ਹੁਣ ਗਿੱਪੀ ਗਰੇਵਾਲ ਦਾ ‘ਅੰਗਰੇਜ਼ੀ ਬੀਟ’ ਗੀਤ ਸੁਣਨ ਨੂੰ ਮਿਲੇਗਾ ਬਾਲੀਵੁੱਡ ਦੀ ਫ਼ਿਲਮ ‘ਕਾਕਟੇਲ’ ਵਿੱਚ

ਫ਼ਿਰੋਜ਼ਪੁਰ (ਹਰਿੰਦਰ ਭੁੱਲਰ) ਗਾਇਕ ਤੇ ਨਾਇਕ ਗਿੱਪੀ ਗਰੇਵਾਲ ਦਾ ਬਹੁ ਚਰਚਿਤ ਗੀਤ ‘ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ‘ਤੇ’ ਪੰਜਾਬੀਆਂ ਦੇ ਮਨਾਂ ਉੱਪਰ ਰਾਜ ਕਰਨ ਤੋਂ ਬਾਅਦ ਹੁਣ ਇਰੋਜ਼ ਇੰਟਰਨੈਸ਼ਨਲ ਅਤੇ ਇਲੁਮਨਾਤੀ ਫ਼ਿਲਮਜ਼ ਦੁਆਰਾ ਜਲਦ ਰਿਲੀਜ਼ ਕੀਤੀ ਜਾ ਰਹੀ ਸੈਫ਼ ਅਲੀ ਖ਼ਾਨ, ਦੀਪਿਕਾ ਪਾਦੂਕੋਨ ਅਤੇ ਸੋਨਮ ਕਪੂਰ ਸਟਾਰਰ ਫ਼ਿਲਮ ‘ਕਾਕਟੇਲ’ ਵਿੱਚ ਇੱਕ ਵਾਰ ਫਿਰ ਤੋਂ ਸੁਣਨ ਨੂੰ ਮਿਲੇਗਾ। ਇਹਨੀ…ਂ ਦਿਨੀਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਆਪਣੀ ਨਵੀਂ ਪੰਜਾਬੀ ਫ਼ਿਲਮ ‘ਬੈਸਟ ਆਫ਼ ਲੱਕ’ ਦੀ ਸ਼ੂਟਿੰਗ ਕਰ ਰਹੇ ਗਿੱਪੀ ਗਰੇਵਾਲ ਨੇ ਇਸ ਸਬੰਧੀ ਫ਼ੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਲਈ ਵੀ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਉਸਦੇ ਇਸ ਗੀਤ ਨੂੰ ਬਾਲੀਵੁੱਡ ਦੀ ਐਡੀ ਵੱਡੀ ਫ਼ਿਲਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਪਹਿਲਾਂ ਵੀ ਹਿੰਦੀ ਫ਼ਿਲਮਾਂ ਵਿੱਚ ਪੰਜਾਬੀ ਗੀਤ ਸ਼ਾਮਲ ਕੀਤੇ ਜਾਂਦੇ ਰਹੇ ਹਨ ਪਰ ਇਹ ਕਦੇ-ਕਦਾਈਂ ਹੀ ਹੋਇਆ ਹੈ ਕਿ ਪਹਿਲਾਂ ਹੀ ਹਿੱਟ ਹੋ ਚੁੱਕੇ ਗੀਤ ਨੂੰ ਕਿਸੇ ਫ਼ਿਲਮ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ ਹੋਵੇ। ਗੀਤਕਾਰ ਵੀਤ ਬਲਜੀਤ ਦੁਆਰਾ ਰਚਿਤ ਅਤੇ ਸੰਗੀਤਕਾਰ ਹਨੀ ਸਿੰਘ ਵੱਲੋਂ ਸੰਗੀਤਬੱਧ ਕੀਤਾ ਗਿਆ ਇਹ ਗੀਤ ‘ਇੰਟਰਨੈਸ਼ਨਲ ਵਿਲੇਜਰ’ ਟੇਪ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਹ ਗੀਤ ਬਿਨਾਂ ਵੀਡੀਓ ਤੋਂ ਹੀ ਹਿੱਟ ਹੋ ਗਿਆ ਸੀ ਪਰ ਬਾਅਦ ਵਿੱਚ ਜਦ ਇਸ ਦਾ ਵੀਡੀਓ ਫ਼ਿਲਮਾਂਕਣ ਕਰਕੇ ਚਲਾਇਆ ਗਿਆ ਤਾਂ ਚੁਫ਼ੇਰੇ ਹੀ ਇਸ ਗੀਤ ਨੇ ਬੱਲੇ-ਬੱਲੇ ਕਰਵਾ ਦਿੱਤੀ ਸੀ। ਇਸ ਤਰਾਂ ਹੀ ਇਸ ਗੀਤ ਦੀ ਗੂੰਜ ਇਸ ਫ਼ਿਲਮ ਦੇ ਨਿਰਦੇਸ਼ਕ ਹੋਮੀ ਅਦਜਾਨੀਆਂ ਅਤੇ ਨਿਰਮਾਤਾ ਸੈਫ਼ ਅਲੀ ਖ਼ਾਨ ਤੱਕ ਪਹੁੰਚ ਗਈ ਜਿੰਨ੍ਹਾਂ ਨੇ ਉਚੇਚੇ ਤੌਰ ‘ਤੇ ਗਿੱਪੀ ਤੋਂ ਇਹ ਗੀਤ ਪ੍ਰਾਪਤ ਕਰਨ ਲਈ ਬੇਨਤੀ ਕੀਤੀ। ਇਸ ਫ਼ਿਲਮ ਦਾ ਪ੍ਰੋਮੋ ਅਤੇ ਉਸ ਵਿੱਚ ਇਸ ਗੀਤ ਨੂੰ ਦੇਖਣ ਲਈ ਇਹ ਲਿੰਕ ਦਬਾਓ ਜੀ-

http://www.youtube.com/watch?feature=player_embedded&v=9FfBzyiU0ZU