ਆਕਲੈਂਡ, 13 ਸਤੰਬਰ – ਆਕਲੈਂਡ ਦੇ ਸੀਬੀਡੀ ਵਿੱਚ ਫ਼ਲਸਤੀਨ ਪੱਖੀ ਹਜ਼ਾਰਾਂ ਹਮਾਇਤੀਆਂ ਨੇ ‘ਮਾਰਚ ਫ਼ਾਰ ਹਿਊਮੈਨਿਟੀ’ ਦੇ ਨਾਂਅ ਹੇਠ ਰੋਸ ਮਾਰਚ ਕੱਢਿਆ। ਜਿਸ ‘ਚ ਲਗਭਗ 20,000 ਲੋਕਾਂ ਨੇ ਹਿੱਸਾ ਲਿਆ। ਇਸ ਰੋਸ ਮਾਰਚ ਦੌਰਾਨ ਨਿਊਜ਼ੀਲੈਂਡ ਸਰਕਾਰ ਤੋਂ ਇਜ਼ਰਾਈਲ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ। ਇਹ ਮਾਰਚ 13 ਸਤੰਬਰ ਦਿਨ ਸ਼ਨੀਵਾਰ ਸਵੇਰੇ ਆਓਟੀਆ ਸਕੁਏਅਰ ਤੋਂ ਸ਼ੁਰੂ ਹੋਇਆ ਅਤੇ ਦੁਪਹਿਰ ਨੂੰ ਵਿਕਟੋਰੀਆ ਪਾਰਕ ਵਿੱਚ ਸਮਾਪਤ ਹੋਇਆ।
ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚੋਂ ਲੰਘਦੇ ਹੋਏ ਫ਼ਲਸਤੀਨ ਦੇ ਝੰਡੇ ਲਹਿਰਾਏ ਅਤੇ ਤਖ਼ਤੀਆਂ ਤੇ ਬੈਨਰਾਂ ‘ਤੇ ਨਸਲਕੁਸ਼ੀ ਨੂੰ ਆਮ ਨਾ ਕਰੋ ਅਤੇ ਫ਼ਲਸਤੀਨ ਦੇ ਨਾਲ ਖੜ੍ਹੇ ਹੋਵੋ ਦੇ ਨਾਅਰੇ ਲਿਖੇ ਹੋਏ ਸਨ।
ਪ੍ਰਦਰਸ਼ਨਕਾਰੀਆਂ ਵੱਲੋਂ ਹਾਲਾਂਕਿ ਸ਼ੁਰੂ ਵਿੱਚ ਆਕਲੈਂਡ ਹਾਰਬਰ ਬ੍ਰਿਜ ਦੇ ਪਾਰ ਜਾਣ ਦਾ ਇਰਾਦਾ ਸੀ, ਪਰ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕਾਰਨ ਉਹ ਯੋਜਨਾ ਰੱਦ ਕਰ ਦਿੱਤੀ ਗਈ ਸੀ। ਮੈਟ ਸਰਵਿਸ ਨੇ ਕਿਹਾ ਕਿ ਮਾਰਚ ਦੇ ਸਮੇਂ ਪੁਲ ‘ਤੇ ਹਵਾ ਦੇ ਰਫ਼ਤਾਰ 70 ਕਿੱਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਸੀ।
ਫ਼ਲਸਤੀਨ ਲਈ ਓਟੇਰੋਆ ਦੇ ਬੁਲਾਰੇ ਨਦੀਨ ਮੋਰਤਾਜਾ ਨੇ ਕਿਹਾ ਕਿ ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਫ਼ਲਸਤੀਨ ਲਈ ਸਭ ਤੋਂ ਵੱਡਾ ਮਾਰਚ ਹੋਵੇਗਾ। ਨਿਊਜ਼ੀਲੈਂਡ ਦੀ ਕਾਰਵਾਈ ਕਰਨ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਹੁਣ ਇਜ਼ਰਾਈਲ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹਨ। ਬੁਲਾਰੇ ਨੇ ਗਾਜ਼ਾ ਵਿੱਚ ਅਕਾਲ ਅਤੇ ਯੁੱਧ ਨਾਲ ਪੈਦਾ ਹੋਈ ਮਨੁੱਖੀ ਸਥਿਤੀ ਬਾਰੇ ਵੀ ਗੱਲ ਕੀਤੀ।
Home Page ਆਕਲੈਂਡ ‘ਚ ਫ਼ਲਸਤੀਨ ਪੱਖੀ ਹਜ਼ਾਰਾਂ ਹਮਾਇਤੀਆਂ ਨੇ ਰੋਸ ਮਾਰਚ ਕੱਢਿਆ







