ਚੌਟਾਲਾ ਪਿਓ-ਪੁੱਤ ਨੂੰ 10-10 ਸਾਲ ਦੀ ਸਜਾ

ਨਵੀਂ ਦਿੱਲੀ – ਇੱਥੇ ਸੀ. ਬੀ. ਆਈ ਦੇ ਵਿਸ਼ੇਸ਼ ਜੱਜ ਵਿਨੋਦ ਕੁਮਾਰ ਨੇ 22 ਜਨਵਰੀ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ 78 ਸਾਲਾ ਮੁਖੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਪੁੱਤਰ 51 ਸਾਲਾ ਅਜੇ ਚੌਟਾਲਾ ਅਤੇ 53 ਹੋਰਨਾਂ ਨੂੰ ਸੰਨ 2000 ਵਿੱਚ ਹਰਿਆਣਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ 3206 ਜੇ. ਬੀ. ਟੀ. ਅਧਿਆਪਕ ਭਰਤੀ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਚੌਟਾਲਾ ਪਿਓ-ਪੁੱਤ ਨੂੰ 10-10 ਸਾਲਾ ਕੈਦ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਇਨ੍ਹਾਂ ‘ਤੇ ਦੋਸ਼ ਤਹਿ ਕੀਤੇ ਗਏ ਸਨ।
ਸ੍ਰੀ ਚੌਟਾਲਾ ਨੂੰ ਸਜ਼ਾ ਸੁਣਾਏ ਜਾਣ ਤੋਂ ਗੁੱਸੇ ਵਿੱਚ ਆਏ ਉਨ੍ਹਾਂ ਦੇ ਸੈਂਕੜੇ ਹਮਾਇਤੀਆਂ ਨੇ ਰੋਹਣੀ ਕੋਰਟ ਕੰਪਲੈਕਸ ਦੇ ਬਾਹਰ ਹਿੰਸਾ ਕੀਤੀ ਅਤੇ ਪੁਲਿਸ ਨੇ ਉਨ੍ਹਾਂ ‘ਤੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀ-ਚਾਰਜ ਵੀ ਕੀਤਾ। ਸੀ. ਬੀ. ਆਈ ਦੇ ਵਿਸ਼ੇਸ਼ ਜੱਜ ਨੇ ਸ੍ਰੀ ਚੌਟਾਲਾ ਅਤੇ ਅਜੇ ਚੌਟਾਲਾ ‘ਤੇ ਚੋਣ ਲੜਨ ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਸ੍ਰੀ ਓਮ ਪ੍ਰਕਾਸ਼ ਚੌਟਾਲਾ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦਾ ਪੁੱਤਰ ਅਜੇ ਚੌਟਾਲਾ ਮੌਜੂਦਾ ਵਿਧਾਇਕ ਹਨ ਅਤੇ ਜੇਕਰ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ‘ਤੇ ਰੋਕ ਨਾ ਲਾਈ ਤਾਂ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਣਗੇ। ਲੋਕ ਪ੍ਰਤੀਨਿਧ ਕਾਨੂੰਨ ਤਹਿਤ ਕੋਈ ਵੀ ਵਿਅਕਤੀ ਜਿਸ ਨੂੰ ਦੋ ਸਾਲ ਤੋਂ ਵੱਧ ਕੈਦ ਦੀ ਸਜ਼ਾ ਹੁੰਦੀ ਹੈ, ਤਾਂ ਉਹ ਸਜ਼ਾ ਸੁਣਾਏ ਜਾਣ ਤੋਂ ਲੈ ਕੇ ਆਪਣੀ ਰਿਹਾਈ ਦੇ 6 ਸਾਲ ਬਾਅਦ ਤਕ ਚੋਣ ਨਹੀਂ ਲੜ ਸਕਦਾ। ਅਦਾਲਤ ਨੇ ਇੰਡੀਅਨ ਲੋਕ ਦਲ ਦੇ ਨੇਤਾ ਸ੍ਰੀ ਚੌਟਾਲਾ ਨੂੰ ਮੁੱਖ ਸਾਜ਼ਿਸ਼ ਕਾਰ ਕਰਾਰ ਦਿੱਤਾ ਹੈ। ਇਨ੍ਹਾਂ ਪਿਓ-ਪੁੱਤ ਤੋਂ ਇਲਾਵਾ ਤਿੰਨ ਹੋਰ ਮੁੱਖ ਦੋਸ਼ੀਆਂ ਆਈ. ਏ. ਐਸ. ਅਧਿਕਾਰੀ ਸੰਜੀਵ ਕੁਮਾਰ, ਸ੍ਰੀ ਚੌਟਾਲਾ ਦਾ ਸਾਬਕਾ ਸਪੈਸ਼ਲ ਡਿਊਟੀ ਆਈ. ਏ. ਐਸ. ਅਧਿਕਾਰੀ ਵਿਦਿਆ ਧਰ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਸਲਾਹਕਾਰ ਸ਼ੇਰ ਸਿੰਘ ਬਦਸ਼ਮੀ ਨੂੰ ਵੀ ਇਸ ਮਾਮਲੇ ਵਿੱਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੰਜਾਂ ਮੁੱਖ ਦੋਸ਼ੀਆਂ ਤੋਂ ਇਲਾਵਾ ਅਦਾਲਤ ਨੇ ਇਕ ਔਰਤ ਸਮੇਤ ਚਾਰ ਹੋਰਨਾਂ ਨੂੰ ਵੀ 10-10 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਇਕ ਦੋਸ਼ੀ ਨੂੰ ਪੰਜ ਸਾਲ ਅਤੇ ਬਾਕੀ 45 ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਵਲੋਂ ਸਜ਼ਾ ਸੁਣਾਏ ਜਾਣ ਸਮੇਂ ਓਮ ਪ੍ਰਕਾਸ਼ ਚੌਟਾਲਾ ਅਦਾਲਤ ਵਿਚ ਮੌਜੂਦ ਨਹੀਂ ਸੀ ਕਿਉਂਕਿ ਪਿਛਲੇ ਹਫਤੇ ਹਿਰਾਸਤ ‘ਚ ਲਏ ਜਾਣ ਸਮੇਂ ਤੋਂ ਹੀ ਉਹ ਹਸਪਤਾਲ ਦਾਖਲ ਹਨ ਜਦਕਿ ਉਨ੍ਹਾਂ ਦਾ ਪੁੱਤਰ ਅਤੇ ਦੂਸਰੇ ਦੋਸ਼ੀ ਅਦਾਲਤ ਵਿੱਚ ਮੌਜੂਦ ਸਨ।