾ ਦਿੱਤਾ, ਇਸ ਮੌਕੇ ਬਾਕੀ ਸੰਸਥਾਵਾਂ ਵਾਂਗ ਸ਼ਹੀਦ ਬਾਬਾ ਕਰਮ ਸਿੰਘ ਬੱਬਰ ਦੌਲਤਪੁਰ ਐਨਆਰਆਈ ਸਪੋਰਟਸ ਐਂਡ ਵੈਲਫੇਅਰ ਕਲੱਬ ਨੇ ਇਲਾਕੇ ਦੇ ਭਾਜਪਾ ਆਗੂ ਸੋਮਨਾਥ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅੱਜ ਦੀ ਕਾਰ ਰੈਲੀ ਵਿੱਚ ਆਉਣ ਦੀ ਅਪੀਲ ਲਈ ਪੰਜਾਬੀ ਗਾਇਕ ਮਨਮੋਹਨ ਵਾਰਿਸ, ਪੰਜਾਬੀ ਗਾਇਕ ਸਰਦੂਲ ਸਕੰਦਰ, ਗੀਤਕਾਰ ਜਸਵੀਰ ਗੁਣਾਚੌਰੀਆ, ਜੱਸੀ ਕਨੇਡਾ, ਜੋਗਾ ਢੀਂਡਸਾ, ਕੈਲੀਫੋਰਨੀਆ ਸਿੱਖ ਯੂਥ ਇਲਾਇੰਸ, ਖਾਲਸਾ ਏਡ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਕਾਰ ਟਰੱਕ ਰੈਲੀ ਵਿੱਚ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਪੰਜਾਬੀ ਨੌਜੁਆਨ ਬੱਚਿਆਂ ਤੋਂ ਇਲਾਵਾ ਗੋਰਿਆਂ ਦੇ ਬੱਚੇ ਵੀ ਕਿਸਾਨਾਂ ਦੇ ਪੱਖ ਵਿੱਚ ਬੈਨਰ ਚੁੱਕੀ ਨਜ਼ਰ ਆਏ। ਇਸ ਮੌਕੇ ਵੱਖ ਵੱਖ ਸ਼ਹਿਰਾਂ ਤੋਂ ਜਿਵੇਂ ਸਟਾਕਟਨ, ਯੂਬਾ ਸਿਟੀ, ਫਰੀਮਾਂਟ, ਬੇ ਏਰੀਆ, ਵੁਡਲੈਂਡ, ਲੋਡਾਈ, ਫਰਿਜਨੋਂ, ਰੀਨੋ, ਡਿਕਸਨ, ਐਲਕ ਗਰੋਵ ਆਦਿ ਸ਼ਹਿਰਾਂ ਤੋਂ ਲੋਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ।ਇਸ ਕਾਰ ਰੈਲੀ ਨਾਲ ਸੈਕਰਾਮੈਂਟੋ ਦੀਆਂ ਸੜਕਾਂ ਤੇ ਘੰਟੇ ਵਧੀ ਜਾਮ ਲਗ ਗਿਆ । ਇਸ ਵਿਸ਼ਾਲ ਰੈਲੀ ਵਿੱਚ ਭਾਈਚਾਰੇ ਦੀਆਂ ਹੋਰ ਵੱਖ ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਭਰਵੀਂ ਹਾਜ਼ਰੀ ਦਿੱਤੀ।