ਹਮਿਲਟਨ ਗੁਰਦੁਆਰਾ ਸਾਹਿਬ ਦੇ ਟ੍ਰੈਸ ਪਾਸ ਹਾਸਿਲ ਅਤੇ ਮੈਂਬਰਸ਼ਿਪ ਖ਼ਾਰਜ ਹੋਇਆਂ ਵੱਲੋਂ ਪੰਜਾਬੀ ਮੀਡੀਆ ਨਾਲ ਪ੍ਰੈੱਸ ਕਾਨਫ਼ਰੰਸ

photo (3)ਆਕਲੈਂਡ, (ਕੂਕ ਪੰਜਾਬੀ ਸਮਾਚਾਰ) – 20 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਵਿੱਚ ਗੁਰਦੁਆਰਾ ਸਾਹਿਬ ਹਮਿਲਟਨ ਦੇ ਸਕੱਤਰ ਰਵਿੰਦਰ ਸਿੰਘ ਸਮਰਾ ਤੇ ਖ਼ਜ਼ਾਨਚੀ ਇਕਬਾਲ ਸਿੰਘ ਸੰਧੂ ਤਨਖ਼ਾਹੀਆ ਐਲਾਨਿਆ ਗਿਆ ਸੀ। ਜਿਸ ਵਿੱਚ ਉਨ੍ਹਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਕ ਤੇ ਭਾਈਚਾਰਕ ਸਾਂਝ ਨਾ ਕਰਨ ਅਤੇ ਦੋਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਹਮਿਲਟਨ ਮਾਮਲੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਟ੍ਰੈਸ ਪਾਸ ਅਤੇ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਮੈਂਬਰਾਂ ਨੇ ੨੫ ਮਾਰਚ ਨੂੰ ਆਕਲੈਂਡ ਦੇ ਪਾਪਾਕੁਰਾ ਵਿਖੇ ਪੰਜਾਬੀ ਮੀਡੀਆ ਨਾਲ ਪ੍ਰੈੱਸ ਕਾਨਫ਼ਰੰਸ ਬੁਲਾਈ। ਜਿਸ ਵਿੱਚ ਉਨ੍ਹਾਂ ਨੇ 20 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲੇ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਇਹ ਸਹੀ…….. ਫ਼ੈਸਲਾ ਹੈ ਅਤੇ ਅਸੀਂ ਇਸ ਨੂੰ ਪ੍ਰਵਾਨ ਕਰਦੇ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਪ੍ਰਬੰਧਕ ਕਮੇਟੀ ਰਵਿੰਦਰ ਸਿੰਘ ਸਮਰਾ ਤੇ ਇਕਬਾਲ ਸਿੰਘ ਨੂੰ ਅਹੁਦਿਆਂ ਉੱਪਰੋਂ ਬਰਖ਼ਾਸਤ ਕਰਨ ਤੋਂ ਆਨਾਕਾਨੀ ਕਰ ਰਹੀ ਹੈ। ਹਾਜ਼ਰ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਉਦੋਂ ਤੱਕ ਅਸੀਂ ਡਟ ਕੇ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਕੋਈ ਨਿੱਜੀ ਮਾਮਲਾ ਨਹੀਂ ਹੈ ਅਸੀਂ ਰਵਿੰਦਰ ਸਿੰਘ ਵੱਲੋਂ ਕੀਤੇ ਦੂਜੇ ਵਿਆਹ ਨੂੰ ਲੈ ਕੇ ਪੀੜਤ ਹੋਈ ਬੀਬੀ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਹਾਂ।
