ਹਰਿਆਣਾ ਦੇ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਮਦਦ ਦੇਗੀ ਦਿੱਲੀ ਕਮੇਟੀ

ਨਵੀਂ ਦਿੱਲੀ, 29 ਅਗਸਤ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਪੇਹਵਾ ਦੇ ਪਿੰਡ ਕਰਾਹ ਸਾਹਿਬ ਦੇ ਕਿਸਾਨਾਂ ਨੂੰ ਪੁਰਾ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਦਿੱਲੀ ਕਮੇਟੀ ਵਲੋਂ 15 ਲੱਖ ਰੁਪਏ ਦੀ ਨਗਦ ਸਹਾਇਤਾ, ਬੇਰੁਜ਼ਗਾਰ ਅੰਮ੍ਰਿਤਧਾਰੀ ਬੱਚਿਆ ਨੂੰ ਯੋਗਤਾ ਅਨੁਸਾਰ ਦਿੱਲੀ ਕਮੇਟੀ ਵਿੱਚ ਨੌਕਰੀ ਅਤੇ ਸੁਪਰਿਮ ਕੋਰਟ ਵਿੱਚ ਚਲ ਰਹੇ ਮਾਮਲੇ ਦੀ ਪੈਰਵੀ ਅਤੇ ਪੀੜਤ ਕਿਸਾਨਾਂ ਵਾਸਤੇ ਦਿੱਲੀ ਵਿਖੇ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕਰਨ ਦਾ ਦਾਅਵਾ ਬੀਤੇ ਦਿਨੀਂ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਹਰਿਆਣਾ ਸਰਕਾਰ ਜਾਨ ਬੁਝ ਕੇ ਇਨ੍ਹਾਂ ਕਿਸਾਨਾਂ ਨੂੰ ਖਜਲ-ਖੁਆਰ ਕਰ ਰਹੀ ਹੈ ਤੇ ਕਿਸਾਨਾਂ ਦੀ ਅੱਜ ਹਾਲਾਤ ਮੁਕੱਦਮੇਬਾਜ਼ੀ ਦਾ ਸਾਮ੍ਹਣਾ ਕਰਕੇ ਆਰਥਿਕ ਪੱਖੋਂ ਕਮਜ਼ੋਰ ਹੋ ਗਈ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁਕਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਹਰਿਆਣਾ ਸਰਕਾਰ ਆਪਣੇ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਜ਼ਮੀਨਾਂ ਦੇ ਗੱਫੇ ਵੰਡਦੀ ਹੈ ਤੇ ਦੂਜੇ ਪਾਸੇ ਦੁਨੀਆ ਦਾ ਪੇਟ ਭਰਨ ਵਾਲੇ ਕਿਸਾਨ ਤੋਂ ਉਸ ਦੀ ਮਾਂ ਵਰਗੀ ਜ਼ਮੀਨ ਖੋਹਣ ਵਾਸਤੇ ਹੱਥਕੰਡੇ ਅਪਣਾਉਂਦੀ ਹੈ।