ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨਵੀਂ ਦਿੱਲੀ (23 ਜੁਲਾਈ) – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਯੋਜਿਤ ਗੁਰਮਤਿ ਸਮਾਗਮ ਵਿੱਚ ਸ. ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਧਾਮਾਂ ਦੀ ਦਿੱਖ ਸੰਵਾਰਨ ਅਤੇ ਸੰਗਤਾਂ ਲਈ ਸਹੂਲਤਾਂ ਵਿੱਚ ਵਿਸਥਾਰ ਕਰਨ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਗੁਰਦੁਆਰਾ ਕਮੇਟੀ ਦੀਆਂ ਵਿਦਿਅਕ ਅਤੇ ਤਕਨੀਕੀ ਸੰਸਥਾਵਾਂ ਵਿੱਚ ਪੜ੍ਹ ਰਹੇ ਸਿੱਖ ਵਿਦਿਆਰਥੀਆਂ ਦਾ ਭਵਿੱਖ ਅੰਧਕਾਰ ਪੂਰਣ ਬਣਾਉਣ ਵਿੱਚ ਵੀ ਬਾਦਲਕਿਆਂ ਵਲੋਂ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ ਜਾ ਰਹੀ। ਉਨ੍ਹਾਂ ਰਾਜੌਰੀ ਗਾਰਡਨ ਵਿਖੇ ਚਲ ਰਹੇ ਇੰਜੀਨੀਅਰਿੰਗ ਕਾਲਜ ਨੂੰ ਬੰਦ ਕਰਵਾਣ ਲਈ ਹਾਈਕੋਰਟ ਵਿੱਚ ਕੀਤੇ ਗਏ ਮੁਕੱਦਮੇ ਤੋਂ ਲੈ ਕੇ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦੀ ਅਰੰਭਤਾ ਵਿੱਚ ਪਾਈਆਂ ਜਾ ਰਹੀਆਂ ਰੁਕਾਵਟਾਂ ਤਕ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬਾਦਲਕਿਆਂ ਦੀਆਂ ਇਹ ਸਾਜ਼ਿਸ਼ਾਂ ਸਤਿਗੁਰਾਂ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਸਫਲ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸੰਗਤਾਂ ਦੇ ਸਹਿਯੋਗ ਨਾਲ ਅਰੰਭੇ ਗਏ ਸਾਰੇ ਕਾਰਜ ਸਤਿਗੁਰੂ ਆਪ ਪੂਰਿਆਂ ਕਰਵਾਉਣਗੇ।
ਸ. ਹਰਵਿੰਦਰ ਸਿੰਘ ਸਰਨਾ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੰਜਾਬ ਸਰਕਾਰ ਦੀਆਂ ਸਾਜ਼ਿਸ਼ਾਂ ਦੇ ਅਸਫਲ ਹੋਣ ਤੇ ਪਟਨਾ ਸਾਹਿਬ ਤੇ ਬਿਹਾਰ ਦੇ ਸਿੱਖਾਂ ਵਲੋਂ ਆਪ ਪ੍ਰਬੰਧ ਸੰਭਾਲੇ ਜਾਣ ਦੇ ਸਬੰਧ ਵਿੱਚ ਹੋਈ ਸਰਬਸੰਮਤੀ ਚੋਣ ਸਬੰਧੀ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਪਟਨਾ ਸਾਹਿਬ ਤੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਬੋਰਡ ਦੇ ਚੁਣੇ ਗਏ ਅਹੁਦੇਦਾਰਾਂ ਪ੍ਰਧਾਨ ਸ. ਆਰ. ਐਸ. ਗਾਂਧੀ, ਸੀਨੀਅਰ ਮੀਤ ਪ੍ਰਧਾਨ ਸ. ਆਰ. ਐਸ. ਜੀਤ, ਮੀਤ ਪ੍ਰਧਾਨ ਸ. ਮਹਾਰਾਜ ਸਿੰਘ (ਸੋਨੂੰ), ਜਨਰਲ ਸਕੱਤਰ ਸ. ਚਰਨਜੀਤ ਸਿੰਘ, ਸਕੱਤਰ ਸ. ਮਹਿੰਦਰ ਸਿੰਘ ਛਾਬੜਾ, ਬਿਲਡਿੰਗ ਕਮੇਟੀ ਦੇ ਚੇਅਰਮੈਨ ਸ. ਸ਼ਲਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਸ. ਪਰਮਜੀਤ ਸਿੰਘ ਸਰਨਾ, ਸ. ਗੁਰਮੀਤ ਸਿੰਘ ਸ਼ੰਟੀ ਅਤੇ ਸ. ਭਜਨ ਸਿੰਘ ਵਾਲੀਆ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਆਏ ਪ੍ਰਸ਼ੰਸਾ ਯੋਗ ਨਤੀਜਿਆਂ ਦੀ ਚਰਚਾ ਕਰਦਿਆਂ, ਚਾਰ ਸ਼ਾਖਾਵਾਂ ਦੇ ਪ੍ਰਿੰਸੀਪਲਾਂ, ਪ੍ਰਿ. ਕਮਲਪਜੀਤ ਕੌਰ, ਪ੍ਰਿ. ਜਗਦੀਪ ਸਿੰਘ ਘੁੰਮਣ, ਪਿੰ੍ਰ. ਐਚ. ਕੇ. ਤਲਵਾੜ ਅਤੇ ਪ੍ਰਿੰ. ਐਸ. ਐਸ. ਮਿਨਹਾਸ ਨੂੰ ਨਕਦ ਇਨਾਮ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਤਿੰਨ ਵਿਦਿਆਰਥੀਆਂ, ਜਿਨ੍ਹਾਂ ਨੇ ਸ਼ਹੀਦਾਂ ਦੀ ਪ੍ਰਦਰਸ਼ਨੀ ਸਬੰਧੀ ਆਪਣੇ ਪ੍ਰਭਾਵ ਬਹੁਤ ਹੀ ਸੁਚੱਜੇ ਢੰਗ ਨਾਲ ਲਿਖਤੀ ਰੂਪ ਵਿੱਚ ਵਰਨਣ ਕੀਤੇ, ਨੂੰ ਵੀ ਨਕਦ ਇਨਾਮਾਂ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸ. ਸਰਨਾ ਨੇ ਗੁਰਦੁਆਰਾ ਟਿਕਾਣਾ ਸਾਹਿਬ, ਪੰਜਾਬੀ ਬਾਗ ਵਲੋਂ ਬੀਤੇ ੩੫ ਵਰ੍ਹਿਆਂ ਤੋਂ ਕੀਤੇ ਜਾ ਰਹੇ ਸਮਾਗਮਾਂ ਵਿੱਚ ਪਾਈਆਂ ਜਾ ਰਹੀਆਂ ਰੁਕਾਵਟਾਂ ਦੀ ਨਿਖੇਧੀ ਕਰਦਿਆਂ, ਮੌਕੇ ‘ਤੇ ਹਾਜ਼ਰ ਟਿਕਾਣਾ ਸਾਹਿਬ ਸਾਹਿਬ ਦੇ ਸੰਤ ਅੰਮ੍ਰਿਤਪਾਲ ਸਿੰਘ ਨੂੰ ਭਰੋਸਾ ਦੁਆਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਰਸਤੇ ਵਿੱਚ ਪਾਈਆਂ ਜਾ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਿੱਚ ਉਨ੍ਹਾਂ ਨਾਲ ਸਹਿਯੋਗ ਕਰੇਗੀ।
ਸੰਤ ਅੰਮ੍ਰਿਤਪਾਲ ਸਿੰਘ ਨੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣ ਰਹੇ ਲੰਗਰ ਹਾਲ ਲਈ ਢਾਈ ਲੱਖ ਰੁਪਏ ਦੀ ਸੇਵਾ ਟਿਕਾਣਾ ਸਾਹਿਬ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਸੌਂਪੀ।
ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬਗਦਾਦ ਵਿਖੇ ਫੌਜੀ ਹਮਲੇ ਦੌਰਾਨ ਤਹਿਸ-ਨਹਿਸ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਦੀ ਸੇਵਾ ਸੰਭਾਲ ਕਰ ਚਾਰ ਦੀਵਾਰੀ ਬਣਾਉਣ ਵਾਲੀ ਬੀਬੀ ਨਿਹਾਰਕਾ ਗੋਤਮ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਇੱਕ ਟੀਮ ਪ੍ਰਧਾਨ ਮੰਤਰੀ ਦੀ ਚਿੱਠੀ ਲੈ ਕੇ ਗੁਰਦੁਆਰਾ ਸਾਹਿਬ ਦੇ ਪੁਨਰ ਨਿਰਮਾਣ ਲਈ ਬਗਦਾਦ ਦੇ ਅਧਿਕਾਰੀਆਂ ਅਤੇ ਹਾਕਮਾਂ ਨਾਲ ਗੱਲਬਾਤ ਕਰਨ ਲਈ ਛੇਤੀ ਹੀ ਉਥੇ ਪੁੱਜੇਗੀ। ਉਨ੍ਹਾਂ ਨੇ ਬੀਬੀ ਨਿਹਾਰਕਾ ਨੂੰ ਗੁਰਦੁਆਰਾ ਕਮੇਟੀ ਵਲੋਂ ਪੂਰਨ ਸਹਿਯੋਗ ਕੀਤੇ ਜਾਣ ਦਾ ਭਰੋਸਾ ਵੀ ਦੁਆਇਆ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਏ ਮੁੱਖ ਗੁਰਮਤਿ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਈ। ਭਾਈ ਨਿਰਮਲ ਸਿੰਘ ਦੇ ਕੀਰਤਨੀ ਜਥੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਗਿਆਨੀ ਧਰਮਵੀਰ ਸਿੰਘ (ਲੁਧਿਆਣਾ) ਨੇ ਸ਼ਬਦ ਵਿਚਾਰ ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਪਰੰਤ ਪੰਥ ਪ੍ਰਵਾਨਿਤ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ।
ਇਸ ਮੌਕੇ ‘ਤੇ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀਆਂ ਨੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਆਪਣੀਆਂ ਸੱਜਰੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ ਇੰਡੀਆ ਗੇਟ, ਵਸੰਤ ਵਿਹਾਰ, ਤਿਲਕ ਨਗਰ ਅਤੇ ਨਾਨਕ ਪਿਆਓ ਸ਼ਾਖਾਵਾਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਆਪਣੀ ਹਾਜ਼ਰੀ ਲੁਆਈ। ਇਸ ਮੌਕੇ ‘ਤੇ ਹੋਏ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਅਨੇਕਾਂ ਪ੍ਰਾਣੀ ਦਸ਼ਮੇਸ਼ ਪਿਤਾ ਦੀ ਦਾਤ ਅੰਮ੍ਰਿਤ ਦੀ ਪ੍ਰਾਪਤੀ ਕਰ ਗੁਰੂ ਵਾਲੇ ਬਣੇ। ਚੜ੍ਹਦੀ ਕਲਾ ਟਾਈਮ ਟੀ.ਵੀ ਵਲੋਂ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2.30 ਵਜੇ ਤੱਕ ਅਤੇ ਰਾਤ 9 ਵਜੇ ਤੋਂ ਸਮਾਪਤੀ ਤੱਕ ਇਸ ਗੁਰਮਤਿ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।
ਇਸ ਮੌਕੇ ‘ਤੇ ਕਮੇਟੀ ਦੇ ਜਾਇੰਟ ਸ. ਕਰਤਾਰ ਸਿੰਘ ਕੋਛੜ, ਮੈਂਬਰ ਸ. ਰਜਿੰਦਰ ਸਿੰਘ ਖੰਨਾ, ਜਥੇਦਾਰ ਕੁਲਦੀਪ ਸਿੰਘ ਕਰੋਲ ਬਾਗ, ਪ੍ਰੋ. ਹਰਮੋਹਿੰਦਰ ਸਿੰਘ ਸ਼ਿਵ ਨਗਰ, ਸ. ਅਮਰਜੀਤ ਸਿੰਘ ਪਿੰਕੀ, ਸ. ਜਤਿੰਦਰ ਸਿੰਘ ਸਾਹਨੀ, ਸ. ਸ਼ਮਸ਼ੇਰ ਸਿੰਘ ਸੰਧੂ, ਸਾਬਕਾ ਮੈਂਬਰ ਜਥੇਦਾਰ ਸੰਤੋਖ ਸਿੰਘ ਅਤੇ ਸ. ਮਨਜੀਤ ਸਿੰਘ ਸਰਨਾ ਆਦਿ ਨੇ ਵੀ ਹਾਜ਼ਰੀਆਂ ਭਰੀਆਂ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਮੀਤਾ ਨੇ ਇਸ ਮੌਕੇ ‘ਤੇ ਸਟੇਜ ਸਕੱਤਰ ਦੀਆਂ ਜਿੰਮੇਂਦਾਰੀਆਂ ਨਿਭਾਉਂਦਿਆਂ ਹੋਇਆਂ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਲੋਕ-ਹਿਤੂ ਕੰਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।