ਹੁਣ ਕਬੱਡੀ ਤਕਨੀਕ ਪੱਖੋਂ ਕੌਮਾਂਤਰੀ ਪੱਧਰ ਦੀਆਂ ਹੋਰਨਾਂ ਖੇਡਾਂ ਦੀ ਹਾਣੀ ਬਣੀ

ਰੇਡ ਦੇ ਸਮੇਂ ਨੂੰ ਰਿਕਾਰਡ ਕਰਨ ਲਈ ਵਰਤਿਆ ਜਾ ਰਿਹਾ ਹੈ ‘ਹੂਟਰ’
ਚੰਡੀਗੜ੍ਹ, 10 ਦਸੰਬਰ – ਕਦੇ ਪੰਜਾਬ ਦੇ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਕਬੱਡੀ ਹੁਣ ਜਦੋਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਕੌਮਾਂਤਰੀ ਪੱਧਰ ‘ਤੇ ਆਪਣੀ ਸਰਦਾਰੀ ਕਾਇਮ ਕਰਦੀ ਜਾ ਰਹੀ ਹੈ ਉਸ ਦੇ ਨਾਲ ਹੀ ਕਬੱਡੀ ਦੇ ਨਿਯਮਾਂ ਨੂੰ ਹੋਰਨਾਂ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਾਂਗ ਜ਼ਿਆਦਾ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ ਜਿਸ ਦਾ ਸਬੂਤ ਪੰਜਾਬ ਦੀ ਧਰਤੀ ‘ਤੇ ਖੇਡੇ ਜਾ ਰਹੇ ਤੀਸਰੇ ਵਿਸ਼ਵ ਕੱਪ ਕਬੱਡੀ ਦੌਰਾਨ ਦੇਖਣ ਨੂੰ ਮਿਲਿਆ ਹੈ। ਆਧੁਨਿਕ ਤਕਨੀਕ ਅਤੇ ਇਲੈਕਟ੍ਰਾਨਿਕ ਮੀਡੀਆ …….. ਦੀ ਮਦਦ ਨਾਲ ਨਿਰਪੱਖ ਫੈਸਲੇ ਲਏ ਜਾ ਰਹੇ ਹਨ। ਵਿਸ਼ਵ ਕੱਪ ਦੌਰਾਨ ਕਿਸੇ ਵੀ ਅੰਕ ‘ਤੇ ਇਤਰਾਜ਼ ਉਠਾਏ ਜਾਣ ਉਪਰ ਸਟੇਡੀਅਮ ਵਿੱਚ ਲੱਗੀਆਂ ਵੱਡੀਆਂ ਸਕਰੀਨਾਂ ‘ਤੇ ਰੀਪਲੇਅ ਦਿਖਾਈ ਜਾਂਦੀ ਹੈ ਅਤੇ ਇਤਰਾਜ਼ ਮੌਕੇ ‘ਤੇ ਹੀ ਦੂਰ ਹੋ ਜਾਂਦੇ ਹਨ।
ਇਸ ਦੇ ਨਾਲ 30 ਸਕਿੰਟ ਦੀ ਰੇਡ ਨੂੰ ਵੀ ਤਕਨੀਕ ਸਾਧਨਾਂ ਦੇ ਨਾਲ ਮਾਪਿਆ ਜਾਂਦਾ ਹੈ। ਜਦੋਂ ਵੀ ਕੋਈ ਰੇਡਰ ਵਿਰੋਧੀ ਟੀਮ ਦੇ ਪਾਲੇ ਵਿੱਚ ਰੇਡ ਪਾਉਣ ਜਾਂਦਾ ਹੈ ਤਾਂ ਉਸੇ ਸਮੇਂ ਇਕ ਵਿਸ਼ੇਸ਼ ਯੰਤਰ ਦਾ ਬਟਨ ਦਬਾ ਦਿੱਤਾ ਜਾਂਦਾ ਹੈ ਜਿਸ ਨਾਲ ਹੂਟਰ ਗੂੰਜਦਾ ਹੈ ਅਤੇ 30 ਸਕਿੰਟ ਦਾ ਸਮਾਂ ਚੱਲਣਾ ਸ਼ੁਰੂ ਹੋ ਜਾਂਦਾ ਹੈ। ਅੰਪਾਇਰਾਂ ਨੂੰ ਹੁਣ 30 ਸਕਿੰਟ ਦਾ ਸਮਾਂ ਖਤਮ ਹੋਣ ਤੱਕ ਆਪਣੀ ਸਟਾਪ ਵਾਚ ਨਹੀਂ ਦੇਖਣੀ ਪੈਂਦੀ ਬਲਕਿ 30 ਸਕਿੰਟ ਦਾ ਸਮਾਂ ਪੂਰਾ ਹੋ ਜਾਣ ‘ਤੇ ਹੂਟਰ ਮੁੜ ਗੂੰਜ ਪੈਂਦਾ ਹੈ ਅਤੇ ਰੇਡ ਖਤਮ ਸਮਝੀ ਜਾਂਦੀ ਹੈ।
ਲਾਅਨ ਟੈਨਿਸ ਦੀ ਤਰਜ਼ ‘ਤੇ ਕਬੱਡੀ ਪਾਲੇ ਦੇ ਚੌਤਰਫੀ ਲਾਈਨ ਮੈਨ ਤਾਇਨਾਤ ਕੀਤੇ ਜਾਂਦੇ ਹਨ ਜਦੋਂ ਕਿ ਦੋਵੇਂ ਪਾਲ਼ਿਆਂ ਵਿੱਚ ਵੱਖ-ਵੱਖ ਅੰਪਾਇਰ ਹੁੰਦੇ ਹਨ। ਕਿਸੇ ਵੀ ਖਿਡਾਰੀ ਦਾ ਅੰਗੂਠਾ ਕੋਈ ਵੀ ਲਾਈਨ ਪਾਰ ਕਰਦਾ ਹੈ ਤਾਂ ਲਾਈਨ ਮੈਨ ਲਾਲ ਝੰਡਾ ਖੜ੍ਹਾ ਕਰ ਕੇ ਅੰਕ ਦਾ ਫੈਸਲਾ ਕਰ ਦਿੰਦਾ ਹੈ। ਕ੍ਰਿਕਟ ਦੀ ਤਰਜ਼ ‘ਤੇ ਤਕਨੀਕੀ ਕਮੇਟੀ ਦਾ ਮੈਂਬਰ ਰੀਪਲੇਅ ਉਪਰ ਫੈਸਲਾ ਦੇਣ ਲਈ ਤੀਜੇ ਅੰਪਾਇਰ ਦੀ ਭੂਮਿਕਾ ਨਿਭਾਉਂਦਾ ਹੈ।
ਕਬੱਡੀ ਭਾਵੇਂ ਜ਼ੋਰ ਅਤੇ ਤਕੜੇ ਜੁੱਸੇ ਵਾਲੀ ਖੇਡ ਹੈ ਅਤੇ ਕਈ ਵਾਰ ਖਿਡਾਰੀ ਆਪੇ ਤੋਂ ਬਾਹਰ ਹੋ ਜਾਂਦੇ ਹਨ ਇਸ ਲਈ ਖਿਡਾਰੀਆਂ ਨੂੰ ਜ਼ਾਬਤੇ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਹਾਕੀ ਤੇ ਫੁਟਬਾਲ ਵਾਂਗ ਹਰਾ, ਪੀਲਾ ਤੇ ਲਾਲ ਕਾਰਡ ਦਿਖਾ ਕੇ ਖਿਡਾਰੀਆਂ ਨੂੰ ਚਿਤਾਵਨੀ ਦੇ ਕੇ ਮੈਚ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਜਾਂਦਾ ਹੈ।