‘ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ’ ਪੁਸਤਕ ਗਿਆਨ ਦਾ ਖ਼ਜ਼ਾਨਾ

ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072, E-mail: ujagarsingh48@yahoo.com

ਡਾ. ਸਤਿੰਦਰ ਪਾਲ ਸਿੰਘ ਗੁਰਬਾਣੀ ਦਾ ਗਿਆਤਾ, ਵਿਸ਼ਲੇਸ਼ਣਕਾਰ, ਚਿੰਤਕ ਤੇ ਸਮਰੱਥ ਵਿਦਵਾਨ ਹੈ। ਉਸ ਨੇ ਗੁਰਬਾਣੀ ਦੀ ਵਿਚਾਰਧਾਰਾ ਦਾ ਅਧਿਐਨ ਕੀਤਾ ਹੋਇਆ ਹੈ। ਉਸ ਨੂੰ ਗੁਰਮਤਿ ਤੇ ਗੁਰਬਾਣੀ ਨਾਲ ਅਥਾਹ ਪ੍ਰੇਮ ਹੈ, ਇਸ ਲਈ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਗੁਰਬਾਣੀ ਦੀ ਵਿਚਾਰਧਾਰਾ ਨਾਲ ਓਤਪੋਤ ਹੁੰਦੀਆਂ ਹਨ। ਪੜਚੋਲ ਅਧੀਨ ਉਸ ਦੀ ਪੁਸਤਕ ‘ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ’ ਵੀ ਸੁਚੱਜਾ ਜੀਵਨ ਜਿਓਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਸਾਰੰਸ਼ ਹਨ। ਉਸਨੇ ਇਸ ਪੁਸਤਕ ਵਿੱਚ ਪੰਜ ਲੇਖ ‘ਗੁਰੂ ਨਾਨਕ ਸਾਹਿਬ ਦਾ ਮਿਸ਼ਨ’, ‘ਗੁਰੂ ਨਾਨਕ ਸਾਹਿਬ ਦੀ ਬਾਣੀ’, ‘ਸੁਣਿ ਸੁਣਿ ਸਿਖ ਹਮਾਰੀ’, ‘ਹਿਦਾਇਤਾਂ ਦਾ ਅੰਮ੍ਰਿਤ ਕਲਸ਼’ ਅਤੇ ‘ਗੁਰੂ ਨਾਨਕ ਸਾਹਿਬ ਦਾ ਰਿਨ’ ਦਿੱਤੇ ਹਨ, ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਦਿੱਤੀ ਅਗਵਾਈ ਨਾਲ ਸੰਬੰਧਤ ਹਨ ਤਾਂ ਜੋ ਉਹ ਆਪਣਾ ਸੁਖਮਈ ਜੀਵਨ ਸਾਰਥਿਕ ਤਰੀਕੇ ਨਾਲ ਬਸਰ ਕਰ ਸਕਣ। ਇਹ ਸਾਰੇ ਲੇਖ ਇੱਕ ਦੂਜੇ ਨਾਲ ਇੱਕਮਿਕ ਹਨ। ਪਹਿਲਾ ਲੇਖ ‘ਗੁਰੂ ਨਾਨਕ ਸਾਹਿਬ ਦਾ ਮਿਸ਼ਨ’ ਹੈ, ਜਿਸ ਵਿੱਚ ਉਨ੍ਹਾਂ ਨੇ ਗੁਰੂ ਸਾਹਿਬ ਦਾ ਮਾਨਵਤਾ ਦੀ ਭਲਾਈ ਲਈ ਜਿਹੜਾ ਮਿਸ਼ਨ ਸੀ, ਉਸ ਬਾਰੇ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਕੇ ਸਾਬਤ ਕੀਤਾ ਹੈ ਕਿ ਉਹ ਸਰਬੱਤ ਦੇ ਭਲੇ ਦੇ ਮਿਸ਼ਨ ਨਾਲ ਲੋਕਾਈ ਨੂੰ ਸਿੱਧੇ ਰਸਤੇ ਪਾ ਰਹੇ ਸਨ। ਉਦਾਹਰਣਾ ਸਾਧਾਰਨ ਰੋਜ਼ਾਨਾ ਜੀਵਨ ਵਿੱਚੋਂ ਦਿੱਤੀਆਂ ਹਨ। ਇਸ ਲੇਖ ਵਿੱਚ ਸੁਦ੍ਰਿੜ੍ਹ ਲੇਖਕ ਨੇ ਸਰਬੱਤ ਦੇ ਭਲੇ ਲਈ ਬਰਾਬਰਤਾ, ਇਨਸਾਫ਼ ਦੀ ਵਕਾਲਤ, ਜਾਤਪਾਤ, ਵਹਿਮ ਭਰਮ, ਧਾਰਮਿਕ ਕੁਰੈਹਤਾਂ ਨੂੰ ਦੂਰ ਕਰਨ ਅਤੇ ਜ਼ਬਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਬਾਰੇ ਜਾਣਕਾਰੀ ਦਿੱਤੀ ਹੈ, ਕਿਉਂਕਿ ਉਸ ਸਮੇਂ ਲੋਕਾਈ ਧਾਰਮਿਕ ਆਡੰਬਰਾਂ ਅਤੇ ਵਹਿਮਾ ਭਰਮਾ ਦੀ ਜਕੜ ਵਿੱਚ ਫਸੀ ਹੋਈ ਸੀ। ਲੋਕ ਲਾਲਚ, ਫਰੇਬ, ਧੋਖੇ, ਹੰਕਾਰ, ਝੂਠ ਊਚ ਨੀਚ ਵਿੱਚ ਗ੍ਰਸਤ ਸਨ। ਇਸ ਲਈ ਗੁਰੂ ਸਾਹਿਬ ਨੇ ਲੋਕਾਈ ਦੇ ਸੁਖਮਈ ਜੀਵਨ ਬਤੀਤ ਕਰਨ ਦੇ ਸੌਖੇ ਢੰਗ ਤਰੀਕਿਆਂ ਦੀ ਜਾਣਕਾਰੀ ਤੇ ਪ੍ਰੇਮ ਭਗਤੀ ਵਿੱਚ ਮਗਨ ਹੋਣ ਦੀ ਪ੍ਰੇਰਨਾ ਦਿੱਤੀ। ਸੰਗਤ ਤੇ ਪੰਗਤ ਰਾਹੀਂ ਜਾਤਪਾਤ ਤੇ ਊਚ ਨੀਚ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਕਰਮ ਕਾਂਡ ਅਤੇ ਵਹਿਮ-ਭਰਮ ਲੋਕਾਈ ਦਾ ਭਲਾ ਨਹੀਂ ਕਰ ਸਕਦੇ, ਉਨ੍ਹਾਂ ਸੰਬਾਦ ਦਾ ਢੰਗ ਵੀ ਅਪਣਾਇਆ। ਬਰਾਬਰਤਾ ਦਾ ਸੰਦੇਸ਼ ਦੇਣ ਲਈ ਗੁਰੂ ਸਾਹਿਬ ਨੇ ਉਚਾਰਿਆ:
ਰਾਣਾ ਰੰਕੁ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।
ਗੁਰੂ ਸਾਹਿਬ ਨੇ ਦੱਸਿਆ ਜੀਵਾਂ ਦੇ ਕੀਤੇ ਕਰਮਾ ਅਨੁਸਾਰ ਹੀ ਯੁਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖ ਸੰਸਾਰਕ ਪਦਾਰਥਾਂ ਰੂਪ, ਰਸ, ਗੰਧ, ਬਲ ਵਿੱਚ ਨਹੀਂ ਸਗੋਂ ਚੰਗੇ ਕੰਮ ਕਰਨ ਨਾਲ ਪਰਮਾਤਮਾ ਦੀ ਕਿਰਪਾ ਵਿੱਚ ਹੈ। ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਲਈ ਜੀਵਨ ਜਾਚ ਦੱਸੀ ਹੈ। ਦੂਜਾ ਲੇਖ ‘ਗੁਰੂ ਨਾਨਕ ਦੀ ਬਾਣੀ’ ਦੇ ਸਿਰਲੇਖ ਵਾਲਾ ਹੈ, ਜਿਸ ਵਿੱਚ ਲੇਖਕ ਨੇ ਗੁਰੂ ਸਾਹਿਬ ਦਾ ਗੁਰਬਾਣੀ ਰਾਹੀਂ ਸਮਾਜ ਨੂੰ ਗਿਆਨ ਵੰਡਣ ਦੇ ਮੰਤਵ ਬਾਰੇ ਦੱਸਿਆ ਹੈ। ਗੁਰਬਾਣੀ ਰਾਹੀਂ ਸਮਾਜਿਕ ਸੋਚ ਨੂੰ ਨਵੀਂ ਦਿਸ਼ਾ ਦੇ ਕੇ ਨਵੇਂ ਰਾਹ ‘ਤੇ ਤੋਰਨਾ ਵੀ ਹੈ। ਗੁਰੂ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 974 ਸ਼ਬਦ ਦਰਜ ਹਨ। ਉਨ੍ਹਾਂ ਆਪਣੀ ਬਾਣੀ ਇੱਕ ਪੋਥੀ ਵਿੱਚ ਲਿਖ ਕੇ ਸਾਂਭ ਲਈ ਸੀ। ਇਹ ਬਾਣੀ ਕਈ ਰੂਪਾਂ ਵਿੱਚ ਹੈ। ਬਹੁਪੱਖੀ ਤੇ ਸਮਾਜਿਕ ਸਰੋਕਾਰਾਂ ਵਾਲੀ ਹੈ। ਆਸਾ ਦੀ ਵਾਰ ਆਤਮ ਚੇਤਨਾ ਦੀ ਖ਼ੁਰਾਕ ਹੈ, ਗੁਰਬਾਣੀ/ਪਰਮਾਤਮਾ ਗ੍ਰਿਹਸਥ ਜੀਵਨ ਦੀ ਹਾਮੀ, ਵਿਗਿਆਨਕ, ਪਰਮਾਤਮਾ ਨਿਰਾਕਾਰ, ਸਰਵ ਸ੍ਰੇਸ਼ਟ, ਹਰ ਥਾਂ ਮੌਜੂਦ, ਸ੍ਰਿਸ਼ਟੀ ਦੇ ਕਣ-ਕਣ ਵਿੱਚ, ਸਿਰਜਕ, ਸਾਰੇ ਧਰਮ-ਕਰਮ ਵਿੱਚ, ਗੁਣਾਂ ਦਾ ਸਾਗਰ, ਸਰਵਉਚ, ਕਿਸੇ ਪ੍ਰਤੀ ਜਵਾਬਦੇਹ ਨਹੀਂ, ਹਰ ਕਾਰਜ ਮਨੁੱਖ ਦੇ ਹਿੱਤ ਲਈ, ਨਿਰਵੈਰ ਅਤੇ ਸੱਚ ਦੀ ਪਛਾਣ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ, ਪਰਮਾਤਮਾ ਭਗਤੀ ਦੇ ਜ਼ਰੀਏ ਮਨੁੱਖ ਦਾ ਜੀਵਨ ਆਨੰਦਮਈ ਕਰਦਾ ਹੈ। ਤੀਜਾ ਲੇਖ ‘ਸੁਣਿ ਸੁਣਿ ਸਿਖ ਹਮਾਰੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਿਤਾ ਪਾਲਿਕ ਦੀ ਤਰ੍ਹਾਂ ਗੁਰਬਾਣੀ ਵਿੱਚ ਸੰਬੋਧਨ ਕਰਦੇ ਹੋਏ ਮਨੁੱਖਤਾ ਨੂੰ ਪਰਮਾਤਮਾ ਨਾਲ ਅਥਾਹ ਪ੍ਰੇਮ ਕਰਨ ਦੀ ਪ੍ਰੇਰਨਾ ਦਿੰਦੇ ਹਨ, ਕਿਉਂਕਿ ਪਰਮਾਤਮਾ ਪ੍ਰੇਮ ਵਿੱਚ ਪੂਰੇ ਬ੍ਰਹਿਮੰਡ ਸ਼ਾਮਲ ਹੈ। ਮਨਮੁੱਖ ਤੋਂ ਗੁਰਮੁੱਖ ਬਣਨ ਦਾ ਰਾਹ ਚੁਣਨਾ ਹੈ। ਜੀਵਨ ਦੀ ਮੁਕਤੀ ਲਈ ਮਨੁੱਖ ਨੂੰ ਖੁਦ ਜਤਨ ਕਰਨੇ ਪੈਣਗੇ। ਜੇਕਰ ਮਨੁੱਖ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚਲੇਗਾ ਤਾਂ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ, ਵਿਕਾਰ ਸ਼ਾਂਤ ਹੋ ਜਾਂਦੇ ਹਨ। ਭਗਤੀ ਤੇ ਕਿਰਪਾ ਸੰਪੂਰਨ ਗਿਆਨ ਬਖ਼ਸ਼ਣ ਵਾਲੀ ਹੈ। ਮਨੁੱਖ ਆਤਮ ਪੜਚੋਲ ਕਰਕੇ ਪਰਮਾਤਮਾ ਨਾਲ ਜੁੜ ਜਾਂਦਾ ਹੈ। ਗੁਰਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਹੁਕਮ ਹੈ, ਜੀਵਨ ਜਿਓਣ ਦੇ ਢੰਗ ਲਈ ਹਿਦਾਇਤ ਹੈ। ਚੌਥਾ ਲੇਖ ‘ਹਿਦਾਇਤਾਂ ਦਾ ਅੰਮ੍ਰਿਤ ਕਲਸ਼’ ਵਿੱਚ ਲੇਖਕ ਨੇ ਵਿਸਤਾਰ ਨਾਲ ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਈ ਨੂੰ ਉਨ੍ਹਾਂ ਦੇ ਸੁਨਹਿਰੀ ਜੀਵਨ ਜਿਓਣ ਲਈ ਹਿਦਾਇਤਾਂ ਦਾ ਵਰਣਨ ਕੀਤਾ ਹੈ। ਡਾ.