ਹੁਣ ਚੰਡੀਗੜ੍ਹ ਵੱਲ ਧਿਆਨ ਗਿਆ ਹੈ ਪੰਜਾਬੀ ਚੈਨਲਾਂ ਦਾ

ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਭਾਵੇਂ ਬਹੁਤੇ ਸਿਆਸੀ ਆਗੂ ਵਧੇਰੇ ਸਮਾਂ ਆਪੋ-ਆਪਣੇ ਇਲਾਕਿਆਂ ਵਿਚ ਵਿਚਰਦੇ ਹਨ, ਪ੍ਰੰਤੂ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਕਿਸਮਤ ਚੰਡੀਗੜ੍ਹ ਵਿਚ ਲਿਖੀ ਜਾਂਦੀ ਹੈ। ਇਸ ਨੂੰ ‘ਸਿਟੀ ਬਿਊਟੀਫੁੱਲ’ ਦਾ ਦਰਜਾ ਮਿਲਿਆ ਹੋਇਆ ਹੈ। ਇਹ ਤਰ੍ਹਾਂ-ਤਰ੍ਹਾਂ ਦੀਆਂ ਸਰਗਰਮੀਆਂ ਦਾ ਕੇਂਦਰ ਹੈ। ਜਿਥੇ ਬਿਹਤਰੀਨ ਸਿੱਖਿਆ ਸੰਸਥਾਵਾਂ ਹਨ। ਇਹ ਕੁਦਰਤੀ ਸੁਹੱਪਣ ਦੇ ਅੰਗ-ਸੰਗ ਹੈ। ਪੰਜਾਬ ਅਤੇ ਹਰਿਆਣਾ ਦੇ ਮੁਲਾਜ਼ਮ, ਕਿਸਾਨ ਅਤੇ ਹੋਰ ਤਬਕੇ ਸਰਕਾਰਾਂ ਖਿਲਾਫ਼ ਰੋਸ ਪ੍ਰਗਟਾਉਣ ਲਈ ਚੰਡੀਗੜ੍ਹ ਵੱਲ ਹੀ ਵਹੀਰਾਂ ਘੱਤਦੇ ਹਨ। ਪਰ ਚੰਡੀਗੜ੍ਹ ਵਧੇਰੇ ਕਰਕੇ ਟੀ. ਵੀ. ਕੈਮਰੇ ਤੋਂ ਬਚਿਆ ਰਿਹਾ ਹੈ। ਭਾਵੇਂ ਇਕ-ਦੋ ਚੈਨਲਾਂ ਨੇ ਚਿਰਾਂ ਤੋਂ ਉਥੇ ਸਟੂਡੀਓ ਸਥਾਪਤ ਕੀਤੇ ਹੋਏ ਹਨ। ਦੂਰਦਰਸ਼ਨ ਦਾ ਚੰਡੀਗੜ੍ਹ ਵਿਖੇ ਆਪਣਾ ਕੇਂਦਰ ਹੈ, ਜੋ ਲਗਾਤਾਰ ਕਾਰਜਸ਼ੀਲ ਰਹਿੰਦਾ ਹੈ। ਕੁਝ ਸਾਲ ਪਹਿਲਾਂ ਦੂਰਦਰਸ਼ਨ ਜਲੰਧਰ ਤੋਂ ਸ਼ਾਮ ਸੱਤ ਵਜੇ ਪ੍ਰਸਾਰਿਤ ਹੁੰਦਾ ਖ਼ਬਰ ਬੁਲਿਟਨ ਚੰਡੀਗੜ੍ਹ ਤੋਂ ਪ੍ਰਸਾਰਿਤ ਕਰਨ ਦੀ ਯੋਜਨਾ ਉਲੀਕੀ ਗਈ ਸੀ, ਜੋ ਕੁਝ ਕਾਰਨਾਂ ਕਰਕੇ ਨੇਪਰੇ ਨਹੀਂ ਚੜ੍ਹ ਸਕੀ ਸੀ।
ਸਮੇਂ ਨਾਲ ਜਿਥੇ ਪੰਜਾਬੀ ਟੈਲੀਵਿਜ਼ਨ ਚੈਨਲਾਂ ਦੀ ਗਿਣਤੀ ਵਧੀ ਹੈ, ਆਪਸੀ ਮੁਕਾਬਲਾ ਵਧਿਆ ਹੈ, ਉਥੇ ਸਿਆਸੀ ਸਰਗਰਮੀਆਂ ਦੇ ਕੇਂਦਰ ਬਿੰਦੂ ਚੰਡੀਗੜ੍ਹ ਵੱਲ ਵੀ ਧਿਆਨ ਗਿਆ ਹੈ। ਪੀ. ਟੀ. ਸੀ. ਨਿਊਜ਼ ਦੁਆਰਾ ‘ਚੰਡੀਗੜ੍ਹ ਸਪੀਕਸ’ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ। ‘ਡੇਅ ਐਂਡ ਨਾਈਟ ਨਿਊਜ਼’, ‘ਚੰਡੀਗੜ੍ਹ ਰਿਪੋਰਟ’ ਪੇਸ਼ ਕਰਦਾ ਹੈ, ਜਿਸ ਤਹਿਤ ਇਥੇ ਹਰੇਕ ਵਰਗ ਦੀਆਂ ਸਰਗਰਮੀਆਂ ਨੂੰ ਥਾਂ ਦਿੱਤੀ ਜਾਂਦੀ ਹੈ। ਇਕ ਵੱਖਰੇ ਪ੍ਰੋਗਰਾਮ ਵਿਚ ਚੋਟੀ ਦੇ ਸਿਆਸੀ ਆਗੂਆਂ ਨਾਲ ਵਿਸਥਾਰਤ ਮੁਲਾਕਾਤ ਕੀਤੀ ਜਾਂਦੀ ਹੈ। …. ਜਿਵੇਂ-ਜਿਵੇਂ ਪੰਜਾਬੀ ਲੋਕਾਂ ਅੰਦਰ ਸਮਾਜਿਕ ਅਤੇ ਸਿਆਸੀ ਸੂਝ ਵਧੇਗੀ ਤਿਵੇਂ-ਤਿਵੇਂ ਪੰਜਾਬੀ ਚੈਨਲਾਂ ਨੂੰ ਮਿਆਰੀ ਵਿਚਾਰ ਚਰਚਾ ਵਾਲੇ ਪ੍ਰੋਗਰਾਮਾਂ ਦੀ ਗਿਣਤੀ ਵਧਾਉਣੀ ਪਵੇਗੀ। ਸਾਹਿਤਕ, ਸੱਭਿਆਚਾਰਕ ਤੇ ਕਲਾਤਮਿਕ ਸਰਗਰਮੀਆਂ ਨੂੰ ਥਾਂ ਦੇਣੀ ਪਵੇਗੀ। ਪੰਜਾਬੀ ਚੈਨਲ ਇਸ ਦਿਸ਼ਾ ਵਿਚ ਅੱਗੇ ਵਧੇ ਹਨ ਜੋ ਕਿ ਤਸੱਲੀ ਵਾਲੀ ਗੱਲ ਹੈ। ਜਲੰਧਰ ਅਤੇ ਚੰਡੀਗੜ੍ਹ ਮੁੱਖ ਕੇਂਦਰਾਂ ਵਜੋਂ ਉਭਰ ਰਹੇ ਹਨ।
ਸਵਾਮੀ ਅਗਨੀਵੇਸ਼ ‘ਬਿੱਗ ਬਾਸ’ ਵਿਚ ਸ਼ਾਮਿਲ ਹੋ ਗਏ ਹਨ। ਭਾਵੇਂ ‘ਬਿੱਗ ਬਾਸ’ ਦੀ ਲਗਾਤਾਰ ਚਰਚਾ ਚਲਦੀ ਰਹੀ ਹੈ ਪਰ ੮ ਨਵੰਬਰ ਨੂੰ ਤਾਂ ਟੀ. ਵੀ. ਚੈਨਲਾਂ ਨੇ ਇਸ ਸਬੰਧ ਵਿਚ ‘ਮਹਾਂ ਬਹਿਸ’ ਦਾ ਆਯੋਜਨ ਕੀਤਾ। ‘ਨਿਊਜ਼ ਐਕਸਪ੍ਰੈੱਸ ਚੈਨਲ’ ਵੱਲੋਂ ਅਗਨੀਵੇਸ਼ ਦੀ ਸ਼ਮੂਲੀਅਤ ਉਪਰੰਤ ਚਰਚਾ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਵਰਗਾਂ ਦੇ ਵਿਅਕਤੀ ਵਿਸ਼ੇਸ਼ ਨੂੰ ਸ਼ਾਮਿਲ ਕੀਤਾ ਗਿਆ। ਸਭ ਨੇ ਜਿਥੇ ਇਸ ‘ਤੇ ਤਿੱਖਾ ਪ੍ਰਤੀਕਰਮ ਵਿਅਕਤ ਕੀਤਾ, ਉਥੇ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਮੂਰਖਾਨਾ ਕਰਾਰ ਦਿੱਤਾ।
ਸਾਂਝੀ ਰਾਇ ਸੀ ਕਿ ‘ਬਿੱਗ ਬਾਸ’ ਵਿਚ ਸਾਰੇ ਝਗੜਾਲੂ ਕਿਸਮ ਦੇ ਹਨ, ਸੋ ਸਵਾਮੀ ਅਗਨੀਵੇਸ਼ ਦਾ ਇਹ ਕੇਵਲ ‘ਪਬਲੀਸਿਟੀ ਸਟੰਟ’ ਹੈ। ਮਾਹਿਰਾਂ ਦੀ ਰਾਇ ਸੀ ਕਿ ਉਥੇ ‘ਪਬਲੀਸਿਟੀ’ ਵੀ ਨਾਂਹ-ਪੱਖੀ ਮਿਲੇਗੀ। ਟੀ. ਵੀ. ਚੈਨਲ ਨੇ ‘ਬਿੱਗ ਬਾਸ’ ੨ ਅਤੇ ੩ ਦੇ ਜੇਤੂ ਅਸ਼ੂਤੋਸ਼ ਅਤੇ ਵਿੰਦੂ ਦਾਰਾ ਸਿੰਘ ਨੂੰ ਵੀ ਦਰਸ਼ਕਾਂ ਦੇ ਰੂ-ਬਰੂ ਕੀਤਾ। ਦੋਵਾਂ ਦਾ ਕਹਿਣਾ ਸੀ ਕਿ ਸੁਣ ਕੇ ਧੱਕਾ ਲੱਗਾ ਹੈ ਕਿ ਸਵਾਮੀ ਜੀ ਇਸ ਵਿਚ ਸ਼ਾਮਿਲ ਹੋ ਰਹੇ ਹਨ, ਪਰ ਹੋ ਸਕਦਾ ਹੈ ਕਿ ਇਸ ਨਾਲ ਅੰਦਰਲਾ ਮਾਹੌਲ, ਜੋ ਬੜਾ ਗੁਸੈਲਾ ਬਣਿਆ ਹੋਇਆ ਹੈ, ਕੁਝ ਸ਼ਾਂਤ ਹੋ ਜਾਵੇ। ਸੰਚਾਲਕ ਦਾ ਕਹਿਣਾ ਸੀ ਕਿ ਸਮਾਂ ਦੱਸੇਗਾ ਕਿ ਉਨ੍ਹਾਂ ਦਾ ਅੰਦਰ ਜਾਣਾ ਸਹੀ ਸੀ ਜਾਂ ਗ਼ਲਤ ਪਰ ਜੋ ਵੀ ਹੈ ਸਵਾਮੀ ਦੀ ਹਾਰ ਹੀ ਹੋਵੇਗੀ। ਸ੍ਰੀ ਸ੍ਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਾਂ ਤਾਂ ਅਗਨੀਵੇਸ਼ ਅੰਦਰਲੇ ਲੋਕਾਂ ਨੂੰ ਆਪਣੇ ਰੰਗ ਵਿਚ ਰੰਗ ਕੇ ਆਵੇ। ਕੁਝ ਧਾਰਮਿਕ ਖੇਤਰ ਦੇ ਵਿਅਕਤੀਆਂ ਦਾ ਕਹਿਣਾ ਸੀ ਕਿ ‘ਬਿੱਗ ਬਾਸ’ ਵਿਚ ਜਾਣਾ ਹੈ ਤਾਂ ਭਗਵੇਂ ਬਸਤਰ ਬਦਲ ਲੈਣੇ ਚਾਹੀਦੇ ਹਨ। ਖੁਦ ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਮੈਂ ਉਥੇ ਭਾਰਤ ਦੀ ਸਿਆਸਤ ਅਤੇ ਹੋਰ ਮਸਲਿਆਂ ਸਬੰਧੀ ਗੱਲਾਂਬਾਤਾਂ ਕਰਾਂਗਾ। ਜੇਕਰ ਅੰਨਾ ਅੰਦੋਲਨ ਦੌਰਾਨ ਮੇਰੇ ਤੋਂ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਮੰਗਣ ਲਈ ਤਿਆਰ ਹਾਂ।
ਭੂਪੇਨ ਹਜ਼ਾਰਿਕਾ ਦੀ ਮੌਤ ਤੋਂ ਲੈ ਕੇ ਸਸਕਾਰ ਤੱਕ ਬਹੁਤ ਸਾਰੇ ਟੀ. ਵੀ. ਚੈਨਲ ਲਗਾਤਾਰ ਉਸ ਦੀ ਯਾਦ ਵਿਚ, ਉਸਦੇ ਗੀਤਾਂ ਰਾਹੀਂ ਉਸ ਦੀਆਂ ਯਾਦਾਂ ਸਾਂਝੀਆਂ ਕਰਦੇ ਰਹੇ। ਜਿਥੇ ਲੱਖਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਦੀ ਅੰਤਮ ਯਾਤਰਾ ਵਿਚ ਸ਼ਾਮਿਲ ਹੋਏ, ਉਥੇ ਸੰਗੀਤ ਖੇਤਰ ਦੀਆਂ ਉੱਚ-ਸ਼ਖ਼ਸੀਅਤਾਂ ਨੇ ਸੋਗ ਗ੍ਰਸੇ ਪ੍ਰਤੀਕਰਮ ਵਿਅਕਤ ਕੀਤੇ। ਲਤਾ ਨੇ ਕਿਹਾ, ‘ਦੂਜਾ ਭੂਪੇਨ ਹਜ਼ਾਰਿਕਾ ਪੈਦਾ ਨਹੀਂ ਹੋਵੇਗਾ। ਭੂਪੇਨ ਹਜ਼ਾਰਿਕਾ ਦਾ ਜਾਣਾ ਦੇਸ਼ ਦੇ ਲੋਕ-ਸੰਗੀਤ ਦਾ ਖ਼ਾਮੋਸ਼ ਹੋਣਾ ਹੈ। ਉਸ ਦੀ ਆਵਾਜ਼ ਵਿਚ ਖਾਸ ਤਰ੍ਹਾਂ ਦੀ ਮਿਠਾਸ, ਖਾਸ ਤਰ੍ਹਾਂ ਦਾ ਅਹਿਸਾਸ ਸੀ। ਜਿਵੇਂ ਤਪਦੀ ਦੁਪਹਿਰ ਵਿਚ ਫੁਹਾਰ ਪੈ ਰਹੀ ਹੋਵੇ। ‘ਦਿਲ ਹੂੰਮ ਹੂੰਮ ਕਰੇ…’ ਅਤੇ ‘ਗੰਗਾ ਬਹਿਤੀ ਹੈ ਕਿਉਂ?’ ਗੀਤਾਂ ਨੇ ਉਸ ਨੂੰ ਕਮਾਲ ਦੇ ਕਲਾਕਾਰ ਵਜੋਂ ਸਥਾਪਿਤ ਕੀਤਾ।’
ਭਾਵੇਂ ਸਰਕਾਰੀ ਸਰਪ੍ਰਸਤੀ ਕਾਰਨ ਹੀ ਸਹੀ, ਵਿਸ਼ਵ ਕਬੱਡੀ ਕੱਪ ਨੂੰ ਮੀਡੀਆ ਵੱਲੋਂ ਭਰਪੂਰ ਕਵਰੇਜ ਮਿਲ ਰਹੀ ਹੈ। ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ਤੋਂ ਇਲਾਵਾ ਪੰਜਾਬ ਦੀ ਹਰੇਕ ਅਖ਼ਬਾਰ ਮੁਕਾਬਲਿਆਂ ਅਤੇ ਹੋਰ ਵੇਰਵਿਆਂ ਨੂੰ ਵਿਸਥਾਰ ਸਹਿਤ ਪ੍ਰਕਾਸ਼ਿਤ ਕਰ ਰਹੀ ਹੈ। ਪੀ. ਟੀ. ਸੀ. ਨਿਊਜ਼ ਵਿਸ਼ਵ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਨ ਕਰਨ ਦੇ ਨਾਲ-ਨਾਲ ਪਲ-ਪਲ ਦੀ ਜਾਣਕਾਰੀ ਦਰਸ਼ਕਾਂ ਨੂੰ ਮੁਹੱਈਆ ਕਰ ਰਿਹਾ ਹੈ। ਪੀ 7 ਨਿਊਜ਼ ਚੈਨਲ ਨੇ ਵੀ ਇਸ ਨੂੰ ਕਾਫ਼ੀ ਕਵਰੇਜ ਦਿੱਤੀ ਹੈ। ਕੁੱਲ ਮਿਲਾ ਕੇ ਇਕ ਚੰਗਾ ਯਤਨ ਹੈ, ਪੰਜਾਬ ਅਤੇ ਪੰਜਾਬੀ ਨੌਜਵਾਨਾਂ ਨੂੰ ਸਿਹਤਮੰਦ ਦਿਸ਼ਾ ਦੇਣ ਲਈ, ਸਿਹਤਮੰਦ ਮਾਹੌਲ ਦੇਣ ਲਈ।
ਲੇਖਕ – ਪ੍ਰ. ਕੁਲਬੀਰ ਸਿੰਘ