ਪ੍ਰੈੱਸ ਕਾਨਫ਼ਰੰਸ ਵਿੱਚ ਹਮਿਲਟਨ ਤੋਂ ਪੁੱਜੇ ਹਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਬਿਨਿੰਗ, ਅਮਰੀਕ ਸਿੰਘ ਨੇ ਆਪਣੇ ਨਾਲ ਹੋਏ ਧੱਕੇ ਬਾਰੇ ਬਿਆਨ ਕੀਤਾ। ਚਰਨਜੀਤ ਸਿੰਘ ਬਿਨਿੰਗ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਪਾਸੋਂ ਗਲਤ ਢੰਗ ਨਾਲ ਮਾਫ਼ੀ ਨਾਮਾ ਲਿਖਵਾਏ ਧੱਕੇ ਨਾਲ ਮੈਂਬਰਸ਼ਿਪ ਖ਼ਾਰਜ ਕੀਤੀ ਗਈ।
ਹਰਜੀਤ ਸਿੰਘ ਜੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਸਲਾ ਬੀਬੀ ਨਾਲ ਕਿਤੇ ਵਿਆਹ ਦਾ ਹੈ ਜਿਸ ਤੋਂ ਇਹ ਮਾਮਲਾ ਸ਼ੁਰੂ ਹੋਇਆ ਹੈ। ਜਿਹੜੇ ਉਹ 72 ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਦੀ ਗੱਲ ਕਰਦੇ ਹਨ ਉਨ੍ਹਾਂ ਵਿੱਚ ਅਸੀਂ ਵੀ ਆਉਂਦੇ ਹਾਂ ਟ੍ਰੈਸ ਪਾਸ ਅਤੇ ਮੈਂਬਰਸ਼ਿਪ ਖ਼ਾਰਜ ਵਾਲੇ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਤੁਸੀਂ ਆਪ ਆ ਕੇ ਵੇਖ ਲਵੋ ਉਨ੍ਹਾਂ ਨਾਲ ਕਿੰਨੇ ਕੂ ਜਣੇ ਹਨ। ਬਾਕੀ ਕਮੇਟੀ ਵੱਲੋਂ ਦਿੱਤੇ ਜਾ ਰਹੇ ਬਿਆਨ ਗੁਮਰਾਹ ਕਰਨ ਵਾਲੇ ਹਨ। ਉਨ੍ਹਾਂ ਨੇ ਆਪਣੇ ਕੋਲ ਮੌਜੂਦ ਸਾਰੇ ਪੱਤਰ ਅਤੇ ਹੋਰ ਸਬੂਤ ਮੀਡੀਆ ਸਾਹਮਣੇ ਰੱਖੇ। ਇਕ ਵੀਰ ਨੇ ਉਸ ਪਾਸੋਂ ਪੈਸੇ ਲੈ ਕੇ ਮੈਂਬਰ ਨਾ ਬਣਾਉਣ ਦਾ ਦੋਸ਼ ਲਾਇਆ ਹੈ।
ਟ੍ਰੈਸ ਪਾਸ ਅਤੇ ਮੈਂਬਰਸ਼ਿਪ ਖ਼ਾਰਜ ਹੋਣ ‘ਤੇ ਕੋਰਟ ਕੇਸ ਕਰਨ ਬਾਰੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਹਿਣ ਕਰਕੇ ਕੋਰਟ ਨਹੀਂ ਗਏ। ਹੁਣ ਅੱਗੇ ਭਵਿੱਖ ਵਿੱਚ ਇਸ ਬਾਰੇ ਵਿਚਾਰ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 7 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਹਮਿਲਟਨ ਵਿਖੇ ਪ੍ਰਬੰਧਕੀ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਸਮਰਾ ਪੰਜਾਬ ਵੱਲੋਂ ਕਰਵਾਏ ਦੂਜੇ ਵਿਆਹ ਦਾ ਮਸਲਾ ਸਾਹਮਣੇ ਆਉਣ ਕਰਕੇ ਸਟੇਜ ‘ਤੇ ਬੋਲਣ ਤੋਂ ਰੋਕਿਆ ਗਿਆ ਸੀ। ਜਿਸ ਦੇ ਕਰਕੇ ਪ੍ਰਬੰਧਕੀ ਕਮੇਟੀ ਵੱਲੋਂ ਕੁੱਝ ਮੈਂਬਰਾਂ ਨੂੰ ਟ੍ਰੈਸ ਪਾਸ ਦਿੱਤੇ ਅਤੇ ਮੈਂਬਰਸ਼ਿਪ ਖ਼ਾਰਜ ਕੀਤੀ ਗਈ। ਜਿਸ ਤੋਂ ਬਾਅਦ ਕਮੇਟੀ ਦੋ ਧੜਿਆਂ ਵਿਚ ਵੰਡੀ ਗਈ ਅਤੇ ਮਾਮਲਾ ਅਕਾਲ ਤਖ਼ਤ ਸਾਹਿਬ ਉੱਪਰ ਪੁੱਜਾ ਗਿਆ ਸੀ।
ਪ੍ਰੈੱਸ ਕਾਨਫ਼ਰੰਸ ਵਿੱਚ ਹਾਜ਼ਰ ਸ. ਸਰਵਣ ਸਿੰਘ ਅਗਵਾਨ ਅਤੇ ਸ. ਦਲਜੀਤ ਸਿੰਘ ਨੇ ਪੂਰੇ ਮਾਮਲੇ ਦੇ ਪਿਛੋਕੜ ‘ਤੇ ਚਾਨਣ ਪਾਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਨੂੰ ਲਾਗੂ ਕਰਵਾਉਣ ਦੀ ਗੱਲ ਕਹੀ। ਸ. ਅਗਵਾਨ ਨੇ ਕਿਹਾ ਕਿ ਅਸੀਂ ਦੋਵੇਂ ਧੀਰਾਂ ਨੂੰ ਕਸੂਰਵਾਰ ਮੰਨਦੇ ਹਾਂ ਪਰ ਪ੍ਰਬੰਧਕੀ ਕਮੇਟੀ ਜ਼ਿਆਦਾ ਕਸੂਰਵਾਰ ਹੈ ਜਿਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਕਮੇਟੀ ਦਾ ਸੁਹਿਰਦ ਹੋ ਕੇ ਸਹਿਯੋਗ ਨਹੀਂ ਕੀਤਾ।
ਇਸ ਮੌਕੇ ਹੈਮਿਲਟਨ ਤੋਂ ਹਰਜੀਤ ਸਿੰਘ ਜੀਤਾ, ਜਸਬੀਰ ਸਿੰਘ, ਚਰਨਜੀਤ ਸਿੰਘ ਢਿੱਲੋਂ, ਚਰਨਜੀਤ ਸਿੰਘ ਬਿਨਿੰਗ, ਅਮਰੀਕ ਸਿੰਘ ਮਾਹਲ, ਹਰਦੀਪ ਸਿੰਘ ਵਿਰਕ, ਪ੍ਰਮਾਤਮਾ ਸਿੰਘ, ਸੁੱਚਾ ਸਿੰਘ ਰੰਧਾਵਾ, ਸੋਹਣ ਸਿੰਘ, ਸੁਰਿੰਦਰ ਸਿੰਘ, ਇੰਦਰਪਾਲ ਸਿੰਘ, ਮੋਹਿੰਦਰ ਸਿੰਘ, ਦਲਬਾਰਾ ਸਿੰਘ ਸੰਧੂ, ਸੁਰਿੰਦਰ ਸਿੰਘ ਅਤੇ ਆਕਲੈਂਡ ਤੋਂ ਸਰਵਣ ਸਿੰਘ ਅਗਵਾਨ, ਦਲਜੀਤ ਸਿੰਘ, ਦਾਰਾ ਸਿੰਘ, ਇੰਦਰਪਾਲ ਸਿੰਘ, ਮੋਹਿੰਦਰ ਸਿੰਘ, ਨਿਰਮਲ ਸਿੰਘ ਭੱਟੀ ਤੇ ਹੋਰ ਹਾਜ਼ਰ ਸਨ।