ਸੰਜੇ ਦੱਤ ਦੀ ‘ਦਿ ਗੁੱਡ ਮਹਾਰਾਜਾ’

ਬਾਲੀਵੁੱਡ ਅਦਾਕਾਰ ਸੰਜੇ ਦੱਤ ਫਿਲਮ ‘ਭੂਮੀ’ ਦੇ ਬਾਅਦ ਇੱਕ ਵਾਰ ਮੁੜ ਓਮੰਗ ਕੁਮਾਰ ਦੀ ਫਿਲਮ ਵਿੱਚ ਕੰਮ ਕਰਣਗੇ। ਫਿਲਮ ਦਾ ਨਾਮ ਅਤੇ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਸੰਜੇ ਦੀ ਇਸ ਫਿਲਮ ਦਾ ਨਾਮ ਹੋਵੇਗਾ ‘ਦਿ ਗੁੱਡ ਮਹਾਰਾਜਾ’, ਫਿਲਮ ਦੇ ਜਾਰੀ ਪਹਿਲੇ ਲੁਕ ਵਿੱਚ ਸੰਜੇ ਦੱਤ ਰਾਇਲ ਲੁਕ ਵਿੱਚ ਨਜ਼ਰ ਆ ਰਹੇ ਹਨ। ਉਹ ਇੱਕ ਰਾਜੇ ਦੀ ਭੇਸ਼-ਭੁਸ਼ਾ ਤੇ ਸ਼ਿੰਗਾਰ ਵਿੱਚ ਹਨ।
ਸੰਜੇ ਦੱਤ ਮਹਾਰਾਜੇ ਦੇ ਇਸ ਲੁਕ ਵਿੱਚ ਖ਼ੂਬ ਜਚ ਰਹੇ ਹਨ। ਉਨ੍ਹਾਂ ਦੇ ਸਿਰ ਉੱਤੇ ਰਾਜਿਆਂ ਵਾਲਾ ਤਾਜ ਹੈ। ਗੱਲੇ ਵਿੱਚ ਮੋਤੀਆਂ ਦੇ ਦਰਜਨ ਭਰ ਹਾਰ ਹਨ। ਸੀਨੇ ‘ਤੇ ਕਈ ਤਗਮੇ ਲੱਗੇ ਹੋਏ ਹਨ। ਇਹ ਫਿਲਮ ਇੱਕ ਇਤਿਹਾਸਕ ਫਿਲਮ ਹੋਵੇਗੀ। ਫਿਲਮ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਦੀ ਕਹਾਣੀ ਹੈ। ਨਵਾਨਗਰ ਦੇ ਰਾਜੇ ਨੂੰ ਲੈ ਕੇ ਫਿਲਮ ਦੀ ਕਹਾਣੀ ਬਣਾਈ ਗਈ ਹੈ। ਫਿਲਮ ਵਿੱਚ ਵਿਖਾਇਆ ਜਾਵੇਗਾ ਕਿਵੇਂ ਇੱਕ ਰਾਜਾ ਨੇ ਦੂਜੀ ਸੰਸਾਰ ਜੰਗ ਦੇ ਦੌਰਾਨ ਕਈ ਬੱਚੀਆਂ ਨੂੰ ਆਪਣੀ ਰਹਿਨੁਮਾਈ ਵਿੱਚ ਸੁਰੱਖਿਆ ਅਤੇ ਸਹਾਰਾ ਦਿੱਤਾ ਸੀ।
ਫਿਲਮ ਵਿੱਚ ਸੰਜੇ ਦੱਤ ਦੇ ਰਾਇਲ ਲੁਕ ਦੇ ਬਾਰੇ ਵਿੱਚ ਡਾਇਰੈਕਟਰ ਓਮੰਗ ਕੁਮਾਰ ਨੇ ਕਿਹਾ ਕਿ ਸੰਜੇ ਦੱਤ ਦੇ ਇਸ ਲੁਕ ਦੇ ਰੈਫਰੇਂਸ ਲਈ ਸਾਡੇ ਕੋਲ ਮਹਾਰਾਜਾ ਦੀ ਸਿਰਫ਼ ਇੱਕ ਤਸਵੀਰ ਸੀ, ਇਸ ਤਸਵੀਰ ਦੇ ਰਾਹੀ ਅਸੀਂ ਸੰਜੇ ਦਾ ਇਹ ਲੁਕ ਤਿਆਰ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਸੰਦੀਪ ਸਿੰਘ ਨੇ ਕਿਹਾ ਕਿ ਜਾਰੀ ਪੋਸਟਰ ਵਿੱਚ ਸੰਜੇ ਦੱਤ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਉੱਥੇ ਹੀ ਸੰਜੇ ਦੱਤ ਵੀ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।
ਇੰਨੀ ਦਿਨੀਂ ਸੰਜੇ ਦੱਤ ਆਪਣੀ ਰਿਲੀਜ਼ ਲਈ ਤਿਆਰ ਫਿਲਮ ‘ਭੂਮੀ’ ਦੇ ਪ੍ਰਮੋਸ਼ਨ ਅਤੇ ਆਪਣੀ ਅਗਲੀ ਫਿਲਮ ‘ਸਾਹਿਬ ਬੀਵੀ ਗੈਂਗਸਟਰ ੩’ ਦੇ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਫਿਲਮ ‘ਭੂਮੀ’ 22 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ‘ਭੂਮੀ’ ਦਾ ਨਿਰਦੇਸ਼ਨ ਵੀ ਓਮੰਗ ਕੁਮਾਰ ਨੇ ਕੀਤਾ ਹੈ। ਫਿਲਮ ਵਿੱਚ ਸੰਜੇ ਦੱਤ ਦੀ ਧੀ ਦਾ ਕਿਰਦਾਰ ਅਦਿੱਤੀ ਰਾਵ ਹੈਦਰੀ ਨਿਭਾਉਂਦੀ ਹੋਈ ਨਜ਼ਰ ਆਵੇਗੀ। ਫਿਲਮ ‘ਭੂਮੀ’ ਅਤੇ ‘ਦਿ ਗੁੱਡ ਮਹਾਰਾਜਾ’ ਦੇ ਇਲਾਵਾ ਸੰਜੇ ਦੱਤ ਅਤੇ ਓਮੰਗ ਕੁਮਾਰ ਦੀ ਜੋੜੀ ਇੱਕ ਹੋਰ ਫਿਲਮ ਵਿੱਚ ਵੀ ਕੰਮ ਕਰੇਗੀ, ਇਸ ਤੀਜੀ ਫਿਲਮ ਦਾ ਨਾਮ ‘ਮਲੰਗ’ ਹੈ।