ਸ੍ਰੀ ਜੇਤਲੀ ਜਾਂਚ ਕਮਿਸ਼ਨ ਨਾਲ ਸਹਿਯੋਗ ਕਰਨ – ਕੇਜਰੀਵਾਲ

ਨਵੀਂ ਦਿੱਲੀ, 21 ਦਸੰਬਰ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਉਨ੍ਹਾਂ ਅਤੇ ‘ਆਪ’ ਦੇ ਪੰਜ ਆਗੂਆਂ ਖ਼ਿਲਾਫ਼ ਦਰਜ ਕਰਾਏ ਮਾਣਹਾਨੀ ਕੇਸਾਂ ਤੋਂ ਉਹ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਾਂਚ ਕਮਿਸ਼ਨ ਸਾਹਮਣੇ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੇਤਲੀ ਨੂੰ ਡੀਡੀਸੀਏ ਵਿੱਚ ਕਥਿਤ ਧਾਂਦਲੀਆਂ ਖ਼ਿਲਾਫ਼ ਦਿੱਲੀ ਸਰਕਾਰ ਵੱਲੋਂ ਕਾਇਮ ਕੀਤੇ ਜਾਂਚ ਕਮਿਸ਼ਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਕੈਬਨਿਟ ਨੇ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਵਿੱਚ ਭ੍ਰਿਸ਼ਟਾਚਾਰ ਬਾਰੇ ਜਾਂਚ ਲਈ ਅੱਜ ਸਾਬਕਾ ਸੌਲਿਸਟਰ ਜਨਰਲ ਗੋਪਾਲ ਸੁਬਰਾਮਣੀਅਮ ਦੀ ਅਗਵਾਈ ਵਿੱਚ ਇਕ ਮੈਂਬਰੀ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫ਼ੈਸਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ।