ਅੰਨਾ ਹਜ਼ਾਰੇ ਨੇ ਅਫਸੋਸ ਪ੍ਰਗਟਾਇਆ

ਨਵੀਂ ਦਿੱਲੀ – ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੇ ਲੋਕਪਾਲ ਬਿੱਲ ਪਾਸ ਕਰਵਾਉਣ ਲਈ ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਭੁੱਖ ਕੀਤੀ। ਅੰਨਾ ਹਜ਼ਾਰੇ ਨੇ ਆਪਣੇ ਹਮਾਇਤੀਆਂ ਵਲੋਂ ਮੀਡੀਆ ‘ਤੇ ਕੀਤੇ ਗਏ ਹਮਲੇ ‘ਤੇ ਅਫਸੋਸ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਮੁੜ ਤੋਂ ਹਿੰਸਾ ਕੀਤੀ ਤਾਂ ਉਹ ਆਪਣਾ ਮਰਨ ਵਰਤ ਖਤਮ ਕਰ ਦੇਣਗੇ। ਭੁੱਖ ਹੜਤਾਲ ‘ਤੇ ਬੈਠੇ ਹੋਏ ਟੀਮ ਅੰਨਾ ਦੇ ਇਕ ਮੈਂਬਰ ਅਰਵਿੰਦ ਕੇਜਰੀਵਾਲ ਨੇ ਵੀ ਮੀਡੀਆ ਨਾਲ ਮਾੜੇ ਵਰਤਾਓ ਦੀ ਘਟਨਾ ਲਈ ਮੁਆਫੀ ਮੰਗੀ ਪਰ ਮੀਡੀਆ ਘਰਾਣਿਆਂ ਦੇ ਮਾਲਕਾਂ ‘ਤੇ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਵੀ ਤੈਅ ਕਰਨਾ ਹੋਵੇਗਾ ਕਿ ਉਹ ਦੇਸ਼ ਨਾਲ ਹਨ ਜਾਂ ਭ੍ਰਿਸ਼ਟ ਲੋਕਾਂ ਨਾਲ। ਅੰਨਾ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਸਟੇਜ ‘ਤੇ ਪਹੁੰਚਣ ਤੋਂ ਪਹਿਲਾਂ ਕੁਝ ਹਮਾਇਤੀਆਂ ਨੇ ਮੀਡੀਆ ਵਿਰੁੱਧ ਨਾਅਰੇਬਾਜ਼ੀ ਕੀਤੀ।
ਅੰਨਾ ਹਜ਼ਾਰੇ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਜੇ ਉਨ੍ਹਾਂ ਹਿੰਸਾ ਕੀਤੀ ਤਾਂ ਸਰਕਾਰ ਸਾਨੂੰ ਦੋ ਦਿਨ ਵਿੱਚ ਕੁਚਲ ਸਕਦੀ ਹੈ । ਸਰਕਾਰ ਕੋਲ ਇੰਝ ਕਰਨ ਲਈ ਤਾਕਤ ਤੇ ਕਾਨੂੰਨ ਦੋਵੇਂ ਹਨ। ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਹੀਂ ਵਾਪਰਨੀ ਚਾਹੀਦੀ। ਮੈਂ ਹਿੰਸਾ ਦੀ ਆਗਿਆ ਨਹੀਂ ਦਿੰਦਾ। ਮੀਡੀਆ ਨੂੰ ਆਪਣਾ ਕੰਮ ਕਰਨ ਦਿਓ। ਉਹ ਕੀ ਕਰਦੇ ਹਨ, ਇਸ ਨੂੰ ਲੈ ਕੇ ਪ੍ਰੇਸ਼ਾਨ ਨਾ ਹੋਵੋ। ਜੇ ਮੀਡੀਆ ਦੀ ਕਵਰੇਜ ਠੀਕ ਨਹੀਂ ਹੈ ਤਾਂ ਮੀਡੀਆ ਨੂੰ ਦੋਸ਼ ਦੇਣ ਦੀ ਬਜਾਏ ਖੁਦ ਦੇਖੋ ਕਿ ਕੀ ਸਮੱਸਿਆ ਹੈ ਜਿਸ ਕਾਰਨ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਮੈਨੂੰ ਮੀਡੀਆ ਨਾਲ ਕੁਝ ਲੋਕਾਂ ਵਲੋਂ  ਮਾੜਾ ਵਰਤਾਓ ਕਰਨ ਦਾ ਅਫਸੋਸ ਹੈ। ਟੀਮ ਅੰਨਾ ਦੇ ਇਕ ਹੋਰ ਮੈਂਬਰ ਮੁਨੀਸ਼ ਸਿਸੋਧੀਆ ਨੇ ਕਿਹਾ ਕਿ ਸਾਡੀ ਲੜਾਈ ਮੀਡੀਆ ਨਾਲ ਨਹੀਂ ਹੈ।  ਅੰਨਾ ਨੇ ਕਿਹਾ ਕਿ ਸਿਆਸਤ ‘ਚੋਂ ਭ੍ਰਿਸ਼ਟਾਚਾਰ  ਖਤਮ ਹੋਣ ਤਕ ਸਾਡਾ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਜਾਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਨਹੀਂ ਕਰਾਂਗਾ। ਸਮਾਂ ਆਉਣ ‘ਤੇ ਪਦਮ ਭੂਸ਼ਣ ਵੀ ਵਾਪਸ ਕਰ ਦਿਆਂਗਾ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਵਿੱਚ ਅੱਜ ਤਕ ਮੇਰੇ ‘ਤੇ ਕੋਈ ਦਾਗ਼ ਨਹੀਂ ਲੱਗਾ। ਜੇ ਸਰਕਾਰ ਮੇਰੇ ਕੋਲ ਆਏਗੀ ਤਾਂ ਦਾਗ਼ ਲੱਗੇਗਾ। ਮੰਤਰੀਆਂ ਨੂੰ ਮੇਰੇ ਕੋਲ ਆਉਣ ਦੀ ਕੋਈ ਲੋੜ ਨਹੀਂ। ਜਦੋਂ ਤਕ ਸਿਆਸਤ ਦੇ ਦਰਿਆ ਸਾਫ ਨਹੀਂ ਹੋ ਜਾਂਦੇ, ਮੇਰਾ ਅੰਦੋਲਨ ਚਲਦਾ ਰਹੇਗਾ। ਮੈਂ ਪਦਮਸ਼੍ਰੀ ਵਾਪਸ ਕਰ ਚੁੱਕਾ ਹਾਂ ਤੇ ਹੁਣ ਪਦਮ ਭੂਸ਼ਣ ਵੀ ਵਾਪਸ ਕਰ ਦੇਵਾਂਗਾ।