ਸ. ਭਵਦੀਪ ਸਿੰਘ ਢਿੱਲੋਂ ਪਹਿਲੀ ਵਾਰ ‘ਫਾਊਂਡੇਸ਼ਨ ਨੌਰਥ’ ਦੇ ‘ਚੇਅਰਮੈਨ’ ਤੇ ਜੀਤ ਸੱਚਦੇਵ ‘ਟਰੱਸਟੀ’ ਬਣੇ

ਆਕਲੈਂਡ, 8 ਸਤੰਬਰ (ਸ. ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਆਕਲੈਂਡ ਅਤੇ ਨੌਰਥਲੈਂਡ ਕਮਿਊਨਿਟੀ ਦੇ ਵਿੱਚ ਵਿਚਰਦਾ ਇਕ ਵਕਾਰੀ ਟਰੱਸਟ ‘ਫਾਊਂਡੇਸ਼ਨ ਨੌਰਥ’ ਹੈ। ਇਸ ਦੀ ਗਵਰਨਿੰਗ ਦੇ ਵਿੱਚ ਪਹਿਲੀ ਵਾਰ ਇੱਕ ਕੀਵੀ-ਇੰਡਿਅਨ ਪੰਜਾਬੀ ਸ. ਭਵਦੀਪ ਸਿੰਘ ਢਿੱਲੋਂ ਨੂੰ ਇਸ ਟਰੱਸਟ ਦਾ ਚੇਅਰਮੈਨ ਬਣਨ ਦਾ ਮਾਣ ਹਾਸਿਲ ਹੋਇਆ ਹੈ। ਇਹ ਟਰੱਸਟ ਕਮਿਊਨਿਟੀ ਕਾਰਜਾਂ ਦੇ ਲਈ ਬਿਲੀਅਨ ਡਾਲਰ ਤੱਕ ਦੇ ਫ਼ੰਡ ‘ਨੌਟ-ਫ਼ਾਰ-ਪ੍ਰੋਫਿਟ’ (ਲਾਭ ਰਹਿਤ) ਸੰਸਥਾਵਾਂ ਦੇ ਲਈ ਬੰਦੋਬਸਤ ਕਰਦਾ ਹੈ। ਸ. ਭਵਦੀਪ ਸਿੰਘ ਢਿੱਲੋਂ (ਸ੍ਰੀ ਭਵ ਢਿੱਲੋਂ) ਬਿਜ਼ਨਸਮੈਨ ਦੇ ਨਾਲ-ਨਾਲ ਇਸ ਵੇਲੇ ਆਕਲੈਂਡ, ਨੌਰਥਲੈਂਡ ਅਤੇ ਵਾਇਕਾਟੋ ਖੇਤਰ ਦੇ ਲਈ ਆਨਰੇਰੀ ਭਾਰਤੀ ਕੌਂਸਲੇਟ ਵੀ ਹਨ। ਉਹ ‘ਸੀਮਿਕਸ’ ਨਾਂਅ ਦੀ ਸੀਮਿੰਟ ਉਦਯੋਗ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਨ ਅਤੇ ਅੱਜਕੱਲ੍ਹ ‘ਇੰਡੀਅਨ ਵੀਕਐਂਡਰ’ ਅਖ਼ਬਾਰ ਵੀ ਉਨ੍ਹਾਂ ਦਾ ਹੈ ਅਤੇ ‘ਹਾਲ ਆਫ਼ ਫੇਮ’ ਵਰਗੇ ਐਵਾਰਡ ਵੀ ਦਿੰਦੇ ਹਨ।
ਜੀਤ ਸੱਚਦੇਵ ਬਣੇ ਟਰੱਸਟੀ – ਸ੍ਰੀ ਜੀਤ ਸੱਚਦੇਵ ਯਾਨੀ ਪਰਮਜੀਤ ਰਾਏ ਸੱਚਦੇਵ ‘ਫਾਊਂਡੇਸ਼ਨ ਨੌਰਥ’ ਟਰੱਸਟ ਦੇ ਟਰੱਸਟੀ ਬਣੇ ਹਨ। 1987 ਤੋਂ ਜੀਤ ਸੱਚਦੇਵ ਇੱਥੇ ਰਹਿ ਰਹੇ ਹਨ। ਜੀਤ ਸੱਚਦੇਵ ‘ਭਾਰਤੀਆ ਸਮਾਜ ਚੈਰੀਟੇਬਲ ਟਰੱਸਟ’ ਵੀ ਚਲਾਉਂਦੇ ਹਨ, ਇਸ ਤੋਂ ਇਲਾਵਾ ਉਹ ਅਕਰਾਨਾ ਕਮਿਊਨਿਟੀ ਅਤੇ ਰੌਸਕਿਲ ਟੂਗੈਦਰ ਆਦਿ ਟਰੱਸਟਾਂ ਦੇ ਚੇਅਰਮੈਨ ਵੀ ਹਨ। ਉਹ ਰੂਪਾ ਐਂਡ ਆਪ ਚੈਰੀਟੇਬਲ ਟਰੱਸਟ, ਆਕਲੈਂਡ ਇੰਡੀਅਨ ਡਾਇਸਪੋਰਾ ਅਤੇ ਮਹਾਤਮਾਂ ਗਾਂਧੀ ਇੰਸਟੀਚਿਊਟ ਆਫ਼ ਨਾਨ ਵਾਇਲੈਂਸ ਦੇ ਬੋਰਡ ਮੈਂਬਰ ਹਨ। ਉਹ ਆਕਲੈਂਡ ਕੌਂਸਲ ਏਥਨਿਕ ਪੀਪਲ ਐਡਵਾਈਜ਼ਰੀ ਪੈਨਲ ਦੇ ਮੈਂਬਰ ਵੀ ਹਨ। ਇਸ ਤੋਂ ਇਲਾਵਾ ਉਹ ਹੋਰ ਕਈ ਸਮਾਜਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ।