ਹਰਤਾਜ ਦਾ ਪਹਿਲਾ ਜਨਮ ਦਿਨ ਕਿਸਾਨੀ ਸੰਘਰਸ਼ ਦੇ ਨਾਂਅ, ਮਾਪਿਆਂ ਨੇ ਗਿਫ਼ਟ ਦੀ ਥਾਂ ਕਿਸਾਨੀ ਸੰਘਰਸ਼ ਲਈ ਮਾਇਆ ਇਕੱਤਰ ਕੀਤੀ

ਆਕਲੈਂਡ, 5 ਜਨਵਰੀ – ਭਾਰਤ ਵਿਚਲੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਦਿੱਲੀ ਦੇ ਬਾਰਡਰ ਉੱਤੇ ਜਿੱਥੇ ਭਾਰਤੀ ਕਿਸਾਨ ਮੋਰਚੇ ਲਗਾਈ ਬੈਠੇ ਹਨ ਉੱਥੇ ਹੀ ਵਿਦੇਸ਼ ਵਿੱਚ ਰਹਿੰਦੇ ਭਾਰਤੀ ਕਿਸਾਨਾਂ ਦੇ ਪਰਿਵਾਰ ਵਿੱਚ ਵੀ ਰੋਸ ਵੇਖਿਆ ਜਾ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਵੱਖ-ਵੱਖ ਢੰਗਾਂ ਨਾਲ ਵਿਰੋਧ ਜਾਰੀ ਹੈ।
ਆਕਲੈਂਡ ਵਿਖੇ ਰਹਿੰਦੇ ਸਰਦਾਰ ਭਜਨੀਕ ਸਿੰਘ ਤਾਜ ਨੇ 3 ਜਨਵਰੀ ਨੂੰ ਆਪਣੇ ਪੁੱਤਰ ਹਰਤਾਜ ਸਿੰਘ ਦਾ ਪਹਿਲਾ ਜਨਮ ਦਿਨ ਮਨਾਇਆ। ਆਪਣੇ ਪੁੱਤਰ ਹਰਤਾਜ ਸਿੰਘ ਦੇ ਇਸ ਜਨਮ ਦੇ ਜਸ਼ਨਾਂ ਨੂੰ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ। ਹਰਤਾਜ ਦੇ ਜਨਮ ਦਿਨ ਮੌਕੇ ਪੁੱਤਰ ਲਈ ਗਿਫ਼ਟ ਲੈਣ ਦੀ ਥਾਂ ਉੱਤੇ ਉਨ੍ਹਾਂ ਨੇ ਕਿਸਾਨੀ ਸੰਘਰਸ਼ ਲਈ ਮਾਇਆ ਇਕੱਤਰ ਕਰਨ ਲਈ ਕੇਕ ਵਾਲੇ ਟੇਬਲ ਉੱਤੇ ਇੱਕ ਬਾਕਸ ਰੱਖਿਆ ਸੀ, ਜਿਸ ਵਿੱਚ ਸਭ ਨੂੰ ਮਾਇਆ ਪਾਉਣ ਦੀ ਅਪੀਲ ਕੀਤੀ ਗਈ ਸੀ।
ਸਰਦਾਰ ਭਜਨੀਕ ਸਿੰਘ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ, ‘ਉਨ੍ਹਾਂ ਦੇ ਪਰਿਵਾਰ ਨੇ ਆਪਣੇ ਪੁੱਤਰ ਦਾ ਜਨਮ ਦਿਨ ਮਨਾਉਂਦੇ ਹੋਏ ਆਪਣੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਪੁੱਤਰ ਲਈ ਗਿਫ਼ਟ ਲਿਆਉਣ ਦੀ ਬਜਾਏ ਕਿਸਾਨਾਂ ਸੰਘਰਸ਼ ਲਈ ਪੈਸੇ ਦੇਣ ਅਤੇ ਉਹ ਇਸ ਮੌਕੇ ਉੱਤੇ ਇਕੱਤਰ ਹੋਇਆ ਸਾਰਾ ਪੈਸਾ ਕਿਸਾਨਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਭੇਜਣਗੇ’।
ਉਨ੍ਹਾਂ ਕਿਹਾ ਕਿ ਹਰਤਾਜ ਸਿੰਘ ਦੇ ਜਨਮ ਦਿਨ ਦੀ ਸਜਾਵਟ ਵੀ ਕਿਸਾਨੀ ਸੰਘਰਸ਼ ਦੇ ਨਾਮ ਰਹੀ ਅਤੇ ਅਸੀਂ ਕਿਸਾਨੀ ਸੰਘਰਸ਼ ਦੇ ਪੋਸਟਰ ਅਤੇ ਹੋਰ ਪ੍ਰਿੰਟ ਸਮਗਰੀ ਦਾ ਪ੍ਰਬੰਧ ਕੀਤਾ। ਜਿਸ ਰਾਹੀ ਅਸੀਂ ਆਪਣੇ ਲੋਕਲ ਭਾਈਚਾਰੇ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕਿਸਾਨਾਂ ਨਾਲ ਭਾਰਤ ਵਿੱਚ ਕੀ ਵਾਪਰ ਰਿਹਾ ਹੈ। ਸਾਡਾ ਦਿਲ ਸਾਡੇ ਸਾਰੇ ਕਿਸਾਨਾਂ ਦੇ ਨਾਲ ਹੈ ਅਤੇ ਅਸੀਂ ਕਿਸਾਨਾਂ ਦੇ ਸੰਘਰਸ਼ ਨੂੰ ਕਿਸੇ ਵੀ ਢੰਗ ਨਾਲ ਸਪੋਰਟ ਕਰਾਂਗੇ।