ਚੋਹਲਾ ਸਾਹਿਬ ਵਿਖੇ ਬਾਬਾ ਭਾਈ ਅਦਲੀ ਜੀ ਦਾ ਮਨਾਇਆ ਗਿਆ ਸਾਲਾਨਾ ਜੋੜ ਮੇਲਾ

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੂੰ ਕੀਤਾ ਸਨਮਾਨਿਤ
ਤਰਨਤਾਰਨ, 26 ਜੂਨ – ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਕ ਪਿੰਡ ਚੋਹਲਾ ਸਾਹਿਬ ਵਿਖੇ ਮਹਾਨ ਤਪੱਸਵੀ ਬਾਬਾ ਭਾਈ ਅਦਲੀ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਤਰਨਾ ਦਲ ਨਿਹੰਗ ਜਥੇਬੰਦੀ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਮੁੱਖੀ ਬਾਬਾ ਜੋਗਾ ਸਿੰਘ ਦੀ ਦੇਖ ਰੇਖ ਹੇਠ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਲਗਭਗ ਤਿੰਨ ਚਾਰ ਦਰਜਨਾ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਵੇਰ ਤੋਂ ਸ਼ਾਮ ਤੱਕ ਧਾਰਮਿਕ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਵਿੱਚ ਵੱਖ ਵੱਖ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਤੋਂ ਇਲਾਵਾ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਬਾਬਾ ਭਾਈ ਅਦਲੀ ਸਾਹਿਬ ਜੀ ਦੇ ਜੀਵਨ ‘ਤੇ ਕਥਾ ਕਰਕੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਬਾਬਾ ਭਾਈ ਅਦਲੀ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਚੋਰੀਆਂ ਕਰਨ ਤੋਂ ਵਰਜਕੇ ਪੰਚਮ ਪਾਤਸ਼ਾਹ ਜੀ ਦਾ ਸਿੱਖ ਬਣਾਇਆ ਤੇ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਦੀਆਂ ਸੇਵਾਵਾਂ ਤੋਂ ਖੁਸ਼ ਹੋਕੇ ਸਿੱਖ ਧਰਮ ‘ਚ ਪਹਿਲੇ ‘ਬਹਾਦਰ’ ਹੋਣ ਦਾ ਖਿਤਾਬ ਅਤੇ ‘ਬਿਧੀ ਚੰਦ ਛੀਨਾ ਗੁਰੂ ਕਾ ਸੀਨਾ’ ਦਾ ਵਰ ਦਿੱਤਾ।
ਤਰਨਾ ਦਲ ਦੇ ਮੁੱਖੀ ਬਾਬਾ ਜੋਗਾ ਸਿੰਘ, ਗੁ: ਸਾਹਿਬ ਦੇ ਪ੍ਰਬੰਧਕਾਂ ਬਾਬਾ ਭੁਪਿੰਦਰ ਸਿੰਘ, ਬਾਬਾ ਭਾਗ ਸਿੰਘ ਅਤੇ ਪਿੰਡ ਰੱਤੋਕੇ ਛਬੀਲ ਦੇ ਸੇਵਾਦਾਰਾਂ ਵਲੋਂ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁ: ਸਾਹਿਬ ਵਿਖੇ ਸਵੇਰੇ ਤੋਂ ਸ਼ਾਮ ਤੱਕ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਪ੍ਰਵਾਹ ਚਲਦੇ ਰਹੇ।