ਹੇਸਟਿੰਗਜ ਗੁਰੂ ਘਰ ਵਿਖੇ ਧਾਰਮਿਕ ਸੀ. ਡੀ. ਰਿਲੀਜ਼

ਹੇਸਟਿੰਗਜ – ਇੱਥੇ ਦੇ ਗੁਰਦਵਾਰਾ ਸਾਹਿਬ ਵਿਖੇ ਪਿਛਲੇ ਇੱਕ ਸਾਲ ਤੋਂ ਸੇਵਾ ਨਿਭਾ ਰਹੇ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਨਿੱਘੀ ਵਿਦਾਇਗੀ ਦਿੱਤੀ। ਗੌਰਤਲਬ ਹੈ ਕਿ ਇਸ ਮੌਕੇ ਭਾਈ ਬਲਦੇਵ ਸਿੰਘ ਵਲੋਂ ਰਿਕਾਰਡ ਕੀਤੀ ਨਿਤਨੇਮ ਦੀ ਸੀ. ਡੀ. ਵੀ ਰਿਲੀਜ਼ ਕਰਕੇ ਸੰਗਤ ਵਿੱਚ ਵੰਡੀ ਗਈ। ਇਸ ਤੋਂ ਪਹਿਲਾਂ ਹਫਤਾਵਾਰੀ ਦੀਵਾਨਾਂ ਦੇ ਵਿੱਚ ਕੀਰਤਨ ਦੀ ਮੁੱਖ ਸੇਵਾ ਭਾਈ ਜਗਦੀਸ਼ ਵਲੋਂ ਕੀਤੀ ਗਈ ਅਤੇ ਭਾਈ ਬਿਮਲਜੀਤ ਸਿੰਘ ਵਲੋਂ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਈ ਗਈ ਅਤੇ ਭਾਈ ਬਲਦੇਵ ਸਿੰਘ ਵਲੋਂ ਕਥਾ ਦੁਆਰਾ ਸੰਗਤ ਨੂੰ ਬਾਣੀ ਨਾਲ ਜੋੜਿਆ। ਭਾਈ ਬਲਦੇਵ ਸਿੰਘ ਜੀ ਹਫਤਾਵਾਰੀ ਦਿਵਾਨ ਵਿੱਚ ਕਥਾ ਕੀਰਤਨ ਤੋਂ ਇਲਾਵਾ ਹਫਤੇ ਵਿੱਚ ਦੋ ਵਾਰ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਰਾਹੀਂ ਸੰਗਤ ਨੂੰ ਗੁਰਮਤ ਨਾਲ ਜੋੜਨ ਦੇ ਨਾਲ ਸਿੱਖੀ ਦਾ ਤੇ ਗੁਰਬਾਣੀ ਦਾ ਗਿਆਨ ਵੀ ਦਿੰਦੇ ਰਹੇ। ਗੁਰੂ ਘਰ ਹਾਜ਼ਰੀ ਲਾਉਣ ਵਾਲੀਆਂ ਸੰਗਤਾਂ ਨੇ ਭਾਈ ਸਾਹਿਬ ਜੀ ਵਲੋਂ ਕੀਰਤਨ ਤੇ ਕਥਾ ਦੀ ਨਿਭਾਈ ਸੇਵਾ ਦੀ ਸ਼ਲਾਘਾ ਕੀਤੀ।
ਗੁਰਦਵਾਰਾ ਸਾਹਿਬ ਹੇਸਟਿੰਗਜ ਵਿਖੇ ਭਾਰਤ ਤੋਂ ਆ ਰਹੇ ਨਵੇਂ ਜਥੇ ਦੇ ਆਉਣ ਵਿੱਚ ਕੁਝ ਦੇਰੀ ਹੋਣ ਕਾਰਣ ਭਾਈ ਜਸਵਿੰਦਰ ਸਿੰਘ ਸ਼ਾਤ ਦਾ ਕਵੀਸ਼ਰੀ ਜਥਾ ਕੁਝ ਸਮੇਂ ਲਈ ਹੇਸਟਿੰਗਜ ਗੁਰੂ ਘਰ ਵਿਖੇ ਸੇਵਾ ਨਿਭਾਏਗਾ। ਪ੍ਰਬੰਧਕ ਕਮੇਟੀ ਵਲੋਂ ਕਵੀਸ਼ਰੀ ਜਥੇ ਦੇ ਨਾਲ ਸੁਪਰੀਮ ਸਿੱਖ ਸੁਸਾਇਟੀ ਅਤੇ ਟੌਰੰਗਾ ਸਿੱਖ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।