ਗੁਰਪੁਰਬਾਂ ਮੌਕੇ ਅਨੁਸ਼ਾਸਨੀ ਸੁਧਾਰਾਂ ਨੂੰ ਦਿੱਲੀ ਕਮੇਟੀ ਜਾਰੀ ਰੱਖੇਗੀ – ਜੀ. ਕੇ.

DSC_0008DSC_0084ਨਵੀਂ ਦਿੱਲੀ – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਪੁਰਬਾਂ ਦੌਰਾਨ ਅਨੁਸ਼ਾਸਨੀ ਸੁਧਾਰਾਂ ਨੂੰ ਜਾਰੀ ਰੱਖਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਵੱਲੋਂ 28 ਦਸੰਬਰ ਨੂੰ ਮਨਾਉਣ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗਮਈ ਬਾਣੀ ਦਾ ਗਾਇਣ ਕਰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੇ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ ਗਈ। ਸ਼੍ਰੋਮਣੀ….. ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਿਸੇ ਧਰਮ ਖ਼ਿਲਾਫ਼ ਕਰਾਰ ਨਾ ਦਿੰਦੇ ਹੋਏ ਕੁੱਝ ਮਤਲਬ ਪਰਸਤ ਦਿਖਾਵਟੀ ਧਾਰਮਿਕ ਲੋਕਾਂ ਦੀ ਜ਼ਿੱਦ ਨੂੰ ਠੱਲ੍ਹ ਪਾਉਣ ਦਾ ਪ੍ਰਤੀਕ ਦੱਸਿਆ।
ਜੀ.ਕੇ. ਨੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਕੋਮ ਨੂੰ ਵਿਰਾਸਤ ਵਿੱਚ ਮਿਲੀ ਤਿਆਗ, ਗ਼ੈਰਤ ਅਤੇ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਦੱਸਦੇ ਹੋਏ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਆਜ਼ਾਦੀ ਦਾ ਮੁੱਢ ਵੀ ਦੱਸਿਆ। ਭਾਈ ਬਿਧੀ ਚੰਦ ਵੱਲੋਂ ਗੁਰੂ ਸਾਹਿਬ ਬਾਰੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਪੁੱਛੇ ਗਏ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਮਜ਼ਲੂਮਾਂ ਦੀ ਰੱਖਿਆ ਅਤੇ ਦੂਜਿਆਂ ਦੇ ਹੱਕਾਂ ਲਈ ਪਹਿਰਾ ਦੇਣ ਵਾਲਾ ਮਹਾਂਪੁਰਸ਼ ਵੀ ਦੱਸਿਆ। ਪੰਡਿਤ ਕ੍ਰਿਪਾ ਰਾਮ ਜੀ ਦੇ ਵੰਸ਼ਜਾਂ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਬਠਿੰਡਾ ਤੋਂ ਰਿਣ ਉਤਾਰ ਯਾਤਰਾ ਲਿਆ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਸਜਦਾ ਕਰਨ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਦਾਅਵਾ ਕੀਤਾ ਕਿ ਧਰਮਾਂ ਦੇ ਠੇਕੇਦਾਰ ਸਾਡੇ ਵਿੱਚ ਦੀਵਾਰਾਂ ਖੜ੍ਹੀਆਂ ਕਰਦੇ ਹਨ ਜਿਸ ਤੋਂ ਸਾਨੂੰ ਸੁਚੇਤ ਰਹਿ ਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਦੀਵਾਰ ਨੂੰ ਢਹਾਉਣ ਤੋਂ ਰੋਕਣ ਵਾਸਤੇ ਭਾਈ ਰਣਧੀਰ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰੂ ਸਾਹਿਬ ਨੂੰ ਕੈਦ ਰੱਖਣ ਦੀ ਪ੍ਰਤੀਕ ਚਾਂਦਨੀ ਚੌਂਕ ਦੀ ਕੋਤਵਾਲੀ ਸਣੇ ਦਿੱਲੀ ਦੀ ਸੰਗਤ ਵੱਲੋਂ ਗੁਰਧਾਮਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਵਿਸਥਾਰ ਲਈ ਲਾਏ ਗਏ ਮੋਰਚਿਆਂ ਨੂੰ ਵੀ ਉਨ੍ਹਾਂ ਨੇ ਇਸ ਮੌਕੇ ਯਾਦ ਕੀਤਾ। ਸਫ਼ਾਈ ਨੂੰ ਕਰੜਾਈ ਨਾਲ ਲਾਗੂ ਕਰਨ ਅਤੇ ਐਮਰਜੰਸੀ ਸੇਵਾਵਾਂ ਫਾਇਰ ਬ੍ਰਿਗੇਡ, ਐਂਬੂਲੈਂਸ ਆਦਿਕ ਦੀ ਨਗਰ ਕੀਰਤਨ ਤੇ ਗੁਰਮਤਿ ਸਮਾਗਮਾਂ ਦੌਰਾਨ ਕੀਤੀ ਗਈ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਜੀ. ਕੇ. ਨੇ ਸਮੁੱਚੀ ਕੋਮ ਨੂੰ ਨਗਰ ਕੀਰਤਨ, ਲੰਗਰ ਸਟਾਲ ਦੌਰਾਨ ਲੰਗਰ ਛਕਦੇ ਹੋਏ ਸਫ਼ਾਈ ਦਾ ਖ਼ਾਸ ਖਿਆਲ ਰੱਖਣ ਤੇ ਐਮਰਜੰਸੀ ਸੇਵਾਵਾਂ ਅਤੇ ਸਕੂਲੀ ਬੱਚਿਆਂ ਨੂੰ ਖੁੱਲ੍ਹਾ ਰਾਹ ਦੇਣ ਦਾ ਵੀ ਸੱਦਾ ਦਿੱਤਾ। ਕਮੇਟੀ ਵੱਲੋਂ ਇਨ੍ਹਾਂ ਮਸਲਿਆਂ ਉੱਤੇ ਲਾਗੂ ਕੀਤੇ ਗਏ ਅਨੁਸ਼ਾਸਨੀ ਸੁਧਾਰਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਇਨ੍ਹਾਂ ਸੁਧਾਰਾਂ ਕਾਰਨ ਸਿੱਖ ਧਰਮ ਦੀ ਖ਼ੁਸ਼ਬੂ ਨੂੰ ਦੂਜੇ ਧਰਮਾਂ ਦੇ ਲੋਕਾਂ ਤੱਕ ਪੁੱਜਣ ਦਾ ਵੀ ਜਰੀਆ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ੨੮ ਦਸੰਬਰ ਨੂੰ ਨਗਰ ਕੀਰਤਨ ਅਤੇ ੨੯ ਦਸੰਬਰ ਨੂੰ ਦੀਵਾਨ ਸਜਾਉਣ ਦੀ ਜਾਣਕਾਰੀ ਵੀ ਜੀ. ਕੇ. ਨੇ ਇਸ ਮੌਕੇ ਸੰਗਤਾਂ ਨਾਲ ਸਾਂਝੀ ਕੀਤੀ। ਗੁਰੂ ਤੇਗ ਬਹਾਦਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੁੜਗਾਉਂ ਵੱਲੋਂ ਜਰਮਨ ਭਾਸ਼ਾ ਵਿੱਚ ਛਾਪੀ ਗਈ ਗੁਰੂ ਸਾਹਿਬ ਦੇ ਇਤਿਹਾਸ ਦੀ ਕਿਤਾਬ ਦੀ ਪਹਿਲੀ ਕਾਪੀ ਜੀ. ਕੇ. ਨੇ ਭਾਈ ਪਿੰਦਰਪਾਲ ਸਿੰਘ ਜੀ ਨੂੰ ਭੇਟ ਕੀਤੀ। ਇੱਥੇ ਇਹ ਜ਼ਿਕਰਯੋਗ ਹੈ ਕਿ ਉਕਤ ਟਰੱਸਟ ਵੱਲੋਂ ਇਹ ਕਿਤਾਬ ਪਹਿਲੇ ਹਿੰਦੀ, ਅੰਗਰੇਜ਼ੀ, ਪੰਜਾਬੀ, ਗੁਜਰਾਤੀ ਅਤੇ ਤੇਲਗੂ ਭਾਸ਼ਾ ਵਿੱਚ ਵੀ ਜਾਰੀ ਕੀਤੀ ਜਾ ਚੁੱਕੀ ਹੈ। ਭਾਈ ਗੁਰਦਿੱਤ ਸਿੰਘ ਹੈਦਰਾਬਾਦ ਵੱਲੋਂ ਤਿਆਰ ਕੀਤੀ ਗਈ ਗੁਰਬਾਣੀ ਸੀਡੀ ਤਿਲਕ ਜੰਞੂ ਰਾਖਾ ਪ੍ਰਭ ਤਾਕਾ ਨੂੰ ਵੀ ਇਸ ਮੌਕੇ ਉਨ੍ਹਾਂ ਨੇ ਜਾਰੀ ਕੀਤਾ।