ਹੁਣ ਪਾਕਿਸਤਾਨ ਗੱਲਬਾਤ ਲਈ ਪਹਿਲ ਕਰੇ – ਅਮਰੀਕਾ

ਵਾਸ਼ਿੰਗਟਨ – ਪਾਕਿਸਤਾਨ ਨਾਲ ਗੱਲਬਾਤ ਕਰਨ ਭੇਜੀ ਟੀਮ ਅਮਰੀਕਾ ਨੇ ਵਾਪਸ ਬੁਲਾ ਲਈ ਹੈ, ਜਿਸ ਬਾਰੇ ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਹੁਣ ਪਾਕਿਸਤਾਨ ਹੀ ਅਫਗਾਨਿਸਤਾਨ ਲਈ ਨਾਟੋ ਸਪਲਾਈ ਰੂਟ ਚਾਲੂ ਕਰਨ ਬਾਰੇ ਗੱਲਬਾਤ ਲਈ ਪਹਿਲ ਕਰੇਗਾ।
ਇਸ ਬਾਰੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇ ਕਾਰਨੇ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕਈ ਤਕਨੀਕੀ ਜ਼ਾਬਤੇ ਅਪਣਾ ਕੇ ਦੇਖੇ ਗਏ ਹਨ ਪਰ ਅਜੇ ਵੀ ਕਈ ਮਾਮਲੇ ਅਜਿਹੇ ਹਨ ਜਿਨ੍ਹਾਂ ਦਾ ਢੁੱਕਵਾਂ ਹੱਲ ਨਹੀਂ ਲੱਭਿਆ ਜਾ ਸਕਿਆ। ਅਮਰੀਕਾ ਨੂੰ ਭਰੋਸਾ ਹੈ ਕਿ ਇਹ ਮਾਮਲਾ ਸੁਲਝਾਇਆ ਜਾ ਸਕਦਾ ਹੈ ਅਤੇ ਜੇਕਰ ਪਾਕਿਸਤਾਨ ਇਸ ਮੁੱਦੇ ‘ਤੇ ਸਮਝੌਤਾ ਕਰਨ ਲਈ ਅੱਗੇ ਆਉਂਦਾ ਹੈ ਤਾਂ ਅਮਰੀਕਾ ਵੀ ਇਸ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਗੱਲਬਾਤ ਲਈ ਪਾਕਿਸਤਾਨ ਗਈ ਟੀਮ ਨੂੰ ਵਾਪਸ ਬੁਲਾਉਣਾ ਹੀ ਸਹੀ ਫੈਸਲਾ ਸੀ। ਹੁਣ ਜੇਕਰ ਪਾਕਿਸਤਾਨ ਸਰਕਾਰ ਸਮਝੌਤੇ ਲਈ ਹਾਮੀ ਭਰੇਗੀ ਤਾਂ ਹੀ ਉਹ ਆਪਣੇ ਕਰਮਚਾਰੀਆਂ ਨੂੰ ਮੁੜ ਗੱਲਬਾਤ ਲਈ ਪਾਕਿਸਤਾਨ ਭੇਜਣਗੇ। ਅਮਰੀਕਾ ਜਲਦ ਤੋਂ ਜਲਦ ਸਮਝੌਤੇ ‘ਤੇ ਦਸਤਖਤ ਕਰਨ ਦਾ ਇਛੁੱਕ ਹੈ ਤੇ ਉਨ੍ਹਾਂ ਵਲੋਂ ਪਾਕਿਸਤਾਨ ਤੋਂ ਵੀ ਇਹੀ ਉਮੀਦ ਯਤਾਈ ਜਾ ਰਹੀ ਹੈ।