ਸਤਿੰਦਰਪਾਲ ਸਿੰਘ ਨੇ ਗੁਰਬਾਣੀ ਦੀਆਂ ਉਦਾਹਰਨਾ ਦੇ ਕੇ ਮਾਨਵਤਾ ਨੂੰ ਸੌਖੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਨੇ ਵਿਖਾਵਾ, ਸੁੰਦਰ ਨਾਰੀ, ਸੁਹਣੇ ਤੇ ਵੱਡੇ ਘਰ, ਵਾਸ਼ਨਾਵਾਂ, ਘੁੰਮਡ, ਬਿਹਤਰੀਨ ਆਵਾਜਾਈ ਅਤੇ ਹੋਰ ਮਨ ਨੂੰ ਲੁਭਾਉਣ ਵਾਲੀਆਂ ਵਸਤਾਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ ਹੈ। ਇਨ੍ਹਾਂ ਨਾਲ ਇਨਸਾਨ ਭੁਲੇਖਿਆਂ ਵਿੱਚ ਹੀ ਉਲਝਿਆ ਰਹਿੰਦਾ ਹੈ। ਪਰਮਾਤਮਾ ਦੀ ਭਗਤੀ ਨਾਲ ਇਨ੍ਹਾਂ ਵਸਤਾਂ ਤੋਂ ਖਹਿੜਾ ਛੁਡਾਕੇ ਸਫਲ ਜੀਵਨ ਬਿਤਾਇਆ ਜਾ ਸਕਦਾ ਹੈ। ਵਿਅਕਤੀ ਦਾ ਚੰਗਾ ਕਿਰਦਾਰ ਹੀ ਉਸਦਾ ਬੇੜਾ ਪਾਰ ਕਰ ਸਕਦਾ ਹੈ। ਮੁੱਖ ਤੌਰ ‘ਤੇ ਲੋਕਾਈ ਕੁਝ ਚੀਜ਼ਾਂ ਨੂੰ ਪਾਉਣ ਦੀ ਲਾਲਸਾ ਕਰਕੇ ਆਪਣਾ ਜੀਵਨ ਮੁਸ਼ਕਲਾਂ ਵਿੱਚ ਪਾ ਲੈਂਦਾ ਹੈ, ਜਿਨ੍ਹਾਂ ਵਿੱਚ, ਮੋਹ, ਮਾਇਆ, ਸੁਆਦ, ਸ਼ਿੰਗਾਰ, ਕੀਮਤੀ ਵਸਤਰ, ਸੁੰਦਰ ਨਾਰੀ ਅਤੇ ਰਿਸ਼ਤੇ ਸ਼ਾਮਲ ਹਨ। ਇਹ ਸਾਰੀਆਂ ਵਸਤਾਂ ਨਾਲ ਮਾਨਸਿਕ ਸ਼ਾਂਤੀ ਨਹੀਂ ਮਿਲ ਸਕਦੀ। ਗੁਰਸਿੱਖ ਦਾ ਪੂਰਨ ਸਮਰਪਣ ਤੇ ਭਰੋਸਾ ਗੁਰੂ ਲਈ ਹੋਣਾ ਚਾਹੀਦਾ ਹੈ। ਸੰਸਾਰ ਮਾਇਆ ਦੇ ਵਿਕਾਰਾਂ ਵਿੱਚ ਠੱਗਿਆ ਹੋਇਆ ਹੈ। ਵਿਕਾਰਾਂ ਦਾ ਤਿਆਗ ਕਰਕੇ ਮਨੁੱਖ ਸਹਿਜ, ਸੰਤੋਖ, ਸੰਜਮ ਅਤੇ ਦਇਆ ਜਿਹੇ ਗੁਣ ਧਾਰਨ ਕਰ ਲੈਂਦਾ ਹੈ, ਜੋ ਮੁਕਤੀ ਦਾ ਰਾਹ ਹਨ। ਕਰਮਕਾਂਡੀ ਪ੍ਰਵਿਰਤੀ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੈ। ਨਾਸ਼ਵਾਨ ਵਸਤਾਂ ਦੀ ਖਿੱਚ ਨਹੀਂ ਹੋਣੀ ਚਾਹੀਦੀ। ਗੁਰਸਿੱਖ ਆਪਣਾ ਸ਼ਿੰਗਾਰ ਸ਼ਬਦ ਨਾਲ ਕਰੇ। ਦੁਨਿਆਵੀ ਸ਼ਿੰਗਾਰ ਵਕਤੀ ਤੇ ਬੇਕਾਰ ਹਨ। ਗੁਰਸਿੱਖ ਦਾ ਪਰਮਾਤਮਾ ਨਾਲ ਪਿਆਰ ਗੂੜ੍ਹਾ ਹੋਵੇ ਤੇ ਫਿਰ ਉਹ ਆਪਾ ਨਿਸ਼ਾਵਰ ਕਰਨ ਲਈ ਤਿਆਰ ਰਹੇਗਾ। ਸੰਸਾਰ ਵਿੱਚ ਨਾਮ ਜਪਣ ਤੁਲ ਕੋਈ ਕਰਮ ਨਹੀਂ। ਪਰਮਾਤਮਾ ਦਾ ਭੈਅ ਸਿੱਧੇ ਰਸਤੇ ਪਾਉਂਦਾ ਰਹੇਗਾ। ਮਨੁੱਖੀ ਜੀਵਨ ਅਨਮੋਲ ਹੈ, ਕਰਮਾ ਦੀ ਕਮਾਈ ਨਾਲ ਸਫਲ ਬਣਾਇਆ ਜਾ ਸਕਦਾ ਹੈ। ਸੰਸਾਰਿਕ ਪ੍ਰਾਪਤੀਆਂ ਬੇਕਾਰ ਹਨ। ਧਰਮ ਦੇ ਭੇਖੀਆਂ ਦੇ ਪਖੰਡ ਤੋਂ ਦੂਰ ਰਹਿਣ ਦੀ ਨਸੀਅਤ ਦਿੱਤੀ ਹੈ। ਪਖੰਡੀ ਲੋਕ ਧਰਮੀ ਵੇਸ਼ ਧਾਰਨ ਕਰ ਲੈਂਦੇ ਹਨ। ਦੂਜੇ ਦੀ ਨਿੰਦਿਆ ਤੋਂ ਪ੍ਰਹੇਜ ਕਰੋ। ਪਰਮਾਤਮਾ ਦਾ ਗਿਆਨ ਸੱਚਾ ਗਿਆਨ ਹੈ। ਪੰਜ ਤੱਤਾਂ ਪਵਨ, ਪਾਣੀ, ਅਗਨੀ, ਆਕਾਸ਼ ਤੇ ਧਰਤੀ ਦੀ ਰਚਨਾ ਮੰਨਿਆਂ ਹੈ, ਪ੍ਰੰਤੂ ਇਹ ਨਾਸ਼ਵਾਨ ਸਰੀਰ ਹੈ। ਪਰਮਾਤਮਾ ਦਾ ਨਾਮ ਤੇ ਭਗਤੀ ਹਮੇਸ਼ਾ ਨਾਲ ਰਹਿੰਦੇ ਹਨ। ਗੁਣ ਹੀ ਸੱਚੇ ਸੰਗੀ ਸਾਥੀ ਹੁੰਦੇ ਹਨ। ਸਤਿਗੁਰ ਬਿਨਾ ਜੀਵਨ ਵਿਅਰਥ ਹੁੰਦਾ ਹੈ, ਨਾਮ ਤੇ ਜੀਵਨ ਦਾ ਅਟੁੱਟ ਸੰਬੰਧ ਹੈ। ਸੁੱਖ ਦੀ ਪ੍ਰਾਪਤੀ ਨਾਮ ਸਿਮਰਨ ਨਾਲ ਹੀ ਮਿਲਦੀ ਹੈ। ਗੁਰਸਿੱਖ ਮਨਮਤ ਤੋਂ ਕੋਹਾਂ ਦੂਰ ਹੈ। ਗੁਰਸਿੱਖ ਜਦੋਂ ਗੁਰ ਸ਼ਬਦ ਵਿੱਚ ਮਨ ਇਕਾਗਰ ਕਰਦਾ ਹੈ ਤਾਂ ਉਸਦੀ ਸੁਰਤਿ ਉਚੀ ਉਠ ਜਾਂਦੀ ਹੈ। ਭਗਤੀ ਗੁਰਸਿੱਖ ਲਈ ਵਿਖਾਵਾ ਨਹੀਂ। ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਗੁਰਸਿੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਜਪਣਾ ਹੀ ਸੱਚੀ ਭਗਤੀ ਹੈ। ਪਰਮਾਤਮਾ ਸਤਿ ਹੈ, ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਰੂਪ ਤੇ ਆਵਾਗਮਨ ਤੋਂ ਪਰ੍ਹੇ ਹੈ। ਉਹ ਸ੍ਰਿਸ਼ਟੀ ਦੀ ਹਰ ਰਚਨਾ ਵਿੱਚ ਵਿਦਮਾਨ ਹੈ। ਬਹੁ ਗਿਣਤੀ ਲੋਕ ਇੱਕ ਧਰਮੀ ਨੂੰ ਸਹਿਣ ਨਹੀਂ ਕਰਦੇ। ਇੰਦ੍ਰੀਆਂ ਨੂੰ ਵਸ ਵਿੱਚ ਰੱਖਣਾ ਜ਼ਰੂਰੀ ਹੈ। ਗੁਰੂ ਸਾਹਿਬ ਦੀ ਮੁੱਖ ਹਿਦਾਇਤ ਔਗੁਣਾ ਦਾ ਤਿਆਗ ਕਰਕੇ ਸਮੁੱਚੀ ਮਨੁੱਖਤਾ ਦਾ ਭਲਾ ਸੋਚਣਾ ਹੈ। ਭਲਾਈ ਅੰਮ੍ਰਿਤ ਹੈ, ਮੋਹ ਮਾਇਆ ਦਾ ਜੰਜਾਲ ਖ਼ਤਰਨਾਕ ਹੈ। ਅਗਿਆਨੀ ਅਨਮੋਲ ਜੀਵਨ ਭੋਗ ਵਿਲਾਸ, ਸੰਸਾਰਕ ਰਸਾਂ ਵਿੱਚ ਬਤੀਤ ਕਰ ਦਿੰਦੇ ਹਨ। ਤਾਕਤ, ਸੱਤਾ, ਦੌਲਤ, ਸਰੀਰਕ ਸੁੰਦਰਤਾ, ਉਚੀ ਜ਼ਾਤ ਅਤੇ ਜਵਾਨੀ ਪੰਜ ਠੱਗ ਹਨ, ਜਿਹੜੇ ਹਰ ਮਨੁੱਖ ਨੂੰ ਭਰਮ ਵਿੱਚ ਪਾ ਦਿੰਦੇ ਹਨ। ਗੁਰੂ ਸਾਹਿਬ ਨੇ ਕੂੜ ਤੋਂ ਬਚਾਇਆ ਹੈ, ਸੁਚੇਤ ਰਹਿਣ ਅਤੇ ਜੀਵਨ ਜਾਚ ਦੱਸੀ ਹੈ। ਗੁਰੂ ਨਾਨਕ ਨੇ ਪਰਮਾਤਮਾ ਦੀ ਨਦਰਿ ਪ੍ਰਾਪਤ ਕਰਨ ਲਈ ਗੁਰਸਿੱਖ ਦੀ ਭਗਤੀ ਦੇ ਤਿੰਨ ਪੱਧਰ ਦੱਸੇ ‘‘ ਗਾਵੀਐ ਸੁਣੀਐ ਮਨਿ ਰਖੀਐ ਭਾਊ॥’’ ਆਖ਼ਰੀ ਪੰਜਵਾਂ ਲੇਖ ‘ਗੁਰੁ ਨਾਨਕ ਸਾਹਿਬ ਦਾ ਰਿਨ’ ਹੈ ਜਿਸ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਨੇ ਆਪਣੀਆਂ ਹਿਦਾਇਤਾਂ ਰਾਹੀਂ ਲੋਕਾਈ ਦਾ ਭਲਾ ਕਰਕੇ ਉਨ੍ਹਾਂ ਨੂੰ ਆਵਾਗਮਨ ਦੇ ਰਸਤੇ ਵਿੱਚੋਂ ਕੱਢਕੇ ਸਿੱਧੇ ਰਸਤੇ ਪਾ ਕੇ ਉਨ੍ਹਾਂ ਦਾ ਜੀਵਨ ਸਫਲ ਕਰ ਦਿੱਤਾ ਹੈ। ਇਹ ਸਾਰਾ ਕੁਝ ਪਰਮਾਤਮਾ ਦੇ ਹੁਕਮ ਨਾਲ ਹੀ ਸੰਭਵ ਹੋ ਸਕਿਆ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ।
150 ਪੰਨਿਆਂ, 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ.ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।