ਸੈਨਹੋਜ਼ੇ ਗੁਰੂ ਘਰ ਦੇ ਕੁੱਝ ਸਟਾਫ਼ ਮੈਂਬਰ ਆਏ ਕੋਰੋਨਾ ਦੀ ਲਪੇਟ ‘ਚ

ਸੈਨਹੋਜ਼ੇ, 21 ਜੂਨ (ਹੁਸਨ ਲੜੋਆ ਬੰਗਾ) – ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਘਰ ਦੇ ਕੁੱਝ ਸਟਾਫ਼ ਮੈਂਬਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਆਉਣ ਦੀ ਖੇਚਲ ਨਾ ਕਰਨ ਤੇ ਘਰ ਵਿੱਚ ਹੀ ਗੁਰਦੁਆਰੇ ਦੀ ਐਪ ਉੱਪਰ ਗੁਰਬਾਣੀ ਦਾ ਆਨੰਦ ਮਾਣਨ। ਕਮੇਟੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਲੰਘੇ ਸ਼ੁੱਕਰਵਾਰ ਸਾਹਮਣੇ ਆਇਆ ਸੀ। ਪ੍ਰਭਾਵਿਤ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਸੀ ਤੇ ਉਸ ਦੇ ਸੰਪਰਕ ਵਿੱਚ ਆਏ ਹੋਰਨਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਸਮੁੱਚੇ ਗੁਰਦੁਆਰਾ ਨੂੰ ਸੈਨੇਟਾਈਜ਼ ਕੀਤਾ ਗਿਆ ਪਰ ਸੋਮਵਾਰ ਤੋਂ ਬੁੱਧਵਾਰ ਤੱਕ ਸਮੁੱਚੇ ਸਟਾਫ਼ ਦੇ ਕੋਰੋਨਾਵਾਇਰਸ ਟੈੱਸਟ ਲਏ ਗਏ ਤੇ ਬਦਕਿਸਮਤੀ ਨਾਲ ਕੁੱਝ ਹੋਰ ਮੈਂਬਰ ਪਾਜ਼ਟਿਵ ਪਾਏ ਗਏ ਹਨ। ਕਮੇਟੀ ਅਨੁਸਾਰ ਅਗਲੇ ਨੋਟਿਸ ਤੱਕ ਗੁਰੂ ਘਰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਗੁਰਦੁਆਰਾ ਗੁਰਮਤ ਪ੍ਰਕਾਸ਼ ਮਨਟੀਕਾ ਤੇ ਕੁੱਝ ਹੋਰ ਗੁਰਦੁਆਰਾ ਸਾਹਿਬਾਨਾਂ ਵੱਲੋਂ ਵੀ ਸੰਗਤਾਂ ਨੂੰ ਘਰੇ ਰਹਿਣ ਦੀਆਂ ਬੇਨਤੀਆਂ ਕੀਤੀਆਂ ਗਈਆਂ ਹਨ, ਜਿਸ ਨੇ ਮੱਥਾ ਟੇਕਣ ਆਉਣਾ ਹੈ ਕੈਲੇਫੋਰਨੀਆ ਸਟੇਟ ਦੇ ਹੁਕਮਾਂ ਮੁਤਾਬਿਕ ਉਹ ਮਾਸਕ ਲਗਾ ਕੇ ਆਉਣ।